ਐਸ.ਕੇ.ਐਮ. (ਗੈਰ-ਸਿਆਸੀ) ਦਾ ਵੱਡਾ ਐਲਾਨ: 13 ਨਵੰਬਰ ਨੂੰ ਪੰਜਾਬ ਭਰ ਵਿੱਚ ਕੱਢਿਆ ਜਾਵੇਗਾ "ਨਸ਼ਾ ਭਜਾਓ, ਪੰਜਾਬ ਬਚਾਓ" ਮਾਰਚ
ਬਲਜੀਤ ਸਿੰਘ
ਹਰੀਕੇ ਪੱਤਣ/ਚੰਡੀਗੜ੍ਹ, 1 ਨਵੰਬਰ, 2026 (): ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਭਾਰਤ ਦੇ ਪੰਜਾਬ ਅਤੇ ਹਰਿਆਣਾ ਚੈਪਟਰ ਦੀ ਇੱਕ ਅਹਿਮ ਮੀਟਿੰਗ ਹਰੀਕੇ ਪੱਤਣ ਵਿਖੇ ਲਖਵਿੰਦਰ ਸਿੰਘ ਔਲਖ ਅਤੇ ਬਚਿੱਤਰ ਸਿੰਘ ਕੋਟਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ, ਸਹਿਕਾਰੀ ਸੁਸਾਇਟੀਆਂ ਦੇ ਨਿਯਮਾਂ ਅਤੇ ਨਕਲੀ ਦੁੱਧ ਦੇ ਕਾਰੋਬਾਰ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਕਈ ਅਹਿਮ ਸੰਘਰਸ਼ਾਂ ਦਾ ਐਲਾਨ ਕੀਤਾ ਗਿਆ।
ਮੀਟਿੰਗ ਵਿੱਚ ਲਏ ਗਏ ਮੁੱਖ ਫ਼ੈਸਲੇ ਇਸ ਪ੍ਰਕਾਰ ਹਨ:
5 ਨਵੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ: ਮਾਨਸਾ ਮੋਰਚੇ ਦੀ ਐਕਸ਼ਨ ਕਮੇਟੀ ਵੱਲੋਂ 5 ਨਵੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਦਿੱਤੇ ਗਏ ਘਿਰਾਓ ਦੇ ਸੱਦੇ ਨੂੰ ਪੂਰਨ ਸਮਰਥਨ ਦਿੰਦਿਆਂ ਐਸ.ਕੇ.ਐਮ. (ਗੈਰ-ਸਿਆਸੀ) ਨਾਲ ਜੁੜੀਆਂ ਸਮੂਹ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਨਸ਼ਿਆਂ ਖ਼ਿਲਾਫ਼ ਜਾਨਾਂ ਵਾਰਨ ਵਾਲੇ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਮਾਨਸਾ ਮੋਰਚੇ ਦੀ ਹਮਾਇਤ ਕਰਨ 'ਤੇ ਜ਼ੋਰ ਦਿੱਤਾ।
13 ਨਵੰਬਰ ਨੂੰ "ਨਸ਼ਾ ਭਜਾਓ, ਪੰਜਾਬ ਬਚਾਓ" ਮਾਰਚ: ਪੰਜਾਬ ਵਿੱਚੋਂ ਨਸ਼ਾ ਤਸਕਰੀ ਅਤੇ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ 13 ਨਵੰਬਰ (ਸ਼ੁੱਕਰਵਾਰ) ਨੂੰ ਪੰਜਾਬ ਭਰ ਵਿੱਚ ਇੱਕ ਵਿਸ਼ਾਲ ਮਾਰਚ ਕੱਢਿਆ ਜਾਵੇਗਾ। ਇਸ ਦੌਰਾਨ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਕਾਫ਼ਲਿਆਂ 'ਤੇ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੀਆਂ ਤਸਵੀਰਾਂ ਲਗਾ ਕੇ ਸੂਬੇ ਵਿੱਚ ਜਾਗਰੂਕਤਾ ਲਹਿਰ ਪੈਦਾ ਕੀਤੀ ਜਾਵੇਗੀ, ਜਿਸ ਦੀਆਂ ਤਿਆਰੀਆਂ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਕੋਆਪਰੇਟਿਵ ਸੁਸਾਇਟੀਆਂ ਅਤੇ ਨਕਲੀ ਦੁੱਧ ਵਿਰੁੱਧ ਸੰਘਰਸ਼: ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕੋਆਪਰੇਟਿਵ ਬੈਂਕਾਂ ਅਤੇ ਸੁਸਾਇਟੀਆਂ ਦੇ ਨਿਯਮਾਂ ਵਿੱਚ ਕੀਤੇ ਜਾ ਰਹੇ ਬਦਲਾਅ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਸੁਸਾਇਟੀਆਂ ਕਿਸਾਨਾਂ ਦੀਆਂ ਮੁੱਢਲੀਆਂ ਲੋੜਾਂ (ਖਾਦ, ਬੀਜ ਆਦਿ) ਪੂਰੀਆਂ ਕਰਦੀਆਂ ਹਨ, ਜਿਨ੍ਹਾਂ ਨੂੰ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤਿਉਹਾਰਾਂ ਦੇ ਸੀਜ਼ਨ ਵਿੱਚ ਵਿਕ ਰਹੇ ਨਕਲੀ ਦੁੱਧ ਅਤੇ ਖ਼ਾਧ ਪਦਾਰਥਾਂ ਕਾਰਨ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਅਤੇ ਕਿਸਾਨਾਂ ਨੂੰ ਅਸਲੀ ਦੁੱਧ ਦਾ ਸਹੀ ਭਾਅ ਨਾ ਮਿਲਣ ਦੇ ਮੁੱਦੇ 'ਤੇ ਵੀ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ।
ਮੀਟਿੰਗ ਵਿੱਚ ਇੰਦਰਜੀਤ ਸਿੰਘ ਕੋਟਬੁੱਢਾ, ਬਚਿੱਤਰ ਸਿੰਘ ਕੋਟਲਾ ਅਤੇ ਲਖਵਿੰਦਰ ਸਿੰਘ ਔਲਖ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਸਨ।
- Download Babushahi App
-
-