ਸਰਕਾਰੀ ਡਿਸਪੈਂਸਰੀ ਵਿੱਚੋਂ ਤਾਰਾਂ, ਪੱਖੇ, ਟੂਟੀਆਂ, ਦਰਵਾਜ਼ਿਆਂ ਦੇ ਐਲਮੀਨੀਅਮ, ਸਰਿੰਜਾਂ, ਦਵਾਈਆਂ ਸਭ ਕੁਝ ਲੈ ਗਏ ਚੋਰ
ਡਿਸਪੈਂਸਰੀ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਪਰੇਸ਼ਾਨ ਹੋਏ ਮੁਲਾਜ਼ਮ,
ਰੋਹਿਤ ਗੁਪਤਾ , ਗੁਰਦਾਸਪੁਰ
ਧਾਰੀਵਾਲ ਦੀ ਈਐਸਆਈ ਡਿਸਪੈਂਸਰੀ ਦੇ ਮੁਲਾਜ਼ਮ ਅਤੇ ਡਾਕਟਰ ਲਗਾਤਾਰ ਹੋ ਰਹੀਆਂ ਚੋਰੀਆ ਕਾਰਨ ਪਰੇਸ਼ਾਨ ਹੋ ਗਏ ਹਨ। ਕੁਝ ਦਿਨ ਪਹਿਲਾਂ ਹੀ ਇੱਥੇ ਚੋਰ ਦਰਵਾਜ਼ੇ ਤੋੜ ਕੇ ਅੰਦਰ ਵੜ ਗਏ ਸੀ ਅਤੇ ਲੋਹੇ ਦਾ ਕੁਝ ਸਮਾਨ ਚੋਰੀ ਕਰਕੇ ਲੈ ਗਏ ਸਨ, ਬੀਤੇ ਸਾਲ ਵੀ ਇਸ ਡਿਸਪੈਂਸਰੀ ਵਿੱਚ ਲਗਾਤਾਰ ਚੋਰੀਆਂ ਹੋਈਆਂ ਪਰ ਬੀਤੀ ਰਾਤ ਤਾਂ ਹੱਦ ਹੀ ਹੋ ਗਈ ਜਦੋਂ ਚੋਰਾਂ ਨੇ ਦਰਵਾਜ਼ਿਆਂ ਦੇ ਅਲਮੀਨੀਅਮ ਦੇ ਫਰੇਮ, ਬਿਜਲੀ ਦੀਆ ਤਾਰਾਂ, ਪੱਖੇ, ਟੂਟੀਆਂ, ਦਰਵਾਜ਼ਿਆਂ ਦੇ ਐਲਮੀਨੀਅਮ ,ਸਰਿੰਜਾਂ, ਦਵਾਈਆਂ ਆਦਿ ਸਭ ਕੁਝ ਚੋਰੀ ਕਰ ਲਿਆ । ਹਾਲਾਤ ਇਹ ਬਣ ਗਏ ਹਨ ਕਿ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਕਾਰਨ ਡਿਸਪੈਂਸਰੀ ਦੇ ਫਰਿਜਾਂ ਵਿੱਚ ਪਈਆਂ ਦਵਾਈਆਂ ਵੀ ਖਰਾਬ ਹੋ ਰਹੀਆਂ ਹਨ । ਦੂਜੇ ਪਾਸੇ ਮੁਲਾਜ਼ਮਾਂ ਨੇ ਸ਼ੱਕ ਜਤਾਇਆ ਹੈ ਕਿ ਡਿਸਪੈਂਸਰੀ ਵਿੱਚੋਂ ਫਰਿੱਜ ਤੱਕ ਚੋਰੀ ਹੋ ਸਕਦੇ ਹਨ ਇਸ ਲਈ ਇੱਥੇ ਸੁਰੱਖਿਆ ਕਰਮਚਾਰੀਆਂ ਨੂੰ ਪੱਕੇ ਤੌਰ ਤੇ ਲਗਾਇਆ ਜਾਏ । ਚੋਰੀ ਦੀ ਘਟਨਾ ਬਾਰੇ ਫਿਲਹਾਲ ਡਾਕਟਰ ਵੱਲੋਂ ਆਪਣੇ ਉੱਚ ਸਿਹਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਤਾਂ ਜੋ ਪੁਲਿਸ ਦੇ ਕਾਰਵਾਈ ਕਰਨ ਦਾ ਦਬਾਅ ਬਣਾਇਆ ਜਾ ਸਕੇ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੋਈ ਚੋਰੀ ਅਤੇ ਪਿਛਲੇ ਸਾਲ ਹੋਈਆਂ ਚੋਰੀਆਂ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਦੇ ਬਾਵਜੂਦ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ , ਇਸ ਲਈ ਬੀਤੀ ਰਾਤ ਹੋਈ ਚੋਰੀ ਦੀ ਸੂਚਨਾ ਡਿਸਪੈਂਸਰੀ ਦੇ ਸਿਹਤ ਹਮਲੇ ਵੱਲੋਂ ਆਪਣੇ ਉੱਚੇ ਅਧਿਕਾਰੀਆਂ ਦੇ ਰਾਹੀ ਪੁਲਿਸ ਨੂੰ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ।
Click to Follow Babushahi Facebook page →