ਲੁਧਿਆਣਾ ਦੀਆਂ ਸੜਕਾਂ 'ਤੇ ਮੌਤ ਬਣ ਕੇ ਦੌੜ ਰਹੇ ਨੇ ‘ਓਵਰਲੋਡ ਟਿੱਪਰ’, ਰੋਹਿਤ ਸਭਰਵਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਲਿਖੀ ਚਿੱਠੀ
ਸੁਖਮਿੰਦਰ ਭੰਗੂ
ਲੁਧਿਆਣਾ 26 ਮਾਰਚ 2026
ਲੁਧਿਆਣਾ ਸ਼ਹਿਰ ਦੀਆਂ ਸੜਕਾਂ 'ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੇ ਟਿੱਪਰਾਂ ਖਿਲਾਫ ਹੁਣ ਆਵਾਜ਼ ਬੁਲੰਦ ਹੋਣ ਲੱਗੀ ਹੈ। ਸਮਾਜ ਸੇਵੀ ਰੋਹਿਤ ਸਭਰਵਾਲ (ਵਾਰਡਜ਼ ਆਫ਼ ਫਰੀਡਮ ਫਾਈਟਰ ਫੈਮਿਲੀ) ਨੇ ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ (ਟ੍ਰੈਫਿਕ ਅਤੇ ਰੋਡ ਸੇਫਟੀ) ਨੂੰ ਇੱਕ ਰਸਮੀ ਸ਼ਿਕਾਇਤ ਭੇਜ ਕੇ ਇਨ੍ਹਾਂ ਟਿੱਪਰਾਂ ਦੇ ਗੈਰ-ਕਾਨੂੰਨੀ ਸੰਚਾਲਨ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਆਮ ਲੋਕਾਂ ਦੀ ਜਾਨ ਨੂੰ ਵੱਡਾ ਖ਼ਤਰਾ
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰੇਤ, ਮਿੱਟੀ ਅਤੇ ਹੋਰ ਉਸਾਰੀ ਸਮੱਗਰੀ ਲਿਜਾਣ ਵਾਲੇ ਇਹ ਟਿੱਪਰ ਨਾ ਸਿਰਫ ਓਵਰਲੋਡ ਹੁੰਦੇ ਹਨ, ਸਗੋਂ ਇਹ ਟ੍ਰੈਫਿਕ ਨਿਯਮਾਂ ਦੀ ਵੀ ਪਰਵਾਹ ਨਹੀਂ ਕਰਦੇ। ਸਭਰਵਾਲ ਨੇ ਚਿੰਤਾ ਪ੍ਰਗਟਾਈ ਕਿ ਇਹ ਵਾਹਨ ਅਕਸਰ ਤੇਜ਼ ਰਫਤਾਰ ਵਿੱਚ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਸਮੱਗਰੀ ਸੜਕਾਂ 'ਤੇ ਡਿੱਗਦੀ ਰਹਿੰਦੀ ਹੈ, ਜਿਸ ਕਾਰਨ ਭਿਆਨਕ ਹਾਦਸੇ ਵਾਪਰ ਰਹੇ ਹਨ।
ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਘਾਟ
ਬਿਨਾਂ ਨੰਬਰ ਪਲੇਟਾਂ ਅਤੇ ਦਸਤਾਵੇਜ਼ਾਂ ਦੇ ਚੱਲ ਰਹੇ ਵਾਹਨਾ ਸਬੰਧੀ ਚਿੱਠੀ ਵਿੱਚ ਕਈ ਗੰਭੀਰ ਖੁਲਾਸੇ ਕੀਤੇ ਗਏ ਹਨ।
ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਘਾਟ: ਬਹੁਤ ਸਾਰੇ ਟਿੱਪਰਾਂ 'ਤੇ ਸੁਰੱਖਿਆ ਨੰਬਰ ਪਲੇਟਾਂ ਨਹੀਂ ਹਨ, ਜਿਸ ਕਾਰਨ ਹਾਦਸਾ ਕਰਕੇ ਭੱਜਣ ਵਾਲੇ ਵਾਹਨਾਂ ਦੀ ਪਛਾਣ ਕਰਨਾ ਅਸੰਭਵ ਹੋ ਜਾਂਦਾ ਹੈ।
ਮਕੈਨੀਕਲ ਤੌਰ 'ਤੇ ਅਨਫਿਟ
ਇਹ ਵਾਹਨ ਖਸਤਾ ਹਾਲਤ ਵਿੱਚ ਹਨ ਅਤੇ ਇਨ੍ਹਾਂ ਦੀ ਸਹੀ ਸਾਂਭ-ਸੰਭਾਲ ਨਹੀਂ ਕੀਤੀ ਗਈ।
ਦਸਤਾਵੇਜ਼ਾਂ ਦੀ ਕਮੀ: ਡਰਾਈਵਰਾਂ ਕੋਲ ਅਕਸਰ ਲਾਇਸੈਂਸ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਅਤੇ ਫਿਟਨੈਸ ਸਰਟੀਫਿਕੇਟ ਵਰਗੇ ਜ਼ਰੂਰੀ ਦਸਤਾਵੇਜ਼ ਨਹੀਂ ਹੁੰਦੇ।
ਸਖ਼ਤ ਕਾਰਵਾਈ ਦੀ ਮੰਗ
ਰੋਹਿਤ ਸਭਰਵਾਲ ਨੇ 'ਪੰਜਾਬ ਕੇਸਰੀ' ਵਿੱਚ ਛਪੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਜੇਕਰ ਸਮੇਂ ਸਿਰ ਇਨ੍ਹਾਂ 'ਤੇ ਨਕੇਲ ਨਾ ਕੱਸੀ ਗਈ ਤਾਂ ਇਹ ਆਮ ਜਨਤਾ ਦੀ ਜਾਨ-ਮਾਲ ਲਈ ਵੱਡਾ ਖ਼ਤਰਾ ਬਣੇ ਰਹਿਣਗੇ। ਇਸ ਸ਼ਿਕਾਇਤ ਦੀਆਂ ਕਾਪੀਆਂ ਡੀ.ਜੀ.ਪੀ. ਪੰਜਾਬ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਵੀ ਭੇਜੀਆਂ ਗਈਆਂ ਹਨ ਤਾਂ ਜੋ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਸਕੇ।
Click to Follow Babushahi Facebook page →