ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਉਘੇ ਵਿਦਵਾਨ ਡਾ. ਅਮਰ ਕੋਮਲ ਦਾ ਦਿਹਾਂਤ
ਡਾ. ਕੋਮਲ ਪੰਜਾਬੀ ਮਾਂ ਬੋਲੀ ਤੇ ਸਾਹਿਤ ਦੇ ਨਿਸ਼ਕਾਮ ਸੇਵਕ ਸਨ— ਉਪ ਕੁਲਪਤੀ ਡਾ. ਜਗਦੀਪ ਸਿੰਘ
ਡਾ. ਕੋਮਲ ਦੇ ਜਾਣ ਨਾਲ ਪੰਜਾਬੀ ਬਾਲ ਸਾਹਿਤ ਦੇ ਪਿੜ ਨੂੰ ਵੱਡਾ ਘਾਟਾ — ਡਾ. ਦਰਸ਼ਨ ਸਿੰਘ ‘ਆਸ਼ਟ
ਪਟਿਆਲਾ, 8 ਅਪ੍ਰੈਲ 2026- ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਉਘੇ ਵਿਦਵਾਨ ਡਾ. ਅਮਰ ਕੋਮਲ (93) ਦਾ ਅੱਜ ਸਵੇਰੇ ਪਟਿਆਲਾ ਵਿਖੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸਸਕਾਰ ਅੱਜ ਬਡੂੰਗਰ ਸਮਸ਼ਾਨ ਘਾਟ ਵਿਖੇ ਬਾਦ ਦੁਪਹਿਰ ਕੀਤਾ ਗਿਆ। ਉਨ੍ਹਾਂ ਦੇ ਸਪੁੱਤਰ ਡਾ. ਸੰਜੀਵ ਕਾਲੀਆ ਅਤੇ ਪੋਤਰੇ ਡਾ. ਅੰਕਿਤ ਕਾਲੀਆ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਵਿਖਾਈ।
ਡਾ. ਅਮਰ ਕੋਮਲ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਡਾ. ਕੋਮਲ ਪੰਜਾਬੀ ਮਾਂ ਬੋਲੀ ਤੇ ਸਾਹਿਤ ਦੇ ਨਿਸ਼ਕਾਮ ਸੇਵਕ ਸਨ ਅਤੇੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਕਈ ਪੁਸਤਕਾਂ ਲਿਖ ਕੇ ਅਤੇ ਫਿਰ ਯੂਨੀਵਰਸਿਟੀ ਨੂੰ ਆਪਣੀ ਨਿੱਜੀ ਲਾਇਬ੍ਰੇਰੀ ਭੇਂਟ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ।ਉਨ੍ਹਾਂ ਦੀ ਤਰਫ਼ੋਂ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦੇ ਇੰਚਾਰਜ ਡਾ. ਅਮਿਤ ਮਿੱਤਲ ਨੇ ਮ੍ਰਿਤਕ ਦੇਹ ਉਪਰ ਸ਼ਾਲ ਨਾਲ ਅਦਬ ਸਤਿਕਾਰ ਭੇਂਟ ਕੀਤਾ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਕਿਹਾ ਕਿ ਡਾ. ਅਮਰ ਕੋਮਲ ਦੇ ਦਿਹਾਂਤ ਨਾਲ ਪੰਜਾਬੀ ਬਾਲ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਨਵੀਂ ਪੀੜ੍ਹੀ ਦੇ ਅਨੇਕ ਲੇਖਕਾਂ ਨੂੰ ਬਾਲ ਸਾਹਿਤ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਨਵੀਂ ਪੀੜ੍ਹੀ ਦੇ ਅਨੇਕ ਲੇਖਕਾਂ ਨੂੰ ਸਾਹਿਤ ਰਚਨਾ ਦੀ ਚੇਟਕ ਲਗਾਈ।
29 ਨਵੰਬਰ 1933 ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿਚ ਜੰਮੇ—ਪਲੇ ਡਾ. ਅਮਰ ਕੋਮਲ ਨੇ ਐਮ.ਏ. ਪੰਜਾਬੀ ਅਤੇ ਪੀ.ਐਚਡੀ. ਦੀਆਂ ਡਿਗਰੀਆਂ ਹਾਸਲ ਕਰਕੇ ਸਰਕਾਰੀ ਕਾਲਜਾਂ ਵਿਚ ਬਤੌਰ ਪੰਜਾਬੀ ਲੈਕਚਰਾਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਆਪਣੀ ਸਾਹਿਤ ਰਚਨਾ ਕਾਵਿ—ਸੰਗ੍ਰਹਿ ਨੂਰ ਦੇ ਫੁੱਲ* (1964) ਨਾਲ ਆਰੰਭ ਕੀਤੀ ਅਤੇ ਆਖ਼ਰੀ ਉਮਰ ਤੱਕ 20 ਕਾਵਿ ਸੰਗ੍ਰਹਿ, 24 ਨਿਬੰਧ ਸੰਗ੍ਰਹਿ, ਸੱਤ ਜੀਵਨੀਆਂ, ਦੋ ਕਾਵਿ ਜੀਵਨੀਆਂ, 10 ਕਹਾਣੀ ਸੰਗ੍ਰਹਿਆਂ ਅਤੇ 15 ਬਾਲ ਸਾਹਿਤ ਪੁਸਤਕਾਂ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਹਿਤਕ ਸਮੀਖਿਆ, ਸੰਪਾਦਨ,ਅਨੁਵਾਦ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਪੁਸਤਕ ਰਿਵੀਊ ਲਿਖੇ। ਉਨ੍ਹਾਂ ਦੀ ਸਵੈ ਜੀਵਨੀ ਵੱਖ ਵੱਖ ਭਾਗਾਂ ਵਿਚ ਠਰੀ ਚਾਨਣੀ ਦਾ ਗੀਤ ਅਤੇ ਆਤਮ ਤੋਂ ਅਨਾਤਮ ਦਾ ਚਿੰਨ ਕਰਦਿਆਂ, ਅਤੇ ਅਲਵਿਦਾ ਤੋਂ ਪਹਿਲਾਂ ਸਿਰਲੇਖਾਂ ਤਹਿਤ ਛਪੀ। ਉਨ੍ਹਾਂ ਨੂੰ ਭਾਸ਼ਾ ਵਿਭਾਗ,ਪੰਜਾਬ ਵੱਲੋਂ 1996 ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਪੁਰਸਕਾਰ, ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ, ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅਤੇ ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ* ਆਦਿ ਅਨੇਕ ਪੁਰਸਕਾਰ ਮਿਲੇ।।
ਅੱਜ ਉਨ੍ਹਾਂ ਦੇ ਸਸਕਾਰ ਮੌਕੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ,ਨਵਦੀਪ ਸਿੰਘ ਮੁੰਡੀ ਆਦਿ ਤੋਂ ਇਲਾਵਾ ਡਾ. ਸਤੀਸ਼ ਕੁਮਾਰ ਵਰਮਾ,ਦਰਸ਼ਨ ਬੁੱਟਰ, ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ, ਡਾ. ਹਰਪ੍ਰੀਤ ਸਿੰਘ ਰਾਣਾ, ਡਾ. ਅਮਰਜੀਤ ਕੌਂਕੇ, ਬਲਵਿੰਦਰ ਸਿੰਘ ਭੱਟੀ,ਅੰਮ੍ਰਿਤਪਾਲ ਸਿੰਘ ਸ਼ੈਦਾ, ਕੁਲਵੰਤ ਸਿੰਘ ਨਾਰੀਕੇ, ਬਲਵਿੰਦਰ ਸੰਧੂ, ਡਾ. ਕੁਲਦੀਪ ਸਿੰਘ ਦੀਪ,ਭਾਸ਼ੋ, ਡਾ. ਕੰਵਰ ਜਸਮਿੰਦਰ ਸਿੰਘ ਆਦਿ ਤੋਂ ਇਲਾਵਾ ਡਾ. ਅਮਰ ਕੋਮਲ ਦੇ ਸਕੇ ਸੰਬੰਧੀ ਅਤੇ ਵੱਡੀ ਗਿਣਤੀ ਵਿਚ ਹੋਰ ਲੇਖਕ ਅਤੇ ਵਿਦਿਆਰਥੀ ਆਦਿ ਸ਼ਾਮਿਲ ਸਨ।
Click to Follow Babushahi Facebook page →