SC ਭਾਈਚਾਰੇ ਦੀਆਂ ਔਰਤਾਂ ਨੂੰ ਜਾਤੀ ਸਰਟੀਫਿਕੇਟ ਦੇ ਨਾਂ 'ਤੇ ਕੀਤਾ ਜਾ ਰਿਹਾ ਖੱਜਲ ਖੁਆਰ : ਛੜਬੜ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਅਪ੍ਰੈਲ 2026: ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਲਿਤ ਭਾਈਚਾਰੇ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਮਾਮਲੇ ਵਿੱਚ ਜਾਤੀ ਸਰਟੀਫਿਕੇਟ ਬਣਾਉਣ ਦੇ ਨਾ 'ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਤੇ ਇਸ ਨਾਲ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਇਸ ਸਬੰਧੀ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਹ ਵਾਅਦਾ ਚਾਰ ਸਾਲ ਬੀਤ ਜਾਣ ਦੇ ਬਾਅਦ ਲਾਗੂ ਕੀਤਾ ਜਾ ਰਿਹਾ ਹੈ । ਬਸਪਾ ਆਗੂ ਨੇ ਕਿਹਾ ਕਿ ਦਲਿਤ ਭਾਈਚਾਰੇ ਦੀ ਔਰਤਾਂ ਨੂੰ ਇਸ ਸਬੰਧੀ ਰਜਿਸਟਰੇਸ਼ਨ ਕਰਵਾਉਣ ਲਈ ਜਾਤੀ ਸਰਟੀਫਿਕੇਟ ਜ਼ਰੂਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਬਣਾਉਣ ਲਈ ਸੂਬੇ ਦੀਆਂ ਦਲਿਤ ਭਾਈਚਾਰੇ ਦੀਆਂ ਔਰਤਾਂ ਨੂੰ ਸੇਵਾ ਕੇਂਦਰਾਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਤੋਂ ਪੰਜਾਬ ਵਿੱਚ ਵਿਆਹੀਆਂ ਔਰਤਾਂ ਦੇ ਸਰਟੀਫਿਕੇਟ ਬਣਾਉਣ ਨੂੰ ਲੈ ਕੇ ਵਖਰੇਵੇਂ ਖਤਮ ਕੀਤੇ ਜਾਣ ਕਿਉਂਕਿ ਉਹ ਮਹਿਲਾਵਾਂ ਬਹੁਤ ਸਾਲਾਂ ਤੋਂ ਵਿਆਹ ਕਰਕੇ ਪੰਜਾਬ ਦੀ ਵਾਸੀ ਬਣ ਚੁੱਕੀਆਂ ਹਨ। ਉਨ੍ਹਾਂ ਦੇ ਪੈਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ, ਬੈਂਕ ਖਾਤੇ ਅਤੇ ਪਿੰਡ ਦੀਆਂ ਵੋਟਰ ਸੂਚੀਆਂ ਵਿੱਚ ਨਾਮ ਦਰਜ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਜਾਤੀ ਸਰਟੀਫਿਕੇਟ ਨਹੀਂ ਬਣਾਏ ਜਾ ਰਹੇ, ਜਿਸ ਕਾਰਨ ਦਲਿਤ ਭਾਈਚਾਰੇ ਦੀਆਂ ਔਰਤਾਂ ਵਿੱਚ ਸੂਬਾ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੂੰ ਇਸ ਰਜਿਸਟਰੇਸ਼ਨ ਲਈ ਸਿਰਫ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਦੀ ਗਵਾਹੀ ਕਰਕੇ ਹੀ ਰਜਿਸਟਰੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਭਾਈਚਾਰੇ ਦੀਆਂ ਔਰਤਾਂ ਦੀ ਸੇਵਾ ਕੇਂਦਰਾਂ ਵਿੱਚ ਹੋ ਰਹੀ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ।
Click to Follow Babushahi Facebook page →