ਸ਼ਿਵ ਕੁਮਾਰ ਬਟਾਲਵੀ ਕਾਵਿ ਦਾ ਆਧੁਨਿਕ ਪੰਜਾਬੀ ਸਾਹਿਤ ਵਿੱਚ ਮਹੱਤਵ ਵਿਸ਼ੇ ਉੱਪਰ ਰਾਸ਼ਟਰੀ ਸੈਮੀਨਾਰ
ਚੰਡੀਗੜ੍ਹ, 25 ਫਰਵਰੀ, 2026
ਅੱਜ ਸ਼ਿਵ ਕੁਮਾਰ ਬਟਾਲਵੀ ਚੇਅਰ, ਸਕੂਲ ਆਫ ਪੰਜਾਬੀ ਸਟੱਡੀਜ਼ ਵੱਲੋਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਚੰਡੀਗੜ੍ਹ ਸਾਹਿਤ ਅਕਾਦਮੀ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸੈਮੀਨਾਰ ਦਾ ਆਰੰਭ ਦੀਪ ਜਯੋਤੀ ਦੀ ਰਸਮ ਨਾਲ ਹੋਇਆ। ਇਸ ਤੋਂ ਬਾਅਦ ਵਿਭਾਗ ਦੇ ਮੁਖੀ ਅਤੇ ਸ਼ਿਵ ਕੁਮਾਰ ਚੇਅਰ ਦੇ ਪ੍ਰੋ. ਡਾ. ਯੋਗਰਾਜ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਭਾਗ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਨਾਂ 'ਤੇ ਸਥਾਪਿਤ ਇਸ ਚੇਅਰ ਦੇ ਮਹੱਤਵ ਉੱਪਰ ਚਾਨਣਾ ਪਾਇਆ।
ਸੈਮੀਨਾਰ ਦੇ ਉਦਘਾਟਨੀ ਸਤਰ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਯੂਨੀਵਰਸਿਟੀ ਇੰਸਟ੍ਰਕ੍ਸ਼ਨਜ਼ ਪ੍ਰੋ. ਯੋਜਨਾ ਰਾਵਤ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਪ੍ਰੋ. ਯੋਜਨਾ ਰਾਵਤ ਨੇ ਸ਼ਿਵ ਕੁਮਾਰ ਬਟਾਲਵੀ ਦੀ ਕਾਵਿਕ ਵਿਲੱਖਣਤਾ ਦੀ ਗੱਲ ਕਰਦਿਆਂ ਯੂਨੀਵਰਸਿਟੀ ਵੱਲੋਂ ਸਥਾਪਿਤ ਇਸ ਚੇਅਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਵਰਤਮਾਨ ਤੁਲਨਾਤਮਕ ਅਧਿਐਨ ਦੇ ਯੁਗ ਵਿੱਚ ਪਾਏ ਜਾਣ ਵਾਲੇ ਯੋਗਦਾਨ ਬਾਰੇ ਚਰਚਾ ਕੀਤੀ।
ਸੈਮੀਨਾਰ ਦਾ ਮੁੱਖ ਸੁਰ ਭਾਸ਼ਣ ਪੰਜਾਬੀ ਦੇ ਪ੍ਰਸਿੱਧ ਆਲੋਚਕ ਪ੍ਰੋ. ਸੁਰਜੀਤ ਨੇ ਦਿੱਤਾ। ਡਾ. ਸੁਰਜੀਤ ਸਿੰਘ ਨੇ ਸ਼ਿਵ ਕਾਵਿ ਦੀ ਕਵਿਤਾ ਬਾਰੇ ਕਿਹਾ ਕਿ ਬਟਾਲਵੀ ਦੀ ਕਵਿਤਾ ਦੀਆਂ ਜੜ੍ਹਾਂ ਪੰਜਾਬੀ ਸਭਿਆਚਾਰਕ ਅਵਚੇਤਨ ਵਿੱਚ ਹਨ ਜਿਸ ਵਿੱਚ ਬਿਰਹਾ, ਤਣਾਅ ਅਤੇ ਮੌਤ ਦੀ ਚਾਹਤ ਦੇ ਸਿਰਜਣਾਤਮਿਕ ਅਰਥ ਪਏ ਹਨ। ਸ਼ਿਵ ਕੁਮਾਰ ਦੀ ਕਵਿਤਾ ਵਾਰਿਸ ਤੋਂ ਪਾਤਰ ਤੱਕ ਦੀ ਵਿਰਾਸਤ ਦਾ ਵਡਮੁੱਲਾ ਸਰਮਾਇਆ ਹੈ। ਪ੍ਰੋ. ਸੁਰਜੀਤ ਨੇ ਸ਼ਿਵ ਦੀ ਕਵਿਤਾ ਦੇ ਡੂੰਘੇ ਪਾਸਾਰਾਂ ਨੂੰ ਡੀਕੋਡ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਸ਼ਿਵ ਦੀ ਕਵਿਤਾ ਨੂੰ ਆਲੋਚਨਾ ਦੇ ਸਥਾਪਿਤ ਵਾਦਾਂ 'ਚੋਂ ਬਾਹਰ ਨਿਕਲ ਕੇ ਵਡੇਰੇ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈ। ਆਪਣੇ ਉਦਘਾਟਨੀ ਭਾਸ਼ਣ ਵਿੱਚ ਸਵਰਨਜੀਤ ਸਵੀ ਨੇ ਕਵਿਤਾ ਦੇ ਮਾਧਿਅਮ ਰਾਹੀਂ ਸ਼ਿਵ ਦੀ ਸ਼ਖ਼ਸੀਅਤ ਅਤੇ ਉਸਦਾ ਕਾਵਿਕ ਬਿੰਬ ਉਭਾਰਿਆ।
ਇਸ ਸ਼ੈਸ਼ਨ ਦੀ ਪ੍ਰਧਾਨਗੀ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕੀਤੀ। ਡਾ. ਮਨਮੋਹਨ ਨੇ ਇਸ ਗੱਲ ਉੱਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਕਿ ਸਾਡੇ ਇਸ ਮਹਾਨ ਕਵੀ ਨਾਲ ਪੰਜਾਬੀ ਦੇ ਆਲੋਚਕਾਂ ਨੇ ਨਿਆਂ ਨਹੀਂ ਕੀਤਾ। ਉਹਨਾਂ ਇਹ ਉਮੀਦ ਵੀ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਸਥਾਪਿਤ ਇਹ ਚੇਅਰ 'ਤੇ ਹੋਣ ਵਾਲਾ ਖੋਜ ਕਾਰਜ ਸ਼ਿਵ ਦੀ ਕਵਿਤਾ ਨੂੰ ਸਮਝਣ ਵਿਚਾਰਨ ਵਿੱਚ ਨਵੀਂ ਸ਼ੁਰੂਆਤ ਕਰੇਗਾ। ਉਦਘਾਟਨੀ ਸਤਰ ਦੇ ਅੰਤ ਵਿੱਚ ਡਾ. ਉਮਾ ਸੇਠੀ ਨੇ ਧੰਨਵਾਦ ਪ੍ਰਸਤੁਤ ਕੀਤਾ। ਇਸ ਸ਼ੈਸ਼ਨ ਦਾ ਮੰਚ ਸੰਚਾਲਨ ਸੈਮੀਨਾਰ ਦੇ ਕੋਆਰਡੀਨੇਟਰ ਡਾ. ਪਰਮਜੀਤ ਕੌਰ ਸਿੱਧੂ ਵੱਲੋਂ ਬਾਖ਼ੂਬੀ ਨਿਭਾਇਆ ਗਿਆ।
ਉਦਘਾਟਨੀ ਸਤਰ ਤੋਂ ਬਾਅਦ ਦੋ ਅਕਾਦਮਿਕ ਸ਼ੈਸ਼ਨ ਰਹੇ ਜਿਹਨਾਂ ਵਿੱਚ ਕੁੱਲ ਅੱਠ ਪੇਪਰ ਪੜ੍ਹੇ ਗਏ। ਦੋਵਾਂ ਸ਼ੈਸ਼ਨਾਂ ਵਿੱਚ ਸ਼ਿਵ ਦੀ ਕਵਿਤਾ ਦੇ ਵਿਭਿੰਨ ਪਾਸਾਰਾਂ ਸੰਬੰਧੀ ਭਰਵਾਂ ਸੰਵਾਦ ਚੱਲਿਆ। ਪਹਿਲੇ ਅਕਾਦਮਿਕ ਸ਼ੈਸ਼ਨ ਦੀ ਪ੍ਰਧਾਨਗੀ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਸੁਭਾਸ਼ ਭਾਸਕਰ ਨੇ ਕੀਤੀ ਅਤੇ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਜੀਤ ਇੰਦਰ ਦੂਜੇ ਅਕਾਦਮਿਕ ਸ਼ੈਸ਼ਨ ਵਿੱਚ ਬਤੌਰ ਪ੍ਰਧਾਨ ਸ਼ਾਮਿਲ ਹੋਏ। ਇਹਨਾਂ ਸ਼ੈਸ਼ਨਾਂ ਦਾ ਮੰਚ ਸੰਚਾਲਨ ਪ੍ਰੋ. ਉਮਾ ਸੇਠੀ ਅਤੇ ਪ੍ਰੋ. ਅਕਵਿੰਦਰ ਕੌਰ ਤਨਵੀ ਨੇ ਕੀਤਾ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਦੀ ਭਰਵੀਂ ਹਾਜ਼ਰੀ ਰਹੀ।
Click to Follow Babushahi Facebook page →