ਵਿਸ਼ਵ ਸਾਈਕਲ ਦਿਵਸ : ਸਾਈਕਲਿੰਗ ਐਸੋਸੀਏਸ਼ਨ ਵੱਲੋਂ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਸਾਈਕਲ ਰੈਲੀ
ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨ ਅਤੇ ਸਿਹਤਮੰਦ ਜੀਵਨਸ਼ੈਲੀ ਲਈ ਕੀਤਾ ਪ੍ਰੇਰਿਤ
ਅਸ਼ੋਕ ਵਰਮਾ
ਬਠਿੰਡਾ, 14 ਜੂਨ 2026 :ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ, ਬਠਿੰਡਾ ਵਿਖੇ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੀਨੀਅਰ ਅਹੁਦੇਦਾਰ ਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ।
ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨਾ, ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ। ਜਾਗਰੂਕਤਾ ਸਾਈਕਲ ਰੈਲੀ ਵਿੱਚ ਨੌਜਵਾਨ ਲੜਕੇ-ਲੜਕੀਆਂ, ਪੁਰਸ਼ਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਇਸ ਮੌਕੇ ਲੀਗ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੀਆਂ ਮਹਿਲਾ ਸਾਈਕਲ ਸਵਾਰਾਂ ਨੇ ਭਾਗ ਲੈ ਕੇ ਆਪਣੀ ਕਾਬਲੀਅਤ, ਹੁਨਰ ਅਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਖਿਡਾਰੀਆਂ ਵਿੱਚ ਕਾਫ਼ੀ ਜੋਸ਼ ਅਤੇ ਰੋਮਾਂਚ ਦੇਖਣ ਨੂੰ ਮਿਲਿਆ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਸਬ ਜੂਨੀਅਰ ਵਰਗ ਵਿੱਚ ਸਿਮਰਤ ਕੌਰ ਨੇ ਪਹਿਲਾ, ਸੁਖਮਨਜੋਤ ਕੌਰ ਨੇ ਦੂਜਾ ਅਤੇ ਅਸ਼ਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਜੂਨੀਅਰ ਵਰਗ ਵਿੱਚ ਰੀਆ ਵਰਮਾ ਨੇ ਪਹਿਲਾ, ਜਸ਼ਨਦੀਪ ਕੌਰ ਨੇ ਦੂਜਾ ਅਤੇ ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅਲੀਟ ਵਰਗ ਵਿੱਚ ਸੋਨੀਆ ਗਰਗ ਨੇ ਪਹਿਲਾ, ਕਾਜਲ ਗੋਇਲ ਨੇ ਦੂਜਾ ਅਤੇ ਸਰਬਜੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਬਖਸ਼ੀਸ਼ ਸਿੰਘ ਨੇ ਕਿਹਾ ਕਿ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਮਹਿਲਾਵਾਂ ਲਈ ਇੱਕ ਵਧੀਆ ਮੰਚ ਸਾਬਤ ਹੋ ਰਹੀ ਹੈ, ਜਿਸ ਰਾਹੀਂ ਉਹ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਈਕਲਿੰਗ ਸਿਰਫ਼ ਇੱਕ ਖੇਡ ਨਹੀਂ, ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨਸ਼ੈਲੀ ਦਾ ਅਹਿਮ ਹਿੱਸਾ ਹੈ।
ਬਖਸ਼ੀਸ਼ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਖੇਡ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਲਈ ਐਸੋਸੀਏਸ਼ਨ ਵੱਲੋਂ ਲਗਾਤਾਰ ਟ੍ਰੇਨਿੰਗ ਕੈਂਪ, ਮੁਕਾਬਲੇ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ ਸੂਬੇ ਦੀਆਂ ਹੋਣਹਾਰ ਖਿਡਾਰਣਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਨੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ਼੍ਰੀ ਪੰਕਜ ਸਿੰਘ, ਚੇਅਰਮੈਨ ਸ੍ਰ. ਓਂਕਾਰ ਸਿੰਘ, ਸਕੱਤਰ ਜਨਰਲ ਸ੍ਰ. ਮਨਿੰਦਰਪਾਲ ਸਿੰਘ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਅਤੇ ਜਨਰਲ ਸਕੱਤਰ ਸ਼੍ਰੀ ਜਗਦੀਪ ਸਿੰਘ ਦਾ ਇਸ ਮਹੱਤਵਪੂਰਨ ਈਵੈਂਟ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਅਤੇ ਬਠਿੰਡਾ ਸਾਈਕਲਿੰਗ ਗਰੁੱਪ ਦੇ ਸ਼੍ਰੀ ਪ੍ਰੀਤ ਬਰਾੜ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਅਤੇ ਉਹਨਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ
ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਬਠਿੰਡਾ ਦੇ ਅਹੁਦੇਦਾਰ, ਕੋਚ, ਖਿਡਾਰੀ ਅਤੇ ਹੋਰ ਖੇਡ ਪ੍ਰੇਮੀ ਵੀ ਮੌਜੂਦ ਰਹੇ।
ਸਮਾਗਮ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਹ ਸਮਾਗਮ ਮਹਿਲਾ ਸਸ਼ਕਤੀਕਰਨ ਅਤੇ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।
- Download Babushahi App
-
-