ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 15 ਸਤੰਬਰ -ਹਾਲ ਹੀ ਵਿਚ ਅਮਰੀਕਾ ਦਾ ਦੌਰਾ ਕਰਕੇ ਵਤਨ ਪਰਤੇ ਉੱਘੇ ਸਿੱਖ ਚਿੰਤਕ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਮਰੀਕੀ ਸਿੱਖਾਂ ਵਲੋਂ ਵਾਸ਼ਿੰਗਟਨ ਦੇ ਸ਼ਹਿਰ ਬੈਲੀਗਮ ਵਿਖੇ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ ਤੇ ਅਮਰੀਕਾ ਦੀ ਸਿੱਖ ਧਰਮਾ ਇੰਟਰਨੈਸ਼ਨਲ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਪੁਜੀ ਸਾਹਿਬ ਨੂੰ ਵੱਖ-ਵੱਖ 20 ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਵਿਸ਼ੇਸ਼ ਕਾਰਜ ਕੀਤਾ ਜਾ ਰਿਹਾ ਹੈ।
ਅੱਜ ਇੱਥੇ ਗੱਲਬਾਤ ਕਰਦਿਆਂ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ 550 ਸਾਲਾ ਸ਼ਤਾਬਦੀ ਸਮਾਗਮਾਂ 'ਚ ਵੀ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਜਥਾ ਸ਼ਾਮਿਲ ਹੋਵੇਗਾ। ਉਨ•ਾਂ ਦੱਸਿਆ ਕਿ ਅਮਰੀਕਾ ਸਮੇਤ ਸਮੁੱਚੇ ਵਿਸ਼ਵ ਅੰਦਰ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਨ•ਾਂ ਆਪਣੀ ਅਮਰੀਕੀ ਫ਼ੇਰੀ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਜਾ ਕੇ ਸਿੱਖ ਪ੍ਰਤੀਨਿਧਾਂ ਨਾਲ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਚਾਰ-ਵਟਾਂਦਰਾਂ ਵੀ ਕੀਤਾ। ਉਨ•ਾਂ ਦੱਸਿਆ ਕਿ ਵਾਸ਼ਿੰਗਟਨ ਦੇ ਸ਼ਹਿਰ ਬੈਲੀਗਮ ਵਿਖੇ ਇਕ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਸਬੰਧੀ ਗੁਰੂ ਘਰ ਦੇ ਸ਼ਰਧਾਲੂ ਮਨਜੀਤ ਸਿੰਘ ਵਿਸ਼ੇਸ਼ ਤੌਰ 'ਤੇ ਕਾਰਜਸ਼ੀਲ ਹਨ ਤੇ ਉਨ•ਾਂ ਨੇ ਯੂਨੀਵਰਸਿਟੀ ਲਈ 130 ਏਕੜ ਦੇ ਕਰੀਬ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਲਗਵਾਈ ਹੈ।
ਇਸ ਯੂਨੀਵਰਸਿਟੀ ਵਿਚ ਸਿੱਖ ਧਰਮ, ਗੁਰਮਤਿ ਸੰਗੀਤ, ਸਿੱਖ ਫ਼ਲਸਫੇ, ਰਹਿਣੀ ਅਤੇ ਕਦਰਾਂ-ਕੀਮਤਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ। ਉਨ•ਾਂ ਦੱਸਿਆ ਇਹ ਯੂਨੀਵਰਸਿਟੀ ਜਿਸ ਦੀ ਸਥਾਪਨਾ ਸਬੰਧੀ ਅਰਦਾਸ ਸਮਾਗਮ ਹੋ ਚੁੱਕਾ ਹੈ, ਲਈ ਯਤਨ ਕਰ ਰਹੇ ਸਥਾਨਕ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਰਹਿਤ ਮਰਿਯਾਦਾ ਅਨੁਸਾਰ ਚੱਲਣ ਦਾ ਪ੍ਰਣ ਕੀਤਾ ਹੈ। ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਅਮਰੀਕਾ ਅੰਦਰ ਸੰਗਤਾਂ ਵਲੋਂ ਵਿਸ਼ਾਲ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। ਇਸ ਤਹਿਤ ਇਕ ਸਮਾਗਮ ਨਿਊਜਰਸੀ ਵਿਖੇ ਕਰਵਾਇਆ ਗਿਆ, ਜਿਸ 'ਚ ਉਹ ਵੀ ਸ਼ਾਮਿਲ ਹੋਏ ਸਨ। ਉਨ•ਾਂ ਦੱਸਿਆ ਕਿ ਪ੍ਰਸਿੱਧ ਰਾਗੀ ਭਾਈ ਕੰਵਰਜੀਤ ਸਿੰਘ ਸ਼ਾਂਤ ਦੇ ਉੱਦਮ ਨਾਲ ਹੋਏ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਇਸ 'ਚ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਨੂੰ ਉਨ•ਾਂ ਵਲੋਂ ਉਚਾਰੇ 19 ਰਾਗਾਂ 'ਚ ਗਾਇਨ ਕੀਤਾ ਗਿਆ। ਉਨ•ਾਂ ਦੱਸਿਆ ਕਿ ਸਿੰਘ ਸਾਹਿਬ ਭਾਈ ਹਰਭਜਨ ਸਿੰਘ ਯੋਗੀ ਵੱਲੋਂ ਚਲਾਈ ਗਈ ਸਿੱਖ ਧਰਮਾ ਇੰਟਰਨੈਸ਼ਨਲ ਵਲੋਂ ਡਾ. ਬੀਬੀ ਇੰਦਰਜੀਤ ਕੌਰ ਅਤੇ ਬੀਬੀ ਗੁਰਅੰਮ੍ਰਿਤ ਕੌਰ ਦੀ ਦੇਖ-ਰੇਖ ਹੇਠ ਦੁਨੀਆ ਦੀਆਂ 20 ਪ੍ਰਮੁੱਖ ਭਾਸ਼ਾਵਾਂ 'ਚ ਜਪੁਜੀ ਸਾਹਿਬ ਦੇ ਅਨੁਵਾਦ ਦਾ ਕਾਰਜ ਕੀਤਾ ਜਾ ਰਿਹਾ ਹੈ, ਜਿਸ ਨੂੰ 8 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਅੰਤਰ ਧਰਮ ਸੰਮੇਲਨ ਦੌਰਾਨ ਸੰਗਤ ਅਰਪਣ ਕੀਤਾ ਜਾਵੇਗਾ।