ਬਿਜਲੀ ਕਾਰਪੋਰੇਸ਼ਨ ਨੇ ਪਟਿਆਲਾ ਦੀ ਕੇਂਦਰੀ ਜੇਲ ਪਟਿਆਲਾ ਤੇ ਦੋ ਪੁਲਿਸ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟੇ
ਪਟਿਆਲਾ, 9 ਦਸੰਬਰ : ਪੰਜਾਬ ਰਾਜ ਬਿਜਲੀ ਕਾਰਪੋਰਸ਼ਨ ਲਿਮਟਿਡ ਨੇ ਕੇਂਦਰੀ ਜੇਲ ਪਟਿਆਲਾ ਅਤੇ ਸ਼ਹਿਰ ਦੇ ਦੋ ਪੁਲਿਸ ਥਾਣਿਆਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ।
ਬਿਜਲੀ ਕਾਰਪੋਰੇਸ਼ਨ ਦੇ ਐਕਸੀਅਨ ਏ ਐਸ ਢੀਂਡਸਾ ਨੇ ਕੁਨੈਕਸ਼ਨ ਕੱਟਣ ਦੀ ਪੁਸ਼ਟੀ ਕੀਤੀ ਹੈ। ਕਾਰਪੋਰੇਸ਼ਨ ਅਫਸਰਾਂ ਮੁਤਾਬਕ ਪਟਿਆਲਾ ਕੇਂਦਰੀ ਜੇਲ ਵੱਲ 1 ਕਰੋੜ 60 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ ਅਤੇ ਥਾਣਾ ਸਿਵਲ ਲਾਈਨ ਦਾ 5 ਲੱਖ ਰੁਪਏ ਅਤੇ ਪੁਲਿਸ ਚੌਂਕੀ ਮਾਡਲ ਟਾਊਨ ਦਾ ਡੇਢ ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਖੜਾ ਹੈ।
ਕਾਰਪੋਰੇਸ਼ਨ ਵੱਲੋਂ ਕੁਨੈਕਸ਼ਟ ਕੱਟੇ ਜਾਣ 'ਤੇ ਅੱਜ ਜੇਲ ਸੁਪਰਡੈਂਟ ਵੱਲੋਂ ਚੇਅਰਮੇਨ ਇੰਜ. ਬਲਦੇਵ ਸਿੰਘ ਸਰਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਲਿਖਤੀ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਬਕਾਇਆ ਬਿੱਲ ਦੀ ਅਦਾਇਗੀ ਕਰ ਦਿੱਤਾ ਜਾਵੇਗਾ। ਇਸ ਲਿਖਤੀ ਭਰੋਸੇ ਦੇ ਆਧਾਰ 'ਤੇ ਬਿਜਲੀ ਕੁਨੈਕਸ਼ਨ ਅੱਜ ਸ਼ਾਮ ਤੱਕ ਆਰਜ਼ੀ ਤੌਰ 'ਤੇ ਚਲਾ ਦਿੱਤਾ ਜਾਵੇਗਾ ਕਿਉਂਕਿ ਜੇਲ ਵਿਚ ਕੈਦੀਆਂ ਦਾ ਮਾਮਲਾ ਤੇ ਸੁਰੱਖਿਆ ਦੇ ਮਸਲੇ ਹਨ। ਉਹਨਾਂ ਕਿਹਾ ਕਿ ਜੇਕਰ ਅਦਾਇਗੀ ਨਾ ਹੋਈ ਤਾਂ ਫਿਰ ਭਵਿੱਖੀ ਕਾਰਵਾਈ ਕੀਤੀ ਜਾਵੇਗੀ।