ਦਿੱਲੀ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਅੰਮ੍ਰਿਤ ਸੰਚਾਰ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 1 ਮਾਰਚ,2026
ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 327ਵੇਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਨੂੰ ਹੋਰ ਸਫ਼ਲ ਕਰਨ ਲਈ ਅਤੇ ਸਿੱਖ ਸੰਗਤ ਨੂੰ ਅੰਮ੍ਰਿਤ ਧਾਰਣ ਵੱਲ ਪ੍ਰੇਰਿਤ ਕਰਨ ਦੇ ਪਵਿੱਤਰ ਉਦੇਸ਼ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਜੀ ਵਿਖੇ ਵਿਸ਼ਾਲ ਪੱਧਰ ‘ਤੇ ਅੰਮ੍ਰਿਤ ਸੰਚਾਰ ਦਾ ਉੱਚਕੋਟੀ ਉਪਰਾਲਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਮਹਾਨ ਸਮਾਗਮ ਸਿੱਖ ਕੌਮ ਦੀ ਆਤਮਿਕ ਮਜ਼ਬੂਤੀ, ਖਾਲਸਾਈ ਅਸੂਲਾਂ ਪ੍ਰਤੀ ਅਟੁੱਟ ਨਿਸ਼ਠਾ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ੀ ਰਹਿਤ-ਮਰਯਾਦਾ ਨੂੰ ਜੀਵਨ ਵਿੱਚ ਅਪਣਾਉਣ ਵੱਲ ਇਕ ਇਤਿਹਾਸਕ ਕਦਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ
ਇਸ ਸੰਬੰਧ ਵਿੱਚ ਦਿੱਲੀ ਭਰ ਦੀਆਂ ਸਮੂਹ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਨਾਲ ਵਿਸ਼ੇਸ਼ ਇਕੱਤਰਤਾ ਆਯੋਜਿਤ ਕੀਤੀ ਗਈ, ਜਿਸ ਵਿੱਚ ਅੰਮ੍ਰਿਤ ਸੰਚਾਰ ਦੀ ਸੁਚਾਰੂ ਅਤੇ ਸਫਲ ਪ੍ਰਬੰਧਨਾ ਲਈ ਗੰਭੀਰ ਅਤੇ ਸਰਗਰਮ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਵਾਲੇ ਪ੍ਰਬੰਧਕਾਂ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਇਸ ਮਹਾਨ ਕਾਰਜ ਨੂੰ ਕਾਮਯਾਬ ਬਣਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ।
ਸਰਦਾਰ ਕਾਲਕਾ ਨੇ ਸਮੂਹ ਸੰਗਤਾਂ ਨੂੰ ਨਿਮਰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਅਵਸਰ ਦਾ ਲਾਭ ਲੈਂਦਿਆਂ ਵੱਧ ਤੋਂ ਵੱਧ ਗਿਣਤੀ ਵਿੱਚ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੀ ਰਹਿਤ ਅਨੁਸਾਰ ਜੀਵਨ ਬਿਤਾਉਣ ਅਤੇ ਖਾਲਸਾ ਪੰਥ ਦੀ ਚੜ੍ਹਦੀਕਲਾ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਉਪਰਾਲਾ ਨੌਜਵਾਨ ਪੀੜ੍ਹੀ ਵਿੱਚ ਖਾਲਸਾਈ ਚੇਤਨਾ ਨੂੰ ਮਜ਼ਬੂਤ ਕਰੇਗਾ ਅਤੇ ਗੁਰਮਤਿ ਦੇ ਚਾਨਣ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ।
Click to Follow Babushahi Facebook page →