ਪ੍ਰੈੱਸ ਦੀ ਆਜ਼ਾਦੀ, RTI ਹੱਕਾਂ ਅਤੇ ਡਿਜੀਟਲ ਅਧਿਕਾਰਾਂ 'ਤੇ ਹਮਲਿਆਂ ਖ਼ਿਲਾਫ਼ ਬਠਿੰਡਾ ਵਿੱਚ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2026 :ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰੈੱਸ ਦੀ ਆਜ਼ਾਦੀ, RTI ਹੱਕਾਂ, ਡਿਜੀਟਲ ਅਧਿਕਾਰਾਂ ਅਤੇ ਪੱਤਰਕਾਰਾਂ ਦੀ ਜੁਬਾਨਬੰਦੀ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਇੱਕ ਵਿਸ਼ਾਲ ਅਤੇ ਰੋਸ ਧਰਨਾ ਤੇ ਮੁਜ਼ਾਹਰਾ ਕੀਤਾ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰਾਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਵੱਖ-ਵੱਖ ਜਮਹੂਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਵਿੱਚ ਲੋਕਤੰਤਰਿਕ ਅਧਿਕਾਰਾਂ ਉੱਤੇ ਹੋ ਰਹੇ ਲਗਾਤਾਰ ਹਮਲਿਆਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ।ਆਗੂਆਂ ਕਿਹਾ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਵਾਂਗ ਜੁਬਾਨਬੰਦੀ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਅਤੇ RTI ਐਕਟੀਵਿਸਟਾਂ ਨੂੰ ਝੂਠੇ ਅਤੇ ਬੇਬੁਨਿਆਦ ਪਰਚਿਆਂ ਵਿੱਚ ਫਸਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਸੰਵਿਧਾਨ ਦੇ ਆਰਟਿਕਲ 19 ਅਧੀਨ ਮਿਲੀ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਸਿੱਧੀ ਉਲੰਘਣਾ ਹੈ।
ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ,ਨਿਰਭੈ ਸਿੰਘ ਢੂਡੀਕੇ ਰਜਿੰਦਰ ਦੀਪ ਸਿੰਘ ਵਾਲਾ, ਮਨਜੀਤ ਸਿੰਘ ਧਨੇਰ, ਜਗਜੀਤ ਸਿੰਘ ਡੱਲੇਵਾਲ, ਜੋਰਾ ਸਿੰਘ ਨਸਰਾਲੀ, ਜਗਮੇਲ ਸਿੰਘ, ਮੰਗਾ ਸਿੰਘ ਆਜ਼ਾਦ, ਸ਼ਿੰਗਾਰਾ ਸਿੰਘ ਮਾਨ , ਅਸ਼ੋਕ ਕੰਬੋਜ ਅਤੇ ਝੰਡਾ ਸਿੰਘ ਜੇਠੂਕੇ, ਰਾਣਾ ਰਣਵੀਰ ਸਿੰਘ, ਪੱਤਰਕਾਰ ਹਮੀਰ ਸਿੰਘ, ਦੀਪਕ ਚਨਾਰਥਲ, ਰਜਿੰਦਰ ਸਿੰਘ ਤੱਗੜ, ਰਤਨਦੀਪ ਧਾਲੀਵਾਲ ਸਮੇਤ ਹੋਰ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਭਾਰਤ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਅਖਵਾਉਂਦਾ ਹੈ, ਪਰ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿੱਚ ਪੂਰੀ ਦੁਨੀਆਂ ਦੇ 180 ਦੇਸ਼ਾਂ ਵਿੱਚੋਂ 151ਵੇਂ ਸਥਾਨ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਕ ਭਰ ਚ ਪੱਤਰਕਾਰਾਂ ਦੇ ਕਤਲ ਹੋ ਰਹੇ ਹਨ, ਪੱਤਰਕਾਰਾਂ ਉੱਤੇ ਪੁਲਿਸੀ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਸੱਚ ਬੋਲਣ ਵਾਲੀਆਂ ਆਵਾਜ਼ਾਂ ਦੀ ਜੁਬਾਨਬੰਦੀ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਇਹ ਉਹ ਪੱਤਰਕਾਰ ਹਨ ਜੋ ਕਾਰਪੋਰੇਟਾਂ ਦੀ ਨਹੀਂ, ਸਗੋਂ ਆਮ ਲੋਕਾਂ ਦੇ ਹੱਕਾਂ ਅਤੇ ਮਸਲਿਆਂ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਪੱਤਰਕਾਰਾਂ ਜਾਂ ਜਮਹੂਰੀ ਆਵਾਜ਼ਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸਦਾ ਸੂਬੇ ਭਰ ਵਿੱਚ ਵਿਸ਼ਾਲ, ਸੰਗਠਿਤ ਅਤੇ ਜਮਹੂਰੀ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਹ ਇਸ ਦੇਸ਼ ਦੇ ਇਤਿਹਾਸ ਵਿੱਚ ਪੱਤਰਕਾਰਾਂ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਜਮਹੂਰੀ ਅੰਦੋਲਨ ਹੈ।
ਧਰਨੇ ਦੌਰਾਨ ਇਹ ਵੀ ਕਿਹਾ ਗਿਆ ਕਿ ਸਰਕਾਰੀ ਪੈਸੇ ਨਾਲ ਤਿਆਰ ਕੀਤਾ ਗਿਆ ਡਾਟਾ ਲੋਕਾਂ ਦੀ ਮਲਕੀਅਤ ਹੁੰਦਾ ਹੈ ਅਤੇ ਉਸਦੀ ਵਰਤੋਂ ’ਤੇ ਰੋਕ ਲਗਾਉਣਾ ਕੁਦਰਤੀ ਨਿਆਂ ਅਤੇ ਪਾਰਦਰਸ਼ਿਤਾ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਇਸ ਸਬੰਧ ਵਿੱਚ Public Money ਨਾਲ ਬਣੇ ਡਾਟੇ ਲਈ ਇੱਕ ਸਪਸ਼ਟ Fair Use Policy ਬਣਾਉਣ ਦੀ ਮੰਗ ਵੀ ਕੀਤੀ ਗਈ।
ਇਸ ਤੋਂ ਇਲਾਵਾ ਪੰਜਾਬ ਵਿੱਚ ਪੈਂਡਿੰਗ ਪਈਆਂ ਹਜ਼ਾਰਾਂ RTI ਅਰਜ਼ੀਆਂ ਦਾ ਮਸਲਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਆਗੂਆਂ ਨੇ ਕਿਹਾ ਕਿ RTI ਕਾਨੂੰਨ ਲੋਕਾਂ ਦਾ ਮੂਲ ਹੱਕ ਹੈ, ਪਰ ਜਾਣਬੁੱਝ ਕੇ ਜਵਾਬ ਨਾ ਦੇ ਕੇ ਸਰਕਾਰ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਸਾਰੀਆਂ ਪੈਂਡਿੰਗ RTIs ਦਾ ਸਮੇਂ-ਬੱਧ ਨਿਪਟਾਰਾ ਕਰਨ ਅਤੇ RTI ਐਕਟੀਵਿਸਟਾਂ ਦੀ ਸੁਰੱਖਿਆ ਲਈ ਵਿਸ਼ੇਸ਼ ਨੀਤੀ ਬਣਾਉਣ ਦੀ ਮੰਗ ਕੀਤੀ ਗਈ।ਇਸ ਮੌਕੇ ਅਜਿਹੇ ਹੀ ਕੱਠ ਮਾਝੇ ਅਤੇ ਦੋਆਬੇ ਵਿੱਚ ਵੀ ਕਰਨ ਦਾ ਐਲਾਨ ਕੀਤਾ ਗਿਆ।
ਅੱਜ ਦੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਮੌਕੇ ਕਿਸੇ ਵੀ ਪਾਸੇ ਤਿਲ ਸੁੱਟਣ ਨੂੰ ਥਾਂ ਨਹੀਂ ਸੀ।ਇਸ ਮੌਕੇ ਸਵਰਨ ਸਿੰਘ ਦਾਨੇਵਾਲੀਆ ਅਤੇ ਸਾਹਿਲਦੀਪ ਨੇ ਸਟੇਜ ਸੰਚਾਲਨ ਕੀਤਾ।ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ , ਬੇਰੁਜ਼ਗਾਰ, ਅਧਿਆਪਕ, ਟਰਾਂਸਪੋਰਟ, ਇਨਕਲਾਬੀ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਕਾਰਕੁੰਨ ਅਤੇ ਆਗੂ ਹਾਜ਼ਰ ਸਨ।