ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਦੇ ਕਰਮੀਆਂ ਲਈ (ਈ.ਐਸ.ਆਈ.) ਸਿਹਤ ਸਕੀਮ ਆਰੰਭ
ਬੰਗਾ 07 ਨਵੰਬਰ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਭਾਰਤ ਸਰਕਾਰ ਦੀ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ ਹੇਠਾਂ ਮੁਫਤ ਮੈਡੀਕਲ ਇਲਾਜ ਸੇਵਾਵਾਂ ਮਿਲਣੀਆਂ ਆਰੰਭ ਹੋ ਗਈਆਂ ਹਨ । ਅੱਜ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਉਕਤ ਯੋਜਨਾ ਅਧੀਨ ਰਜਿਸਟਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰਨ ਵਾਲੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਦੇ ਈ ਪਹਿਚਾਣ ਪੱਤਰ ਆਪਣੇ ਕਰ ਕਮਲਾਂ ਪ੍ਰਦਾਨ ਕੀਤੇ । ਉਹਨਾਂ ਨੇ ਕਿਹਾ ਕਿ ਹੁਣ ਢਾਹਾਂ ਕਲੇਰਾਂ ਵਿਖੇ ਚੱਲਦੇ ਸਮੂਹ ਅਦਾਰਿਆਂ ਦੇ ਕਰਮਚਾਰੀ ਇਸ ਬੀਮਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣਗੇ । ਇਸ ਸਕੀਮ ਹੇਠਾਂ ਵਿਚ ਕਰਮਚਾਰੀ ਤੋਂ ਇਲਾਵਾ ਉਸ 'ਤੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਇਸ ਸਕੀਮ ਹੇਠਾਂ ਰਜਿਸਟਰਡ ਹਸਪਤਾਲਾਂ ਵਿਖੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਨੇ ਕਰਮਚਾਰੀ ਰਾਜ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਤੇ ਇਸ ਦੇ ਲਾਭਾਂ ਬਾਰੇ ਦੱਸਿਆ ਅਤੇ ਹਸਪਤਾਲ ਵਿਖੇ ਮਿਲਦੀਆਂ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਹ ਸਕੀਮ ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਪ੍ਰਾਈਵੇਟ ਅਦਾਰਿਆਂ, ਕਾਰਖਾਨਿਆਂ, ਸਕੂਲਾਂ, ਹਸਪਤਾਲਾਂ ਆਦਿ ਵਿੱਚ ਕੰਮ ਕਰਦੇ ਉਹਨਾਂ ਕਰਮਚਾਰੀਆਂ ਲਈ ਚਲਾਈ ਜਾਂਦੀ ਹੈ ਜਿਹਨਾਂ ਦੀ ਤਨਖਾਹ 21 ਹਜ਼ਾਰ ਰੁਪਏ ਤੱਕ ਤੋਂ ਘੱਟ ਹੈ ਅਤੇ ਇਹ ਬੀਮਾ ਯੋਜਨਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਵੀ ਸ਼ੁਰੂ ਹੋ ਗਈ ਹੈ । ਇਸ ਮੌਕੇ ਸ. ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਸ. ਕਮਲਜੀਤ ਸਿੰਘ ਅਕਾਊਟੈਂਟ, ਸ੍ਰੀ ਜੋਗਾ ਰਾਮ ਇੰਚਾਰਜ ਹਾਊਸ ਕੀਪਿੰਗ ਵਿਭਾਗ ਅਤੇ ਹਸਪਤਾਲ ਕਰਮਚਾਰੀ ਹਾਜ਼ਰ ਸਨ ।