ਚੰਡੀਗੜ੍ਹ, 9 ਅਕਤੂਬਰ 2019- ਸਾਂਝਾ ਮੁਲਾਜ਼ਮ ਮੰਚ, ਪੰਜਾਬ ਅਤੇ ਯੂ.ਟੀ. ਵੱਲੋਂ ਦਾਖਾ ਅਤੇ ਮੁਕੇਰੀਆਂ ਦੀਆਂ ਰੈਲੀਆਂ ਦੇ ਐਲਾਨ ਦੇ ਚਲਦੇ ਸਰਕਾਰ ਵੱਲੋਂ ਮੰਚ ਨੂੰ ਗੱਲ ਬਾਤ ਲਈ ਅੱਜ ਪੰਜਾਬ ਭਵਨ ਵਿਖੇ ਬੁਲਾਇਆ ਗਿਆ। ਸਰਕਾਰ ਦੇ ਨੂਮਾਂਇੰਦਿਆਂ ਵੱਲੋਂ ਮੰਚ ਦੇ ਕਨਵੀਨਰਾਂ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਮੁਲਾਜ਼ਮਾਂ ਦੀਆਂ ਬਹੁਤੀਆਂ ਮੰਗਾਂ ਸਬੰਧੀ ਸਰਕਾਰ ਦੇ ਨੁਮਾਂਇੰਦਿਆਂ ਵੱਲੋਂ ਸਾਰਥਕ ਹੱਲ ਕੱਢਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਹਫਤਾਵਾਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਜਿਸਦੀ ਸ਼ੁਰੂਆਤ ਵਜੋਂ ਮੰਚ ਨਾਲ ਮਿਤੀ 14.10.2019 ਨੂੰ ਪ੍ਰਸੋਨਲ ਅਤੇ ਆਮ ਰਾਜ ਪ੍ਰਬੰਧ ਵਿਭਾਗ ਦੇ ਨੁਮਾਂਇੰਦਿਆਂ ਨਾਲ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਗਰੁੱਪ ਆਫ ਮਨਿਸਟਰਜ਼ ਵੱਲੋਂ ਮਿਤੀ 27.02.2019 ਨੂੰ ਮੰਨੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਨਾਲ ਦੀ ਨਾਲ ਇਨ੍ਹਾਂ ਸਬੰਧੀ ਲੋੜੀਂਦੇ ਪੱਤਰ ਜਾਰੀ ਕਰਵਾਉਣ ਲਈ ਪਹਿਲ ਕਦਮੀ ਕੀਤਾ ਜਾਵੇਗੀ।
ਅੱਜ ਸਰਕਾਰ ਦੇ ਨੁਮਾਂਇੰਦਿਆਂ ਵੱਲੋਂ ਆਉਣ ਵਾਲੀਆਂ ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਮੁਲਾਜ਼ਮ ਜੱਥੇਬੰਦੀਆਂ ਨਾਲ ਗੱਲ ਬਾਤ ਕਰਦਿਆਂ ਸਰਕਾਰ ਦੇ ਬਹੁਤ ਹੀ ਸੀਨੀਅਰ ਅਧਿਕਾਰੀਆਂ ਦੇ ਪੈਨਲ ਬਣਾਇਆ ਗਿਆ। ਇਨ੍ਹਾਂ ਅਧਿਕਾਰੀਆਂ ਵੱਲੋਂ ਮੰਚ ਦੇ ਨੁਮਾਂਇੰਦਿਆਂ ਨਾਲ ਗੱਲ ਬਾਤ ਕਰਦਿਆਂ ਬਹੁਤੀਆਂ ਮੰਗਾਂ ਨੂੰ ਜਾਇਜ਼ ਦੱਸਿਆ ਅਤੇ ਮੰਚ ਨੂੰ ਆਸ਼ਵਾਸਨ ਦਿੱਤਾ ਕਿ ਜਲਦੀ ਹੀ ਇਨ੍ਹਾਂ ਮੰਗਾਂ ਸਬੰਧੀ ਸਬੰਧਤ ਵਿਭਾਗਾਂ ਨਾਲ ਰਾਬਤਾ ਕਾਇਮ ਕਰਕੇ ਲੋੜੀਂਦੇ ਪੱਤਰ ਜਾਰੀ ਕਰਵਾਏ ਜਾਣਗੇ। ਦੱਸਣਯੋਗ ਹੈ ਕਿ ਸਾਂਝਾ ਮੁਲਾਜ਼ਮ ਮੰਚ ਵੱਲੋਂ ਮਿਤੀ 14.10.2019 ਨੂੰ ਮੁਕੇਰੀਆਂ ਅਤੇ ਮਿਤੀ 16.10.2019 ਨੂੰ ਮੁਲਾਂਪੁਰ ਦਾਖਾ ਵਿਖੇ ਸਰਕਾਰ ਵਿਰੁੱਧ ਜ਼ੋਰਦਾਰ ਰੈਲੀਆਂ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਦੇ ਨੁਮਾਂਇੰਦਿਆਂ ਵੱਲੋਂ ਮੰਚ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਅਤੇ ਅਪੀਲ ਕੀਤੀ ਕਿ ਉਹ ਮਿਤੀ 14.10.2019 ਅਤੇ ਮਿਤੀ 16.10.2019 ਦੀਆਂ ਰੈਲੀਆਂ ਮੁਲਤਵੀ ਕਰ ਦੇਣ। ਸਰਕਾਰ ਨਾਲ ਮੀਟੰਗ ਉਪਰੰਤ ਮੁਲਾਜ਼ਮ ਮੰਚ ਦੇ ਕਨਵੀਨਰਾਂ ਅਤੇ ਹਾਈ ਪਾਵਰਡ ਕਮੇਟੀ ਵੱਲੋਂ ਇਨ੍ਹਾਂ ਰੈਲੀਆਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਫੈਸਲਾ ਕੀਤਾ ਕਿ ਇਨ੍ਹਾਂ ਰੈਲੀਆਂ ਨੂੰ ਮੰਗਾਂ ਸਬੰਧੀ ਪੱਤਰ ਜਾਰੀ ਹੋਣ ਤੱਕ ਮੁਲਤਵੀ ਨਹੀਂ ਕੀਤਾ ਜਾਵੇਗਾ। ਸਾਂਝੇ ਮੰਚ ਵੱਲੋਂ ਸਾਲ 2018 ਤੋਂ ਬਾਅਦ ਡੀ.ਏ. ਦੀਆਂ ਬਕਾਇਆ ਕਿਸ਼ਤਾਂ, ਡੀ.ਏ. ਦਾ ਬਕਾਇਆ ਏਰੀਅਰ, ਮਿਤੀ 10.03.2019 ਨੂੰ ਜਾਰੀ ਪੱਤਰਾਂ ਰਾਹੀਂ ਬਣਾਈਆਂ ਗਈਆਂ ਕਮੇਟੀਆਂ ਦੀ ਰਿਪੋਰਟ ਪੇਸ਼ ਕਰਵਾਉਣੀ, ਸਾਲ 2004 ਤੋਂ ਬਾਅਦ ਭਰਤੀ ਕਰਮਚਾਰੀਆਂ ਲਈ ਨਵੀਂ ਪੈਨਸ਼ਨ, ਡੀ.ਸੀ.ਆਰ.ਜੀ ਆਦਿ ਸਬੰਧੀ ਅਫਸਰਾਂ ਦੇ ਸਨਮੁੱਖ ਮੁਲਾਜ਼ਮਾਂ ਦਾ ਪੱਖ ਬਹੁਤ ਜ਼ੋਰਦਾਰ ਢੰਗ ਨਾਲ ਰੱਖਿਆ ਅਤੇ ਸਰਕਾਰ ਦੇ ਅਫਸਰਾਂ ਵੱਲੋਂ ਵੀ ਇਨ੍ਹਾਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਆਉਣ ਵਾਲੇ ਸਮੇਂ ਵਿੱਚ ਢੁੱਕਵਾਂ ਹੱਲ ਕਢਣ ਲਈ ਵਚਨਬੱਧਤਾ ਜਾਹਿਰ ਕੀਤੀ। ਇਸ ਮੀਟਿੰਗ ਵਿੱਚ ਕਨਵੀਨਰ ਸ. ਮੇਘ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਸਿੱਧੂ, ਬਲਦੇਵ ਸਿੰਘ ਬੁੱਟਰ, ਗੁਰਮੀਤ ਸਿੰਘ ਵਾਲੀਆ, ਗੁਰਨਾਮ ਸਿੰਘ ਵਿਰਕ, ਖੁਸ਼ਵਿੰਦਰ ਕਪਿਲਾ, ਸੁਖਜੀਤ ਸਿੰਘ, ਬਲਰਾਜ ਸਿੰਘ ਦਾਊਂ, ਮਨਜੀਤ ਸਿੰਘ ਰੰਧਾਵਾ, ਕਰਮ ਸਿੰਘ ਧਨੋਆ, ਗੁਰਸ਼ਰਨਜੀਤ ਸਿੰਘ ਹੁੰਦਲ, ਅਮਰ ਬਹਾਦਾਰ ਸਿੰਘ, ਮਨਦੀਪ ਸਿੰਘ ਸਿੱਧੂ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ ਸਿੱਧੂ, ਸੁਸ਼ੀਲ ਕੁਮਾਰ, ਗੁਰਪ੍ਰੀਤ ਸਿੰਘ ਗਰਚਾ, ਸੁਖਚੈਨ ਸਿੰਘ ਖਹਿਰਾ ਆਦਿ ਨੇ ਭਾਗ ਲਿਆ।