ਭਾਰਤੀ ਕਮਿਊਨਿਸਟ ਪਾਰਟੀ ਨੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਮਈ ਦਿਵਸ
ਅਸ਼ੋਕ ਵਰਮਾ
ਬਠਿੰਡਾ, 1 ਮਈ 2026: ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਬਠਿੰਡਾ ਵੱਲੋਂ ਮਜ਼ਦੂਰ ਦਿਵਸ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਅਤੇ ਝੰਡਾ ਚੜ੍ਹਾਉਣ ਦੀ ਰਸਮ ਵੀ ਕੀਤੀ ਗਈ। ਪਾਰਟੀ ਦਫਤਰ ਧਰਮ ਸਿੰਘ ਫੱਕਰ ਭਵਨ ਵਿਖੇ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਿਲਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਗੁਲਾਮ ਯੁਗ ਤੋਂ ਲੈ ਕੇ ਸਦੀਆਂ ਤੱਕ ਮਜ਼ਦੂਰਾਂ ਉੱਪਰ ਭਾਰੀ ਜ਼ੁਲਮ ਕੀਤੇ ਜਾਂਦੇ ਸਨ ਤੇ ਉਹਨਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਸੀ। ਕਾਰਲ ਮਾਰਕਸ ਦੀ ਇਨਕਲਾਬੀ ਵਿਚਾਰਧਾਰਾ ਨਾਲ ਮਜ਼ਦੂਰਾਂ ਅੰਦਰ ਚੇਤਨਤਾ ਦਾ ਵਿਕਾਸ ਹੋਇਆ। ਇਸ ਚੇਤਨਤਾ ਨਾਲ ਮਜ਼ਦੂਰਾਂ ਅੰਦਰ ਆਪਣੇ ਹੱਕ ਹਾਸਲ ਕਰਨ ਲਈ ਇਨਕਲਾਬ ਦੀ ਲਹਿਰ ਤੇਜ ਹੋਈ। ਮਜ਼ਦੂਰਾਂ ਨੇ ਭਾਰੀ ਕੁਰਬਾਨੀਆਂ ਅਤੇ ਸ਼ਹੀਦੀਆਂ ਦੇ ਕੇ ਹੱਕ ਹਕੂਕ ਹਾਸਲ ਕੀਤੇ ਹਨ। ਅੱਜ ਅਸੀਂ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ।
ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਾਮਰੇਡ ਬਰਾੜ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪੂੰਜੀਵਾਦੀ ਨੀਤੀਆਂ ਤੇ ਚਲਦਿਆਂ ਮਜ਼ਦੂਰਾਂ ਦੇ ਹੱਕਾਂ ਲਈ ਸੰਵਿਧਾਨ ਵਿੱਚ ਮਿਲੇ ਹੋਏ ਸਾਰੇ ਅਧਿਕਾਰਾਂ ਨੂੰ ਰੱਦ ਕਰਕੇ ਚਾਰ ਕੋਡ ਬਣਾ ਦਿੱਤੇ ਹਨ। ਜਿਨਾਂ ਵਿੱਚ ਮਜ਼ਦੂਰਾਂ ਦੇ ਕੰਮ ਦੇ ਘੰਟੇ, ਕੰਮ ਦੌਰਾਨ ਸੇਵਾ ਭੱਤਾ,ਦੁਰਘਟਨਾਵਾਂ ਹੋਣ ਤੇ ਮਜ਼ਦੂਰਾਂ ਲਈ ਬੀਮਾ ਸੁਰੱਖਿਆ, ਅਤੇ ਪੈਨਸ਼ਨ ਵਰਗੇ ਲਾਭਾਂ ਨੂੰ ਖਤਮ ਕਰ ਦਿੱਤਾ ਹੈ। ਵੱਡੇ ਪੱਧਰ ਤੇ ਠੇਕੇਦਾਰੀ ਪ੍ਰਬੰਧ ਲਾਗੂ ਕਰਕੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਇਆ ਜਾ ਰਿਹਾ ਹੈ।ਉਹਨਾਂ ਮੰਗ ਕੀਤੀ ਤੇ ਚਾਰ ਲੇਬਰ ਕੋਡ ਰੱਦ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਬਣੇ ਹੋਏ ਕਾਨੂੰਨ ਬਹਾਲ ਕੀਤੇ ਜਾਣ। ਠੇਕੇਦਾਰੀ ਸਿਸਟਮ ਬੰਦ ਕਰਕੇ ਹਰ ਨਾਗਰਿਕ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।
ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕੌਂਸਲ ਮੈਂਬਰ ਜਸਵੀਰ ਸਿੰਘ ਆਕਲੀਆ, ਬਲਾਕ ਸਕੱਤਰ ਮਿੱਠੂ ਸਿੰਘ ਘੁੱਦਾ,ਪੂਰਨ ਸਿੰਘ ਗੁੰਮਟੀ ਅਤੇ ਮੱਖਣ ਸਿੰਘ ਗੁਰੂਸਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਨਰੇਗਾ ਵਰਗੀ ਮਜ਼ਦੂਰ ਪੱਖੀ ਸਕੀਮ ਖਤਮ ਕਰਕੇ ਗਰੀਬ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਲਿਆ ਹੈ।ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਅਤੇ ਮਜ਼ਦੂਰਾਂ ਨੂੰ ਘੱਟੋ ਘੱਟ 300 ਦਿਨ ਦਾ ਰੁਜਗਾਰ ਪੂਰੇ ਸਾਲ ਵਿੱਚ ਦਿੱਤਾ ਜਾਵੇ।ਇਸ ਮੌਕੇ ਜਸਵੀਰ ਕੌਰ ਸਰਾਂ, ਗੁਰਜੰਟ ਸਿੰਘ ਕੋਟਸ਼ਮੀਰ,ਸੁਖਦੇਵ ਸਿੰਘ ਕੁੱਬੇ,ਰਾਜਾ ਸਿੰਘ ਦਾਨ ਸਿੰਘ ਵਾਲਾ,ਸੁਖਦੇਵ ਸਿੰਘ ਨਥਾਣਾ, ਰਣਜੀਤ ਸਿੰਘ ਮਹਿਰਾਜ, ਕੁਕਾ ਸਿੰਘ ਨਥਾਣਾ, ਦੇਸਾ ਸਿੰਘ ਭਾਗੀਵਾਂਦਰ ,ਮੇਜਰ ਸਿੰਘ ਤੁੰਗਵਾਲੀ, ਭਗਵੰਤ ਸਿੰਘ ਲਾਲੇਆਣਾ, ਹਰਦੀਪ ਸਿੰਘ ਮਾਈਸਰਖਾਨਾ,ਸੁਖਨ ਲਾਲ ਝੁੰਬਾ ਆਦਿ ਨੇ ਵੀ ਸੰਬੋਧਨ ਕੀਤਾ।
Click to Follow Babushahi Facebook page →