8 ਮਾਰਚ ਨੂੰ ਐਸਬੀਐਸ ਨਗਰ ਵਿਖੇ ਅਸਮਿਤਾ ਐਥਲੈਟਿਕਸ ਮੁਕਾਬਲਾ ਕਰਵਾਇਆ ਜਾਵੇਗਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 0 6 ਮਾਰਚ 2026
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ 8 ਮਾਰਚ ਨੂੰ ਐਸਬੀਐਸ ਨਗਰ ਵਿਖੇ ਅਸਮਿਤਾ ਐਥਲੈਟਿਕਸ ਮੁਕਾਬਲਾ ਕਰਵਾਇਆ ਜਾਵੇਗਾ। ਇਹ ਮੁਕਾਬਲਾ ਸਵੇਰੇ 9 ਵਜੇ ਤੋਂ ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ਸ਼ੁਰੂ ਹੋਵੇਗਾ। ਪ੍ਰੋਗਰਾਮ ਦਾ ਆਯੋਜਨ ਖੇਡੋ ਇੰਡੀਆ, ਮਾਈ ਭਾਰਤ (MY Bharat) ਅਤੇ ਭਾਰਤੀ ਖੇਡ ਪ੍ਰਾਧਿਕਰਨ (Sports Authority of India) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਮਾਈ ਭਾਰਤ ਦੀ ਡਿਪਟੀ ਡਾਇਰੈਕਟਰ ਵੰਦਨਾ ਲਾਓ ਨੇ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਅਤੇ ਲੜਕੀਆਂ ਨੂੰ ਖੇਡਾਂ ਦੇ ਮਾਧਿਅਮ ਰਾਹੀਂ ਸਸ਼ਕਤ ਬਣਾਉਣਾ, ਉਹਨਾਂ ਵਿਚ ਫਿਟਨੈਸ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ।
ਉਹਨਾਂ ਦੱਸਿਆ ਕਿ ਪ੍ਰਤੀਯੋਗਿਤਾ ਵਿੱਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜਾਂ ਕਰਵਾਈਆਂ ਜਾਣਗੀਆਂ। ਇਹਨਾਂ ਮੁਕਾਬਲਿਆਂ ਵਿਚ ਅੰਡਰ-13, 13 ਤੋਂ 18 ਸਾਲ ਅਤੇ 18 ਸਾਲ ਤੋਂ ਵੱਧ ਉਮਰ ਵਰਗ ਦੀਆਂ ਲੜਕੀਆਂ ਅਤੇ ਔਰਤਾਂ ਹਿੱਸਾ ਲੈ ਸਕਣਗੀਆਂ। ਉਹਨਾਂ ਅੱਗੇ ਕਿਹਾ ਕਿ ਅਸਮਿਤਾ (Achieving Sports Milestone by Inspiring Women Through Action) ਪਹਿਲ ਦੀ ਸ਼ੁਰੂਆਤ ਸਾਲ 2021 ਵਿਚ ਕੀਤੀ ਗਈ ਸੀ, ਜਿਸਦਾ ਉਦੇਸ਼ ਦੇਸ਼ ਭਰ ਵਿਚ ਔਰਤਾਂ ਦੀ ਖੇਡਾਂ ਵਿਚ ਹਿੱਸੇਦਾਰੀ ਵਧਾਉਣਾ, ਨਵੀਆਂ ਪ੍ਰਤਿਭਾਵਾਂ ਦੀ ਪਛਾਣ ਕਰਨਾ ਅਤੇ ਨੌਜਵਾਨਾਂ ਵਿਚ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਨੂੰ ਵਧਾਵਾ ਦੇਣਾ ਹੈ। ਮੁਕਾਬਲੇ ਵਿਚ ਹਿੱਸਾ ਲਣ ਦੀ ਇਛੁੱਕ ਲੜਕੀਆਂ ਅਤੇ ਔਰਤਾਂ ਨੂੰ ਮਾਈ ਭਾਰਤ ਪੋਰਟਲ (mybharat.gov.in) ਦੇ ਮਾਧਿਅਮ ਰਾਹੀਂ ਜ਼ਰੂਰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸਦੇ ਲਈ ਪ੍ਰਤੀਭਾਗੀਆਂ ਨੂੰ ਪੋਰਟਲ 'ਤੇ ਉਪਲੱਬਧ ਅੰਤਰਰਾਸਟਰੀ ਮਹਿਲਾ ਦਿਵਸ ਪ੍ਰੋਗਰਾਮ ਦੇ ਅੰਤਰਗਤ ਅਪਲਾਈ ਕਰਨਾ ਹੋਵੇਗਾ।
ਡਿਪਟੀ ਡਾਇਰੈਕਟਰ ਵੰਦਨਾ ਲਾਓ ਨੇ ਜਿਲੇ ਦੇ ਵਿਦਿਅਕ ਸੰਸਥਾਨਾਂ, ਖੇਡ ਅਕਾਦਮੀਆਂ, ਯੁਵਾ ਕਲੱਬਾਂ ਅਤੇ ਆਮ ਜਨਤਾ ਤੋਂ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਲੜਕੀਆਂ ਅਤੇ ਔਰਤਾਂ ਨੂੰ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ, ਤਾਂ ਜੋ ਪ੍ਰੋਗਰਾਮ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਸੁਚਾਰੂ ਰੂਪ ਨਾਲ ਸਫ਼ਲ ਬਣਾਉਣ ਲਈ ਤਕਨੀਕੀ ਅਧਿਕਾਰੀਆਂ, ਸਵੈਂਸੇਵਕਾਂ ਅਤੇ ਮੁਕਾਬਲਾ ਪ੍ਰਬੰਧਨ ਟੀਮ ਦੀ ਵੀ ਤਾਇਨਾਤੀ ਕੀਤੀ ਜਾਵੇਗੀ।
Click to Follow Babushahi Facebook page →