ਜਿਸ ਲੜਕੇ ਦੇ ਪਿਆਰ ਵਿੱਚ ਪੈਕੇ ਹੋਏ ਮਾਂ ਪਿਓ ਦੀ ਨਹੀਂ ਸੁਣੀ ਉਸਨੇ ਦਿੱਤਾ ਧੋਖਾ, ਹੁਣ ਪੰਜਾਬ ਵਿੱਚ ਭਟਕ ਰਹੀ ਹੈ ਗੁਰਦਾਸਪੁਰ ਦੀ ਲੜਕੀ
ਰੋਹਿਤ ਗੁਪਤਾ
ਗੁਰਦਾਸਪੁਰ 7 ਨਵੰਬਰ
ਕਹਿੰਦੇ ਹਨ ਲੜਕੀਆਂ ਜਿਆਦਾ ਇਮੋਸ਼ਨਲ ਹੁੰਦੀਆਂ ਹਨ ਇਸੇ ਕਾਰਨ ਲੜਕਿਆਂ ਦੇ ਬਹਿਕਾਵੇ ਵਿੱਚ ਆ ਕੇ ਬਿਨਾਂ ਸੋਚੇ ਸਮਝੇ ਘਰ ਬਾਰ ਛੱਡ ਦਿੰਦੀਆਂ ਹਨ ਅਤੇ ਬਾਅਦ ਵਿੱਚ ਜਦੋਂ ਲੜਕੇ ਵੱਲੋਂ ਧੋਖਾ ਮਿਲਦਾ ਹੈ ਤਾਂ ਇਹਨਾਂ ਨੂੰ ਪਛਤਾਉਣਾ ਪੈਂਦਾ ਹੈ। ਰਾਜਸਥਾਨ ਦੀ ਰਹਿਣ ਵਾਲੀ ਇਕ ਲੜਕੀ ਨਾਲ ਅਜਿਹਾ ਹੀ ਹੋਇਆ ਹੈ ਅਤੇ ਹੁਣ ਉਹ ਨਾ ਆਪਣੇ ਘਰ ਵਾਪਸ ਜਾਣ ਜੋਗੀ ਹੈ ਤੇ ਨਾ ਲੜਕਾ ਉਸਨੂੰ ਰੱਖ ਰਿਹਾ ਹੈ। ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਲੜਕੀ ਨੂੰ ਸਖੀ ਵਨ ਸੈਂਟਰ ਵਿਖੇ ਭੇਜ ਦਿੱਤਾ ਗਿਆ ਹੈ। ਜਿੱਥੇ ਉਸਨੇ ਆਪਣੀ ਆਪਬੀਤੀ ਮੀਡੀਆ ਸਾਹਮਣੇ ਪੇਸ਼ ਕੀਤੀ।
ਲੜਕੀ ਨੇ ਦੱਸਿਆ ਕਿ ਅਨਿਲ ਨਾਮ ਗੁਰਦਾਸਪੁਰ ਤੇ ਪਿੰਡ ਬਾਬੋਵਾਲ ਦਾ ਰਹਿਣ ਵਾਲਾ ਲੜਕਾ ਜੋ ਆਪਣੇ ਕੰਮ ਦੇ ਸਿਲਸਿਲੇ ਵਿੱਚ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਗਿਆ ਸੀ ਨਾਲ ਉਸਦੀ ਮੁਲਾਕਾਤ ਹੋਈ ਤਾਂ ਅਨਿਲ ਨੇ ਉਸ ਨੂੰ ਆਪਣੇ ਝਾਂਸੇ ਵਿੱਚ ਲੈ ਲਿਆ ਪਰ ਬਾਅਦ ਵਿੱਚ ਮੁਕਰ ਗਿਆ ਤਾਂ ਉਸਨੇ ਰਾਜਸਥਾਨ ਵਿੱਚ ਅਨਿਲ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਜਿੱਥੋਂ ਅਨਿਲ ਅਤੇ ਉਸਦਾ ਪਰਿਵਾਰ ਵਿਆਹ ਕਰਾਉਣ ਦਾ ਲਾਰਾ ਲਾ ਕੇ ਉਸਨੂੰ ਗੁਰਦਾਸਪੁਰ ਲੈ ਆਇਆ । ਉਸ ਨੇ ਬਿਨਾਂ ਸੋਚੇ ਸਮਝੇ ਪਿਆਰ ਵਿੱਚ ਭਾਵੁਕ ਹੋ ਕੇ ਆਪਣੇ ਮਾਂ ਪਿਓ ਦੀ ਵੀ ਇੱਕ ਨਹੀਂ ਮੰਨੀ ਅਤੇ ਅਨਿਲ ਨਾਲ ਗੁਰਦਾਸਪੁਰ ਆ ਗਈ । ਇੱਥੇ ਬਾਬੋਵਾਲ ਵਿਖੇ ਅਨਿਲ ਦੇ ਘਰ ਕੁਝ ਦੇਰ ਤਾਂ ਠੀਕ ਰਿਹਾ ਪਰ ਬਾਅਦ ਵਿੱਚ ਅਨਿਲ ਦੀ ਮਾਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਅਨਿਲ ਤੇ ਹੋਰ ਵਿਆਹ ਕਰਾਉਣ ਦਾ ਦਬਾਅ ਪਾਉਣ ਲੱਗੀ । ਉਸ ਨਾਲ ਮਾਰ ਕੁਟਾਈ ਹੋਣ ਲੱਗੀ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਅਨਿਲ ਦੀ ਮਾਂ ਨੇ ਇਹ ਕਹਿ ਕੇ ਉਹਨਾਂ ਨੂੰ ਵੱਖ ਕਰ ਦਿੱਤਾ ਕਿ ਅਨਿਲ ਨੂੰ ਬੇਦਖਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅਨਿਲ ਉਸ ਨੂੰ ਫਰੀਦਕੋਟ ਲੈ ਆਇਆ ਜਿੱਥੇ ਉਹ ਦੋਨੋਂ ਨੌਕਰੀ ਕਰਨ ਲੱਗ ਪਏ । ਉਹ ਲੋਕਾਂ ਦੇ ਘਰਾਂ ਲਈ ਟਿਫਨ ਤਿਆਰ ਕਰਦੀ ਸੀ ਪਰ ਇੱਥੇ ਵੀ ਅਨਿਲ ਆਪਣੀ ਮਾਂ ਦੇ ਕੰਟਰੋਲ ਵਿੱਚ ਸੀ ਪਹਿਲਾਂ ਉਸ ਨਾਲ ਮਾਰ ਕੁਟਾਈ ਕਰਦਾ ਅਤੇ ਵਾਪਸ ਰਾਜਸਥਾਨ ਚਲੇ ਜਾਣ ਦਾ ਦਬਾਅ ਪਾਉਂਦਾ ਤੇ ਫਿਰ 20 ਦਿਨ ਤੋਂ ਉਸਦੇ ਕੋਲ ਹੀ ਨਹੀਂ ਆਇਆ । ਉਹ ਇਕੱਲੀ 20 ਦਿਨ ਅਨਿਲ ਨੂੰ ਉਡੀਕਦੀ ਰਹੀ। ਕੁਝ ਦਿਨ ਉਸਨੂੰ ਭੁੱਖੇ ਵੀ ਰਹਿਣਾ ਪਿਆ ਕਿਉਂਕਿ ਪੈਸੇ ਖਤਮ ਹੋ ਗਏ ਸਨ ਅਤੇ ਫਿਰ ਕਿਸੇ ਤਰ੍ਹਾਂ ਗੁਰਦਾਸਪੁਰ ਪਹੁੰਚ ਗਈ ਪਰ ਅਨਿਲ ਦੇ ਮਾਂ ਪਿਓ ਨੇ ਉਸਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਅਨਿਲ ਨੂੰ ਗਾਇਬ ਕਰ ਦਿੱਤਾ। ਜਿਸ ਤੋਂ ਬਾਅਦ ਉਸ ਸਬੰਧਤ ਪੁਲਿਸ ਥਾਣੇ ਸਦਰ ਗੁਰਦਾਸਪੁਰ ਵਿਖੇ ਪਹੁੰਚੀ , ਜਿੱਥੋਂ ਉਸ ਦੇ ਬਿਆਨ ਲੈਣ ਤੋਂ ਬਾਅਦ ਉਸਨੂੰ ਸਖੀ ਵਨ ਸੈਂਟਰ ਭੇਜ ਦਿੱਤਾ ਗਿਆ ਹੈ। ਪਿੰਕੀ ਕਹਿੰਦੀ ਹੈ ਕਿ ਉਹ ਆਪਣੇ ਮਾਂ ਪਿਓ ਨੂੰ ਛੱਡ ਚੁੱਕੀ ਹੈ ਇਸ ਲਈ ਕਿਹੜੇ ਮੂੰਹ ਨਾਲ ਵਾਪਸ ਰਾਜਸਥਾਨ ਜਾਵੇਗੀ । ਉਹ ਅਨਿਲ ਨਾਲ ਹੀ ਰਹਿਣਾ ਚਾਹੁੰਦੀ ਹੈ ਨਹੀਂ ਤਾਂ ਜਾਨ ਦੇ ਦੇਵੇਗੀ ਪਰ ਅਨਿਲ ਦੇ ਘਰ ਵਾਲਿਆਂ ਨੇ ਉਸਨੂੰ ਗਾਇਬ ਕਰ ਦਿੱਤਾ ਹੈ ।
ਦੂਜੇ ਪਾਸੇ ਸਖੀ ਵਨ ਸੈਂਟਰ ਦੀ ਕਰਮਚਾਰਨ ਕੰਚਨ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਪਿੰਕੀ ਇੱਥੇ ਪਹੁੰਚੀ ਹੈ। ਦੋਨਾਂ ਪੱਖਾਂ ਨੂੰ ਬੁਲਾ ਕੇ ਇਸ ਨੂੰ ਅਨਿਲ ਦੇ ਨਾਲ ਭੇਜਿਆ ਜਾਵੇਗਾ ਅਤੇ ਇਸ ਨੂੰ ਇਨਸਾਫ ਦਵਾਉਣ ਲਈ ਇਸਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ।