ਕਿੱਥੋਂ ਆ ਗਏ ਇੰਨੇ ਕੁੱਤੇ, 20-25 ਦੇ ਝੁੰਡ ਵਿੱਚ ਮੁਹੱਲੇ ਵਿੱਚ ਘੁੰਮ ਰਹੇ ਕੁੱਤਿਆਂ ਤੋਂ ਲੋਕ ਪਰੇਸ਼ਾਨ
ਬੱਚੇ ਕਹਿੰਦੇ ਤਿੰਨ ਚਾਰ ਦਿਨ ਤੋਂ ਸਕੂਲ ਜਾਣ ਅਤੇ ਗਲੀ ਵਿੱਚ ਖੇਡਣ ਤੋਂ ਵੀ ਲੱਗਦਾ ਡਰ
ਰੋਹਿਤ ਗੁਪਤਾ
ਗੁਰਦਾਸਪੁਰ 1 ਨਵੰਬਰ
ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿੱਚ ਸਥਿਤ ਬੇਰੀਆਂ ਮਹੱਲੇ ਦੇ ਲੋਕ ਗਲੀ ਵਿੱਚ 20 _25 ਦੇ ਝੁੰਡ ਵਿੱਚ ਘੁੰਮ ਰਹੇ ਕੁੱਤਿਆਂ ਤੋਂ ਸਹਿਮੇ ਹੋਏ ਹਨ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੁੱਤੇ ਗਲੀ ਵਿੱਚ ਘੁੰਮਦੇ ਰਹਿੰਦੇ ਹਨ ਅਤੇ ਬੱਚੇ ਇਹਨਾਂ ਤੋਂ ਇੰਨੇ ਡਰੇ ਹੋਏ ਹਨ ਕਿ ਤਿੰਨ ਚਾਰ ਦਿਨਾਂ ਤੋਂ ਸਕੂਲ ਜਾਣ ਇਥੋਂ ਤੱਕ ਕਿ ਗਲੀ ਵਿੱਚ ਖੇਡਣ ਤੋਂ ਵੀ ਗੁਰੇਜ ਕਰ ਰਹੇ ਹਨ। ਮੁਹੱਲਾ ਨਿਵਾਸੀਆਂ ਅਨੁਸਾਰ ਜਦੋਂ ਕੋਈ ਇਹਨਾਂ ਨੂੰ ਕੋਈ ਸੋਟੀ ਜਾਂ ਹੋਰ ਕਿਸੇ ਚੀਜ਼ ਨਾਲ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਭੌਂਕਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਬੇਕਾਰ ਜਾਂਦੀ ਹੈ। ਉਹਨਾਂ ਨੂੰ ਡਰ ਹੈ ਕਿ ਇਕੱਠੇ ਹੋਏ ਕੁੱਤੇ ਕਦੀ ਵੀ ਕਿਸੇ ਤੇ ਵੀ ਹਮਲਾ ਕਰ ਸਕਦੇ ਹਨ ।
ਦੱਸ ਦਈਏ ਕਿ ਸ਼ਹਿਰ ਵਿੱਚ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਛੇ ਕੁ ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਕੁੱਤਿਆਂ ਨੂੰ ਫੜ ਕੇ ਇਹਨਾਂ ਦੀ ਨਸਬੰਦੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਹ ਅਭਿਆਨ ਸਿਰਫ ਕੁਝ ਹੀ ਇਲਾਕਿਆਂ ਵਿੱਚ ਚਲਿਆ ਅਤੇ ਕੁਝ ਦਿਨ ਬਾਅਦ ਹੀ ਬੰਦ ਹੋ ਗਿਆ ਜਦਕਿ ਲੋਕਾਂ ਦੀ ਮੰਗ ਹੈ ਕਿ ਅਜਿਹੇ ਅਭਿਆਨ ਲਗਾਤਾਰ ਚਲਾਏ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਿੱਚ ਕੁੱਤਿਆਂ ਦੀ ਗਿਣਤੀ ਹੋਰ ਨਾ ਵਧੇ ਕਿਉਂਕਿ ਸ਼ਹਿਰ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਗੀਤ ਭਵਨ ਰੋਡ ਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ।