ਭਾਰਤ ਦੇ ਸਿੱਖਿਆ ਮੰਤਰਾਲੇ ਵੱਲੋਂ ਰਾਜਿੰਦਰ ਸਿੰਘ ਦੀ ਸਰਵ ਸ੍ਰੇਸ਼ਟ ਅਧਿਆਪਕ ਵਜੋਂ ਚੋਣ
ਅਸ਼ੋਕ ਵਰਮਾ
ਗੋਨਿਆਣਾ, 25 ਫਰਵਰੀ 2026 :ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਿਛਲੇ 10 ਸਾਲ ਤੋਂ ਸੇਵਾ ਨਿਭਾ ਰਹੇ ਨੈਸ਼ਨਲ ਅਵਾਰਡੀ ਅਧਿਆਪਕ ਸ.ਰਾਜਿੰਦਰ ਸਿੰਘ ਗੋਨਿਆਣਾ ਮੰਡੀ ਦੀ ਚੋਣ ਪੂਰੇ ਭਾਰਤ ਵਿੱਚੋਂ ਸਰਵ-ਸ੍ਰੇਸ਼ਟ ਅਧਿਆਪਕ ਵਜੋਂ ਕੀਤੀ ਗਈ ਹੈ। ਆਉਣ ਵਾਲੀ 9 ਮਾਰਚ ਨੂੰ ਅਧਿਆਪਕ ਰਾਜਿੰਦਰ ਸਿੰਘ ਦਾ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਰੂਰਲ ਚੇਂਜ ਮੇਕਰ ਅਵਾਰਡ ਨਾਲ ਸਨਮਾਨ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਸਿੱਖਿਆ ਦੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਰਾਜਿੰਦਰ ਸਿੰਘ ਵੱਲੋਂ ਆਪਣੇ ਛੋਟੇ ਜਿਹੇ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਐਕਟੀਵਿਟੀ ਬੇਸਡ ਐਜੂਕੇਸ਼ਨ ਰਾਹੀ ਆਧੁਨਿਕ ਸਿੱਖਿਆ ਨਾਲ ਜੋੜਿਆ ਗਿਆ ਸੀ ਜਿਸ ਦੇ ਚਲਦਿਆਂ ਸਕੂਲ ਵਿੱਚ ਬੱਚਿਆਂ ਦੇ ਦਾਖਲਿਆਂ ਵਿੱਚ ਰਿਕਾਰਡ ਵਾਧਾ ਕਰਦਿਆਂ ਪੰਜਾਬ ਪੱਧਰ ਤੇ ਰਿਕਾਰਡ ਵੀ ਕਾਇਮ ਕੀਤਾ ਗਿਆ ਸੀ।
ਅਧਿਆਪਕ ਨੇ ਆਪਣੇ ਨਿੱਜੀ ਯਤਨਾਂ ਸਦਕਾ ਬਠਿੰਡਾ ਜ਼ਿਲ੍ਹਾ ਦੇ ਚਾਰ ਸਕੂਲਾਂ ਨੂੰ ਖਸਤਾ ਹਾਲ ਤੋਂ ਸਮਾਰਟ ਦਿੱਖ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਕਰਕੇ ਰਜਿੰਦਰ ਸਿੰਘ ਨੂੰ ਰਾਜ ਪੱਧਰ ਤੇ ਦਰਜਨ ਦੇ ਕਰੀਬ ਸਨਮਾਨ ਪੱਤਰਾਂ ਤੋਂ ਇਲਾਵਾ ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਅਧਿਆਪਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹੀ ਨਹੀਂ ਅਧਿਆਪਕ ਰਾਜਿੰਦਰ ਸਿੰਘ ਆਪਣੀਆਂ ਪ੍ਰਾਪਤੀਆਂ ਸਦਕਾ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਪ੍ਰਸਿੱਧੀ ਹਾਸਿਲ ਦੇਸ਼ ਫਿਨਲੈਂਡ ਅੰਦਰ ਅੰਤਰਰਾਸ਼ਟਰੀ ਪੱਧਰ ਦੀ ਟਰੇਨਿੰਗ ਵੀ ਹਾਸਿਲ ਕਰ ਚੁੱਕੇ ਹਨ। ਰਾਜਿੰਦਰ ਸਿੰਘ ਬਠਿੰਡਾ ਜ਼ਿਲ੍ਹੇ ਦੇ ਉਹ ਅਧਿਆਪਕ ਹਨ ਜਿਨਾਂ ਨੇ ਆਪਣੇ 20 ਸਾਲ ਦੇ ਅਧਿਆਪਨ ਸਫਰ ਦੌਰਾਨ ਚਾਰ ਵੱਖ-ਵੱਖ ਖਸਤਾਹਾਲ ਸਰਕਾਰੀ ਸਕੂਲਾਂ ਨੂੰ ਬਿਨਾਂ ਸਰਕਾਰੀ ਗਰਾਂਟ ਖਰਚ ਕੀਤੇ ਆਪਣੇ ਹੱਥਾਂ ਨਾਲ ਸਮਾਰਟ ਦੇ ਪ੍ਰਦਾਨ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ ਜਿਸ ਦੇ ਚਲਦਿਆਂ ਹੁਣ ਉਹਨਾਂ ਦੀ ਚੋਣ ਰੂਰਲ ਚੇਂਜ ਮੇਕਰ ਨੈਸ਼ਨਲ ਅਵਾਰਡ ਲਈ ਕੀਤੀ ਗਈ ਹੈ।
Click to Follow Babushahi Facebook page →