ਹਰਪਾਲ ਚੀਮਾ ਵੱਲੋਂ PU ਦੇ ਵਿਦਿਆਰਥੀਆਂ 'ਤੇ ਅੱਤਿਆਚਾਰ ਦੀ ਸਖ਼ਤ ਨਿਖੇਧੀ
ਭਾਜਪਾ ਨੂੰ ਸੂਬੇ ਦੀ ਸ਼ਾਂਤੀ ਭੰਗ ਨਾ ਕਰਨ ਦੀ ਦਿੱਤੀ ਚੇਤਾਵਨੀ
ਪੰਜਾਬ ਭਾਜਪਾ ਆਗੂਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਮੁਆਫ਼ੀ ਮੰਗ ਕੇ ਸੂਬੇ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦਿਖਾਉਣ ਦੀ ਦਿੱਤੀ ਚੁਣੌਤੀ
ਚੰਡੀਗੜ੍ਹ, 10 ਨਵੰਬਰ
ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਯੂਨੀਵਰਸਿਟੀ (ਪੀਯੂ) ਦੇ ਵਿਦਿਆਰਥੀਆਂ 'ਤੇ ਕੇਂਦਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਵੱਲੋਂ ਕੀਤੇ ਗਏ ਅੱਤਿਆਚਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਜਪਾ 'ਤੇ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਨਫ਼ਰਤ ਰੱਖਣ ਅਤੇ ਸੂਬੇ ਨੂੰ ਫਿਰ ਤੋਂ ਕਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਨੂੰ ਸਿਕੰਦਰ ਦੀ ਇਤਿਹਾਸਕ ਉਦਾਹਰਣ ਦਿੰਦਿਆਂ ਸਖ਼ਤ ਚੇਤਾਵਨੀ ਦਿੱਤੀ ਕਿ ਜਦੋਂ ਵੀ ਪੰਜਾਬ 'ਤੇ ਹਮਲਾ ਹੋਇਆ ਹੈ, ਪੰਜਾਬੀਆਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਪੰਜਾਬ ਭਾਜਪਾ ਦੇ ਆਗੂਆਂ ਨੂੰ ਇਹ ਵੀ ਚੁਣੌਤੀ ਦਿੱਤੀ ਕਿ ਉਹ ਪੰਜਾਬ ਯੂਨੀਵਰਸਿਟੀ ਜਾ ਕੇ ਵਿਦਿਆਰਥੀਆਂ ਤੋਂ ਮੁਆਫ਼ੀ ਮੰਗਣ ਅਤੇ ਸੂਬੇ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਮਾਣ ਦੇਣ।
ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਵਾਰ-ਵਾਰ ਪੰਜਾਬੀਆਂ ਦੇ ਹਿੱਤਾਂ, ਅਧਿਕਾਰਾਂ ਅਤੇ ਭਾਵਨਾਵਾਂ 'ਤੇ ਹਮਲਾ ਕਰਕੇ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਲਗਾਤਾਰ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਹਵਾਲਾ ਦਿੱਤਾ, ਜਿਸ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨਾ, ਜਿਨ੍ਹਾਂ ਨੂੰ ਅਖੀਰ ਵਿੱਚ ਪੰਜਾਬੀਆਂ ਦੇ ਸ਼ਾਂਤਮਈ ਵਿਰੋਧ ਕਾਰਨ ਮੋਦੀ ਸਰਕਾਰ ਨੂੰ ਵਾਪਸ ਲੈਣਾ ਪਿਆ, ਇਸ ਤੋਂ ਬਾਅਦ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਦੇ ਮੁੱਦੇ 'ਤੇ ਪੰਜਾਬੀ ਮਾਣ-ਸਨਮਾਨ ਨੂੰ ਚੁਣੌਤੀ ਦੇਣਾ, ਅਤੇ ਹੁਣ, ਪੰਜਾਬ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਜਾਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਪਿੱਛੇ ਭਾਜਪਾ ਦਾ ਇੱਕੋ ਇੱਕ ਮਕਸਦ ਸੂਬੇ ਵਿੱਚ "ਖੂਨੀ ਖੇਡ" ਨੂੰ ਮੁੜ ਸ਼ੁਰੂ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਅਤੇ ਭਾਜਪਾ ਇੱਥੇ ਨਫ਼ਰਤ ਦੇ ਬੀਜ ਬੀਜਣ ਵਿੱਚ ਕਦੇ ਕਾਮਯਾਬ ਨਹੀਂ ਹੋਵੇਗੀ।
ਕੈਬਨਿਟ ਮੰਤਰੀ ਚੀਮਾ ਨੇ ਯੂਨੀਵਰਸਿਟੀ ਦੇ ਲੋਕਤੰਤਰੀ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਤੌਰ 'ਤੇ ਵੇਰਵਾ ਦਿੱਤਾ ਅਤੇ ਦੱਸਿਆ ਕਿ ਭਾਜਪਾ ਨੇ ਪਹਿਲਾਂ ਸੈਨੇਟ ਨੂੰ ਖ਼ਤਮ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ, ਫਿਰ ਵਿਆਪਕ ਵਿਰੋਧ ਤੋਂ ਬਾਅਦ ਇਸ ਨੂੰ ਵਾਪਸ ਲੈ ਲਿਆ। ਉਨ੍ਹਾਂ ਅੱਗੇ ਕਿਹਾ ਕਿ ਬੀਤੇ 2 ਸਾਲਾਂ ਤੋਂ ਸੈਨੇਟ ਚੋਣਾਂ ਨਹੀਂ ਹੋਈਆਂ ਅਤੇ ਹੁਣ ਭਾਜਪਾ ਯੂਨੀਵਰਸਿਟੀ ਵਿੱਚ ਵੀ ਆਪਣਾ ਪ੍ਰਸਿੱਧ 'ਵੋਟ ਚੋਰੀ ਫਾਰਮੂਲਾ' ਲਾਗੂ ਕਰਨਾ ਚਾਹੁੰਦੀ ਹੈ।
'ਆਪ' ਆਗੂ ਨੇ ਲੰਬੇ ਸਮੇਂ ਤੋਂ ਲਟਕਦੀਆਂ ਸੈਨੇਟ ਚੋਣਾਂ ਦੀ ਤਾਰੀਖ਼ ਐਲਾਨਣ ਦੀ ਮੰਗ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ 'ਤੇ ਪੁਲਿਸ ਲਾਠੀਚਾਰਜ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਚੰਡੀਗੜ੍ਹ ਨੂੰ ਪੰਜਾਬ ਤੋਂ ਜਾਣ ਵਾਲੇ ਸਾਰੇ ਰਸਤੇ ਸੀਲ ਕੀਤੇ ਜਾਣ 'ਤੇ ਵੀ ਸਖ਼ਤ ਇਤਰਾਜ਼ ਜਿਤਾਉਂਦਿਆਂ ਇਸ ਨੂੰ ਭਾਜਪਾ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਕੀਤੇ ਜਾ ਰਹੀ ਘਿਨਾਉਣੀ ਕਾਰਵਾਈ ਦਾ ਸ਼ਾਂਤਮਈ ਵਿਰੋਧ ਕਰਨ ਲਈ ਪਹੁੰਚ ਰਹੇ ਲੋਕਾਂ ਨੂੰ ਰੋਕਣ ਦੀ ਗੈਰ-ਲੋਕਤਾਂਤਰਿਕ ਕੋਸ਼ਿਸ਼ ਐਲਾਨਿਆ। ਵਿੱਤ ਮੰਤਰੀ ਨੇ ਪੁਲਿਸ ਕਾਰਵਾਈ ਦੌਰਾਨ ਵਿਦਿਆਰਥੀਆਂ ਦੇ ਹੋਏ ਅਪਮਾਨ, ਨੌਜਵਾਨਾਂ ਦੀਆਂ ਦਸਤਾਰਾਂ ਦੀ ਬੇਅਦਬੀ ਅਤੇ ਵਿਦਿਆਰਥਣਾਂ ਦੀਆਂ ਚੁੰਨੀਆਂ ਅਤੇ ਕੱਪੜੇ ਪਾੜਨ ਦੀ ਬਦਸਲੂਕੀ ਨੂੰ ਮੰਦਭਾਗਾ ਐਲਾਨਿਆ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੇਸ਼ ਨੂੰ ਪੰਜਾਬੀਆਂ ਦੇ ਜਜ਼ਬੇ ਦੀ ਯਾਦ ਦਿਵਾਈ, ਕਿ ਉਹਨਾਂ ਨੇ ਕਦੇ ਕਿਸੇ 'ਤੇ ਜ਼ੁਲਮ ਨਹੀਂ ਕੀਤਾ, ਸਗੋਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਪਹੁੰਚੇ ਹਨ, ਭਾਵੇਂ ਉਹ ਗੁਜਰਾਤ ਵਿੱਚ ਕੁਦਰਤੀ ਆਫ਼ਤਾਂ ਹੋਣ ਜਾਂ ਦੁਨੀਆ ਭਰ ਦੇ ਹੋਰ ਦੇਸ਼ਾਂ ਵਿੱਚ ਸੰਕਟ। 1962, 1965, 1971 ਅਤੇ ਇਸ ਸਾਲ ਦੀਆਂ ਜੰਗਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬੀਆਂ ਨੇ ਹਮੇਸ਼ਾ ਨੁਕਸਾਨ ਝੱਲਿਆ ਹੈ ਅਤੇ ਦੇਸ਼ ਦੇ ਦੁਸ਼ਮਣਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਬਹੁਮੁੱਲੇ ਯੋਗਦਾਨ ਦਾ ਅਜਿਹੀ ਨਫ਼ਰਤ ਨਾਲ ਭੁਗਤਾਨ ਕਰਨਾ ਜਾਰੀ ਰੱਖੇਗੀ।
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਟੁੱਟ ਸਮਰਥਨ ਦੇਣ ਦਾ ਵਾਅਦਾ ਕਰਦੇ ਹੋਏ, ਸੀਨੀਅਰ 'ਆਪ' ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਆਗੂਆਂ, ਜਿਨ੍ਹਾਂ ਵਿੱਚ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ, ਜੋ ਸਾਬਕਾ ਸੈਨੇਟ ਮੈਂਬਰ ਵੀ ਹਨ, ਵੱਲੋਂ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ 'ਆਪ' ਕਿਸੇ ਵੀ ਕੀਮਤ ‘ਤੇ ਭਾਜਪਾ ਨੂੰ ਪੰਜਾਬ ਦੀ ਇਸ ਵਕਾਰੀ ਯੂਨੀਵਰਸਿਟੀ ਜਾਂ ਸੂਬੇ ਦੀ ਮੁਸ਼ਕਿਲ ਨਾਲ ਕਮਾਈ ਗਈ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਸਫਲ ਨਹੀਂ ਹੋਣ ਦੇਵੇਗੀ। ਉਨ੍ਹਾਂ ਪੰਜਾਬ ਭਾਜਪਾ ਆਗੂਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਪੁੱਛਿਆ ਕਿ ਕੀ ਉਹ ਸਵੈ-ਮਾਣ ਤੋਂ ਕੰਮ ਲੈਂਦਿਆਂ ਪੀਯੂ ਦੇ ਵਿਦਿਆਰਥੀਆਂ ਦਾ ਸਾਥ ਦੇਣਗੇ, ਜਾਂ ਆਪਣੀਆਂ ਅਹੁਦਿਆਂ ਨੂੰ ਬਚਾਉਣ ਲਈ ਸਿਰ ਝੁਕਾਉਣਾ ਜਾਰੀ ਰੱਖਣਗੇ।