ਸੂਬਾਈ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਸਮੇਤ 17 ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਕੀਤੀਆਂ ਗੇਟ ਰੈਲੀਆਂ
ਲੁਧਿਆਣਾ 27 ਫਰਵਰੀ 2026
ਰਵੀ ਜੱਖੂ
ਪੰਜਾਬ ਸਰਕਾਰ ਵੱਲੋਂ ਜਿਲ੍ਹਾ ਤਰਨਤਾਰਨ ਦੇ ਪਿੰਡ ਸ਼ੇਰੋਂ ਦੀ ਖੰਡ ਮਿੱਲ ਦੀ ਜਮੀਨ ਪੁੱਡਾ ਨੂੰ ਤਬਦੀਲ ਕਰਨ ਦੇ ਵਿਰੋਧ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਬਿਜਲੀ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ (ਕਨਵੀਨਰ ਬਿਜਲੀ ਮੁਲਾਜਮ ਏਕਤਾ ਮੰਚ ਤੇ ਸੂਬਾ ਪ੍ਰਧਾਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ) ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਨਾਲ ਪੰਜਾਬ ਭਰ ਦੇ ਬਿਜਲੀ ਮੁਲਾਜਮਾਂ ਦਾ ਪਾਰਾ ਵਧ ਗਿਆ ਹੈ। ਉਨ੍ਹਾਂ ਵੱਲੋਂ ਇਸਦੀ ਨਿਖੇਧੀ ਕਰਦਿਆਂ ਅੱਜ ਪੰਜਾਬ ਭਰ 'ਚ ਜੁਆਇੰਟ ਫੋਰਮ ਦੇ ਕਨਵੀਨਰ ਰਤਨ ਸਿੰਘ ਮਜਾਰੀ ਦੇ ਆਦੇਸ਼ਾਂ ਉੱਤੇ ਡਵੀਜਨਾਂ ਤੇ ਸਬ ਡਵੀਜਨਾਂ 'ਚ ਗੇਟ ਰੈਲੀਆਂ ਕੀਤੀਆਂ ਗਈਆਂ। ਸੁੰਦਰ ਨਗਰ ਡਵੀਜਨ 'ਚ ਹੋਈ ਗੇਟ ਰੈਲੀ ਦੀ ਅਗਵਾਈ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੂਬਾ ਮੀਤ ਪ੍ਰਧਾਨ ਇੰਜ ਜਗਤਾਰ ਸਿੰਘ, ਪਾਵਰਕਾਮ ਐਂਡ ਟਰਾਂਸਕੋ ਪੈਸ਼ਨਰਜ ਯੂਨੀਅਨ (ਏਟਕ) ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਐਮਐਸਯੂ ਦੇ ਡਵੀਜਨ ਆਗੂ ਰਾਮਦਾਸ ਵੱਲੋਂ ਕੀਤੀ ਗਈ। ਸਾਰੇ ਮੁਲਾਜਮਾਂ ਨੇ ਇੱਕਸੁਰ 'ਚ ਸ੍ਰ ਗੰਡੀਵਿੰਡ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ ਨੂੰ ਬਿਨ੍ਹਾਂ ਸ਼ਰਤ ਰਿਹਾ ਕਰਨ ਦੀ ਮੰਗ ਕੀਤੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਸਮੇਤ ਗ੍ਰਿਫਤਾਰ ਕੀਤੇ 16 ਕਿਸਾਨ ਆਗੂਆਂ ਨੂੰ ਜਲਦ ਰਿਹਾ ਨਾ ਕੀਤਾ ਤਾਂ ਬਿਜਲੀ ਮੁਲਾਜਮ ਕਿਸਾਨ ਜੱਥੇਬੰਦੀਆਂ ਨੂੰ ਨਾਲ ਲੈਕੇ ਪੰਜਾਬ ਸਰਕਾਰ ਤਿੱਖਾ ਸੰਘਰਸ਼ ਸ਼ੁਰੂ ਕਰ ਦੇਣਗੇ। ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਡਵੀਜਨ ਪ੍ਰਧਾਨ ਬਹਾਦਰ ਸਿੰਘ ਲੁਹਾਰਾ ਨੇ ਦੱਸਿਆ ਕਿ ਬੇਲੋੜੇ ਖਰਚਿਆਂ ਕਾਰਨ ਕਰਜੇ ਹੇਠ ਦੱਬੀ ਪੰਜਾਬ ਸਰਕਾਰ ਡੰਗ ਟਪਾਉਣ ਲਈ ਬਿਜਲੀ ਨਿਗਮ ਤੋਂ ਇਲਾਵਾ ਹੋਰ ਜਨਤਿਕ ਜਾਇਦਾਦਾਂ ਵੇਚਣ ਲਈ ਤਰਲੋ ਮੱਛੀ ਹੋਈ ਪਈ ਹੈ ਜਿਸਦਾ ਵਿਰੋਧ ਬਿਜਲੀ ਮੁਲਾਜਮਾਂ ਦੀਆਂ ਜੱਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਕਰ ਰਹੀਆਂ ਹਨ। ਕੱਲ ਵੀ ਤਰਨਤਾਰਨ ਜਿਲ੍ਹਾ ਦੇ ਪਿੰਡ ਸ਼ੇਰੋਂ ਦੀ ਖੰਡ ਮਿੱਲ ਦੀ ਜਮੀਨ ਪੁੱਡਾ ਨੂੰ ਤਬਦੀਲ ਕਰਨ ਦੇ ਵਿਰੋਧ 'ਚ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ਼ਾਂਤਮਈ ਧਰਨਾ ਚੱਲ ਰਿਹਾ ਸੀ ਜਿੱਥੋਂ ਸਰਕਾਰ ਦੇ ਹੰਕਾਰ 'ਚ ਭੂਤਰੀ ਪੰਜਾਬ ਪੁਲਿਸ ਨੇ ਸ੍ਰ ਗੁਰਪ੍ਰੀਤ ਸਿੰਘ ਗੰਡੀਵਿੰਡ ਸਮੇਤ 16 ਕਿਸਾਨ ਆਗੂਆਂ ਨਛੱਤਰ ਸਿੰਘ ਮੁਗਲ ਚੱਕ, ਸੁਖਚੈਨ ਸਿੰਘ ਸਰਹਾਲੀ ਖੁਰਦ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦ ਗਿੱਲ, ਦਵਿੰਦਰ ਸਿੰਘ ਗਰੇਵਾਲ, ਹੀਰਾ ਸਿੰਘ ਸਰਪੰਚ ਵਰਿਆਂ, ਗੁਰਭੇਜ ਸਿੰਘ ਨੰਦਪੁਰ, ਸੁਲੱਖਣ ਸਿੰਘ ਤੁੜ, ਅਮਰਜੀਤ ਸਿੰਘ ਤੁੜ, ਬਲਦੇਵ ਸਿੰਘ ਵਰਿਆਂ, ਪ੍ਰਤਾਪ ਸਿੰਘ ਵਰਿਆਂ, ਬਲਵਿੰਦਰ ਸਿੰਘ ਨੰਦਪੁਰ, ਬਲਜੀਤ ਸਿੰਘ, ਰਸ਼ਪਾਲ ਸਿੰਘ, ਗੁਰਦਿਆਲ ਸਿੰਘ ਵਰਨਾਲਾ ਅਤੇ ਦਲਜੀਤ ਸਿੰਘ ਦਿਆਲਪੁਰਾ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਸਾਰੇ ਆਗੂ ਇਸ ਵਕਤ ਗੋਇੰਦਵਾਲ ਜੇਲ੍ਹ 'ਚ ਬੰਦ ਹਨ ਜਿਨ੍ਹਾਂ ਨੂੰ 3 ਮਾਰਚ ਨੂੰ ਐਸਡੀਐਮ ਤਰਨਤਾਰਨ ਪੇਸ਼ ਕੀਤਾ ਜਾਵੇਗਾ। ਸ੍ਰ ਮਹਿਦੂਦਾਂ ਅਤੇ ਲੁਹਾਰਾ ਨੇ ਕਿਹਾ ਕਿ ਇਸ ਗੱਲ ਨੂੰ ਲੈਕੇ ਸਮੁੱਚੇ ਬਿਜਲੀ ਮੁਲਾਜਮਾਂ 'ਚ ਵੱਡੇ ਪੱਧਰ 'ਤੇ ਰੋਸ ਹੈ ਅਤੇ ਉਹ ਕਿਸੇ ਵੀ ਦਿੱਤੇ ਸਖਤ ਸੰਘਰਸ਼ ਉੱਤੇ ਪਹਿਰਾ ਦੇਣ ਲਈ ਤਿਆਰ ਵਰ ਤਿਆਰ ਹਨ। ਇਸ ਮੌਕੇ ਇੰਜ ਗੁਰਪ੍ਰੀਤ ਸਿੰਘ, ਮੇਵਾ ਸਿੰਘ, ਬਲਵੀਰ ਚੰਦ, ਦੀਪਕ ਕੁਮਾਰ, ਅਮਰਜੀਤ ਸਿੰਘ, ਪ੍ਰਕਾਸ਼, ਰਾਮ ਅਵਧ, ਸ਼ਿਵ ਕੁਮਾਰ, ਪ੍ਰਵੀਨ, ਕਮਲਦੀਪ ਸਿੰਘ ਖਾਲਸਾ, ਕੇਸ਼ਵ ਦਿਆਲ, ਜੋਗਿੰਦਰ, ਵਿਨੋਦ ਕੁਮਾਰ, ਜਸਵਿੰਦਰ ਸਿੰਘ, ਅਵਤਾਰ ਸਿੰਘ, ਹਰਫੂਲ ਮਸੀਹ ਅਤੇ ਹੋਰ ਹਾਜਰ ਸਨ।
Click to Follow Babushahi Facebook page →