ਪਿੰਡ ਛਲੇੜੀ ਕਲਾਂ ਦੀ ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈ ਕੇ ਪ੍ਰਸ਼ਾਸਨ ਤੇ ਕਿਸਾਨਾਂ ਦਰਮਿਆਨ ਤਕਰਾਰ ਵਧੀ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪੰਚਾਇਤੀ ਜਮੀਨ ਦੀ ਬੋਲੀ ਰੱਦ ਕਰਨ ਦੀ ਕੀਤੀ ਅਪੀਲ
ਗੁਰਪ੍ਰੀਤ ਸਿੰਘ ਜਖਵਾਲੀ।
ਫਤਿਹਗੜ ਸਾਹਿਬ 26 ਜੂਨ 2026:-ਪਿੰਡ ਛਲੇੜੀ ਕਲਾਂ ਦੀ ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈ ਕੇ ਪਿੰਡ ਵਾਸੀਆਂ ਤੇ ਜਿਲ੍ਹਾ ਪ੍ਰਸ਼ਾਸਨ ਦਰਮਿਆਨ ਤਕਰਾਰ ਕਾਫੀ ਵਧ ਗਈ ਜਿਸ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਜਖਵਾਲੀ ਨੇੜੇ ਸੜਕ ਤੇ ਧਰਨਾ ਦੇ ਕੇ ਰੋਡ ਜਾਮ ਕੀਤਾ।
ਪਿੰਡ ਵਾਸੀਆਂ ਵੱਲੋਂ ਲਗਾਏ ਧਰਨੇ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਹਲਕਾ ਇੰਚਾਰਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਬਲਜੀਤ ਸਿੰਘ ਭੁੱਟਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਿੰਡ ਦੀ ਪੰਚਾਇਤੀ ਜਮੀਨ ਦੀ ਬੋਲੀ ਰੱਦ ਕੀਤੀ ਜਾਵੇ। ਉਹਨਾਂ ਕਿਹਾ ਕਿ ਪਿੰਡ ਦੇ ਲੋਕ ਲੰਮੇ ਸਮੇਂ ਤੋਂ ਇਸ ਜਮੀਨ ਤੇ ਕਾਬਜ ਹਨ ਤੇ ਜ਼ਮੀਨ ਦੀ ਬੋਲੀ ਵੀ ਨਹੀਂ ਹੋ ਰਹੀ, ਪਰੰਤੂ ਸਰਕਾਰ ਦੇ ਇਸ਼ਾਰੇ ਤੇ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੀ ਰੋਜ਼ੀ ਰੋਟੀ ਖੋ ਰਹੇ ਹਨ। ਸ. ਭੁੱਟਾ ਨੇ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਆਪ ਨੂੰ ਕਿਸਾਨ ਹਤਿਆਸ਼ੀ ਦੱਸਦੇ ਹਨ ਅਤੇ ਦੂਜੇ ਪਾਸੇ ਉਹਨਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਤੋਂ ਧੱਕੇ ਨਾਲ ਜਮੀਨ ਖੋ ਕੇ ਉਹਨਾਂ ਨੂੰ ਬੇਘਰ ਕਰਨ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਲੋਕਾਂ ਨਾਲ ਇਸ ਤਰ੍ਹਾਂ ਦਾ ਧੱਕਾ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗੀ ਅਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਮੌਕੇ ਤੇ ਐਸਡੀਐਮ ਫਤਿਹਗੜ੍ਹ ਸਾਹਿਬ ਸੁਰਿੰਦਰ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਫਿਕਸ ਕੀਤੀ ਗਈ ਜਿਸ ਵਿੱਚ ਮੁੱਖ ਸੇਵਾਦਾਰ ਹਲਕਾ ਇੰਚਾਰਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਬਲਜੀਤ ਸਿੰਘ ਭੁੱਟਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਹਲੋਤਾਲੀ ਪ੍ਰਧਾਨ ਯੂਥ ਵਿੰਗ ਹਲਕਾ ਸ਼੍ਰੀ ਫਤਿਹਗੜ ਸਾਹਿਬ, ਹਰਪ੍ਰੀਤ ਸਿੰਘ ਝਿੰਜਰਾ, ਬਲਜਿੰਦਰ ਸਿੰਘ, ਸਤਨਾਮ ਸਿੰਘ, ਸ਼ਰਨਜੀਤ ਸਿੰਘ ਚਨਾਰਥਲ, ਜੋਬਨਪ੍ਰੀਤ ਸਿੰਘ ਪੰਜੋਲਾ ਆਦਿ ਹਾਜਰ ਸਨ।
- Download Babushahi App
-
-