ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣ ਭੱਤਾ ਦੇਣਾ ਯਕੀਨੀ ਬਣਾਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,10 ਜਨਵਰੀ 2026: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਦੋ ਜਨਵਰੀ ਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਨੇ ਖ਼ਜ਼ਾਨੇ ਵਿੱਚੋਂ ਬਿੱਲ ਪਾਸ ਕਰਨ 'ਤੇ ਰੋਕ ਲਾਈ ਹੋਈ ਹੈ ਜਿਸ ਕਰਕੇ ਪੰਜਾਬ ਦੇ ਸਮੂਹ ਮੁਲਾਜ਼ਮ ਅਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤੇ ਨੂੰ ਤਰਸ ਰਹੇ ਹਨ। ਉੱਤੋਂ ਲੋਹੜੀ ਦਾ ਤਿਉਹਾਰ ਹੈ ਪਰ ਸਰਕਾਰ ਨੇ ਹਜੇ ਤੱਕ ਖ਼ਜ਼ਾਨਿਆਂ ਵਿੱਚੋਂ ਬਿੱਲ ਪਾਸ ਨਹੀਂ ਕੀਤੇ। ਜੋ ਸਰਕਾਰ ਦੀ ਨਿਕੰਮੇਪਣ ਨੂੰ ਦਿਖਾਉਂਦਾ ਹੈ, ਇੱਕ ਪਾਸੇ ਸਰਕਾਰ ਵੱਡੀਆਂ ਵੱਡੀਆਂ ਟਾਹਰਾਂ ਮਾਰ ਰਹੀ ਹੈ ਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ 'ਚ ਵੀ ਅਸਫ਼ਲ ਸਿੱਧ ਹੋਈ ਹੈ।
ਪੰਜਾਬ ਦੇ ਸਿਰ 'ਤੇ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਚੜ੍ਹਾਉਣ ਦੇ ਬਾਅਦ ਵੀ ਸਰਕਾਰ ਕੋਲ ਖ਼ਜ਼ਾਨੇ ਵਿੱਚ ਤਨਖਾਹਾਂ ਨੂੰ ਦੇਣ ਤੱਕ ਦੇ ਪੈਸੇ ਨਹੀਂ ਹਨ। ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਖ਼ਜ਼ਾਨੇ ਤੋਂ ਤੁਰੰਤ ਰੋਕ ਹਟਾਵੇ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰਿਲੀਜ਼ ਕਰੇ ਤਾਂ ਜੋ ਉਹਨਾਂ ਦੇ ਬੱਚੇ ਲੋਹੜੀ ਦੇ ਤਿਉਹਾਰ 'ਤੇ ਖੁਸ਼ੀਆਂ ਮਨਾ ਸਕਣ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਸਾਰੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹਾਂ ਟਾਈਮ ਸਿਰ ਦੇਣੀਆਂ ਯਕੀਨੀ ਬਣਾਵੇ।