ਸਰਕਾਰੀ ਕਾਲਜ ਰੋਪੜ ਵਿਖੇ ਦੋ ਰੋਜ਼ਾ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸਬੰਧੀ ਵਰਕਸ਼ਾਪ
ਮਨਪ੍ਰੀਤ ਸਿੰਘ
ਰੂਪਨਗਰ, 20 ਅਪ੍ਰੈਲ:
ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਦੀ ਸਰਪਰਸਤੀ ਹੇਠ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈਲ ਦੇ ਯਤਨਾਂ ਸਦਕਾ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵੱਲੋਂ ਦੋ ਰੋਜ਼ਾ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ ਕੀਤੀ ਗਈ।
ਇਸ ਮੌਕੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਕਰੀਅਰ ਚੋਣ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਉਚੇਰੀ ਸਿੱਖਿਆ ਲਈ ਉਪਲਬਧ ਵੱਖ-ਵੱਖ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ।
ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਦੀ ਕਨਵੀਨਰ ਪ੍ਰੋਫੈਸਰ ਅਰਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਤਿੰਨ ਸੈਸ਼ਨ ਆਯੋਜਿਤ ਕੀਤੇ ਗਏ। ਪਹਿਲਾ ਸੈਸ਼ਨ “ਕਾਲਜ ਤੋਂ ਸਿਵਿਲ ਸਰਵਿਸ ਤੱਕ ਦਾ ਸਫਰ” ਵਿਸ਼ੇ ‘ਤੇ ਮਿਸਟਰ ਸ੍ਰਵਨ ਪੌਲ ਵੱਲੋਂ ਲਿਆ ਗਿਆ। ਦੂਜਾ ਸੈਸ਼ਨ ਬੈਂਕਿੰਗ ਪ੍ਰੀਖਿਆਵਾਂ ਬਾਰੇ ਮਿਸਟਰ ਅਮਿਤ ਚਰਖਵਾਲ ਵੱਲੋਂ ਲਿਆ ਗਿਆ, ਜਦਕਿ ਤੀਜਾ ਸੈਸ਼ਨ “ਰਿਜਿਊਮੇ ਬਣਾਉਣ” ਸਬੰਧੀ ਨਿਮਰ ਵੋਰਾ ਵੱਲੋਂ ਕਰਵਾਇਆ ਗਿਆ।
ਵਰਕਸ਼ਾਪ ਦੇ ਦੂਜੇ ਦਿਨ ਵਿਦਿਆਰਥੀਆਂ ਲਈ “ਰਿਜਿਊਮ ਤੋਂ ਰਿਕਰੂਟਮੈਂਟ ਤੱਕ ਦਾ ਸਫਰ” ਅਤੇ ਇੰਟਰਵਿਊ ਸਕਿਲਜ਼ ਸਬੰਧੀ ਸੈਸ਼ਨ ਕਾਲਜ ਦੇ ਪੁਰਾਤਨ ਵਿਦਿਆਰਥੀ ਗੁਰਪ੍ਰੀਤ ਸਿੰਘ ਵੱਲੋਂ ਲਿਆ ਗਿਆ, ਜੋ ਇਸ ਸਮੇਂ ਨਿਮਸ ਵਿੱਚ ਪਲੇਸਮੈਂਟ ਅਫਸਰ ਵਜੋਂ ਸੇਵਾ ਨਿਭਾ ਰਹੇ ਹਨ।
ਇਸ ਦੌਰਾਨ ਆਯੋਜਿਤ ਪਲੇਸਮੈਂਟ ਡਰਾਈਵ ਵਿੱਚ 13 ਪ੍ਰਮੁੱਖ ਕੰਪਨੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਦੀਆਂ ਇੰਟਰਵਿਊਜ਼ ਕੀਤੀਆਂ। ਇਸ ਵਿੱਚੋਂ 142 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ। ਸ਼ਾਮਲ ਕੰਪਨੀਆਂ ਵਿੱਚ ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ, ਐਕਸਿਸ ਬੈਂਕ, ਆਰ ਐਸ ਮੈਨ ਪਾਵਰ, ਡਿਜੀਟੈਕ, ਏਰੀਅਲ ਟੈਲੀਕੋਮ, ਯੂਨੀਵਰਸਲ ਇੰਟਰਨੈਸ਼ਨਲ, ਓਸ਼ੀਆਨਿਕ ਸਟਰੀਮ, ਹੀਲਿੰਗ ਗਰੂਵ, ਓਸ਼ੀਅਨ ਟੈਕਨੋਲੋਜੀ, ਬਾਊਟ ਟੈਕਨੋਲੋਜੀ, ਵੈਬ ਵਰਕ ਅਤੇ ਬੀਐਲਡੀ ਆਊਟਸੋਰਸਿੰਗ ਸ਼ਾਮਲ ਸਨ।
ਪਲੇਸਮੈਂਟ ਡਰਾਈਵ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਨ ਲਈ ਡਿਸਟ੍ਰਿਕਟ ਬਿਊਰੋ ਆਫ ਇਮਪਲੋਇਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਰੂਪਨਗਰ ਤੋਂ ਮੈਡਮ ਮੀਨਾਕਸ਼ੀ ਅਤੇ ਉਨ੍ਹਾਂ ਦੀ ਟੀਮ ਨੇ ਮਹੱਤਵਪੂਰਨ ਸਹਿਯੋਗ ਦਿੱਤਾ।
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਨਿਰਮਲ ਸਿੰਘ ਅਤੇ ਪ੍ਰੋਫੈਸਰ ਹਰਦੀਪ ਕੌਰ ਵੱਲੋਂ ਬਖੂਬੀ ਨਿਭਾਈ ਗਈ। ਸਮਾਰੋਹ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਅਤੇ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਪ੍ਰੋਗਰਾਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ।
Click to Follow Babushahi Facebook page →