ਵਿਰੋਧੀ ਪਾਰਟੀਆਂ ਨੇ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੀ ਸ਼ਹਾਦਤ 'ਤੇ ਕੀਤੀ ਹਲਕੀ ਰਾਜਨੀਤੀ - ਸ਼ੈਰੀ ਕਲਸੀ ਅਤੇ ਵਿਧਾਇਕ ਗੁਰਦੀਪ ਰੰਧਾਵਾ
ਕਿਹਾ -ਪੰਜਾਬ ਪੁਲਿਸ ਦਾ ਮਨੋਬਲ ਵਧਾਉਣ ਦੀ ਬਜਾਏ ਵਿਰੋਧੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਨੇ
ਰੋਹਿਤ ਗੁਪਤਾ
ਬਟਾਲਾ, 27 ਫਰਵਰੀ
ਬੀਤੇ ਦਿਨੀ ਆਦੀਆ ਚੈੱਕ ਪੋਸਟ ਨੇੜੇ ਦੋਰਾਂਗਲਾ ਵਿਖੇ ਸ਼ਹੀਦ ਹੋਏ ਦੋ ਪੁਲਿਸ ਕਰਮੀਆਂ ਦੀ ਸ਼ਹਾਦਤ 'ਤੇ ਵਿਰੋਧੀ ਪਾਰਟੀਆਂ ਵੱਲੋਂ ਆਪਣੀ ਫੋਕੀ ਸ਼ੋਹਰਤ ਹਾਸਲ ਕਰਨ ਲਈ ਹਲਕੀ ਰਾਜਨੀਤੀ ਕੀਤੀ ਜਾ ਰਹੀ ਹੈ, ਜੋ ਅਤਿ ਨਿੰਦਣਯੋਗ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਬਟਾਲਾ ਸ.ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਸ਼. ਗੁਰਦੀਪ ਸਿੰਘ ਰੰਧਾਵਾ, ਹਲਕਾ ਡੇਰਾ ਬਾਬਾ ਨਾਨਕ ਅਤੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੇ ਕੀਤੀ।ਇਸ ਮੌਕੇ ਚੇਅਰਮੈਨ ਜੋਬਨ ਰੰਧਾਵਾ, ਚੇਅਰਮੈਨ ਰਾਜੀਵ ਕੁਮਾਰ, ਹਲਕਾ ਇੰਚਾਰਜ ਗੁਰਦਾਸਪੁਰ, ਰਮਨ ਬਹਿਲ, ਹਲਕਾ ਇੰਚਾਰਜ ਫਹਿਤਗੜ੍ਹ ਚੂੜੀਆਂ, ਬਲਬੀਰ ਸਿੰਘ ਪਨੂੰ, ਹਲਕਾ ਇੰਚਾਰਜ ਕਾਦੀਆਂ ਜਗਰੂਪ ਸਿੰਘ ਸੇਖਵਾਂ, ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਅਤੇ ਸਮੇਤ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਮੌਜੂਦ ਸੀ।
ਅੱਜ ਬਟਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਲਈ ਕਰਵਾਏ ਸਹੁੰ ਚੁੱਕ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਮੇਂ ਲੋੜ ਤਾਂ ਸ਼ਹੀਦ ਹੋਏ ਪੁਲਿਸ ਕਰਮੀਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਅਤੇ ਉਨ੍ਹਾਂ ਦੇ ਨਾਲ ਖੜ੍ਹਨ ਦੀ ਸੀ, ਪਰ ਵਿਰੋਧੀ ਪਾਰਟੀਆਂ ਸ਼ਹਾਦਤ ਦੇ ਨਾਮ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਥੋੜ੍ਹੀ ਹੈ।
ਉਨ੍ਹਾਂ ਕਿਹਾ ਅੱਗੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਪਰਿਵਾਰਾਂ ਦੀ ਨਾਲ ਦੁੱਖ ਵੰਡਾਉਂਦਿਆ ਸ਼ਹੀਦਾਂ ਦੇ ਸਨਮਾਨ ਲਈ 1-1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਦੁੱਖ ਦੀ ਘੜ੍ਹੀ ਵਿੱਚ ਪੰਜਾਬ ਸਰਕਾਰ ਸ਼ਹੀਦ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਮਾਣਮੱਤਾ ਇਤਿਹਾਸ ਹੈ ਅਤੇ ਦੇਸ਼ ਤੇ ਸੂਬੇ ਅੰਦਰ ਅਮਨ ਸ਼ਾਂਤੀ ਅਤੇ ਏਕਤਾ ਅਖੰਡਤਾ ਨੂੰ ਬਣਾਏ ਰੱਖਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਹਮੇਸ਼ਾ ਅੱਗੇ ਹੋ ਕੇ ਸ਼ਹਾਦਤਾਂ ਦਿੱਤੀਆ ਜਿਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਮਾਜ ਵਿਰੋਧੀ ਅਨਸਰਾਂ ਨਾਲ ਨਿਪਟਣ ਲਈ ਵਚਨਬੱਧ ਹੈ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਦ੍ਰਿੜ ਸੰਕਲਪ ਹੈ।
Click to Follow Babushahi Facebook page →