ਭਾਕਿਯੂ ਏਕਤਾ ਡਕੌਂਦਾ ਵੱਲੋਂ ਹੜ੍ਹ ਪੀੜਤਾਂ ਦੀ ਸੇਵਾ ਅਤੇ ਸੰਘਰਸ਼ ਦੇ ਦੋਵੇਂ ਮੋਰਚਿਆਂ ਤੇ ਲੜ੍ਹਾਈ ਜਾਰੀ 
ਅਸ਼ੋਕ ਵਰਮਾ
 
 
ਬਰਨਾਲਾ 31 ਅਕਤੂਬਰ 2025 :ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਤੋਂ ਇਲਾਵਾ 14 ਜ਼ਿਲ੍ਹਿਆਂ ਦੇ ਆਗੂ ਸ਼ਾਮਿਲ ਹੋਏ। ਮੀਟਿੰਗ ਵਿੱਚ ਹੇਠ ਲਿਖੇ ਫ਼ੈਸਲੇ ਸਰਬਸੰਮਤੀ ਨਾਲ ਕੀਤੇ ਗਏ। 
1 ਨਵੰਬਰ ਨੂੰ ਗਦਰੀ ਬਾਬਿਆਂ ਦੇ ਮੇਲੇ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜਥੇਬੰਦੀ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।
ਜਥੇਬੰਦੀ ਵੱਲੋਂ ਹੜ੍ਹ ਪੀੜਤਾਂ ਦੀ ਸੇਵਾ ਲਗਾਤਾਰ ਜਾਰੀ ਹੈ। ਇਸੇ ਕੜੀ ਵਜੋਂ 5 ਨਵੰਬਰ ਨੂੰ ਇੱਕ ਵਾਰ ਫਿਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਇਲਾਕੇ ਵਿੱਚ ਖਾਦ ਅਤੇ ਕਣਕ ਦਾ ਬੀਜ ਵੰਡਿਆ ਜਾਵੇਗਾ। ਜਥੇਬੰਦੀ ਦੀ ਸੂਬਾ ਕਮੇਟੀ ਅਤੇ ਜ਼ਿਲ੍ਹਿਆਂ ਦੇ ਆਗੂ ਇਸ ਸਮੇਂ ਮੱਲਾਂਵਾਲੇ ਪਹੁੰਚ ਕੇ ਇਸ ਕੰਮ ਦੀ ਨਿਗਰਾਨੀ ਕਰਨਗੇ। 
2 ਨਵੰਬਰ ਨੂੰ ਲੁਧਿਆਣਾ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ, ਪਾਵਰਕੌਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣ ਦੇ ਖ਼ਿਲਾਫ਼ ਅਤੇ ਬਿਜਲੀ ਖੇਤਰ ਵਿੱਚ ਨਿੱਜੀਕਰਨ ਲਾਗੂ ਕਰਨ ਦੇ ਖ਼ਿਲਾਫ਼, ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਸੂਬਾਈ ਧਰਨਾ ਦਿੱਤਾ ਜਾ ਰਿਹਾ ਹੈ। ਜਥੇਬੰਦੀ ਨੇ ਇਸ ਸੰਘਰਸ਼ ਦੀ ਪੂਰਨ ਹਮਾਇਤ ਅਤੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।
4 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਿਜਲੀ ਸੋਧ ਬਿੱਲ 2025 ਦੇ ਖ਼ਿਲਾਫ਼ ਮੰਗ ਪੱਤਰ ਦਿੱਤੇ ਜਾਣੇ ਹਨ। ਜਥੇਬੰਦੀ ਦੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੀਆਂ। ਮੀਟਿੰਗ ਨੇ ਪਾਸ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ-2025 ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰਕੇ ਲਿਆਂਦਾ ਜਾ ਰਿਹਾ ਹੈ ਅਤੇ ਇਹ ਬਿਜਲੀ ਵੰਡ ਦੇ ਖੇਤਰ ਵਿੱਚ ਨਿੱਜੀਕਰਨ ਲਾਗੂ ਕਰਨ ਦੀ ਚਾਲ ਹੈ। ਇਸ ਲਈ ਬਿਜਲੀ ਸੋਧ ਬਿੱਲ 2025 ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ 26 ਨਵੰਬਰ ਨੂੰ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਹੈ। ਜਥੇਬੰਦੀ ਇਸ ਵਿੱਚ ਪੂਰੇ ਜ਼ੋਸੋ ਖਰੋਸ਼ ਨਾਲ ਸ਼ਾਮਿਲ ਹੋਵੇਗੀ।
ਮੀਟਿੰਗ ਨੇ ਮਹਾਰਾਸ਼ਟਰ ਦੇ ਨਾਗਪੁਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੀ ਜੈ ਜੈਕਾਰ ਕੀਤੀ। ਮੋਦੀ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਗੁੱਸਾ ਵੱਖੋ ਵੱਖ ਘੋਲ ਸ਼ਕਲਾਂ ਰਾਹੀਂ ਪ੍ਰਗਟ ਹੋ ਰਿਹਾ ਹੈ। ਜਥੇਬੰਦੀ ਨੇ ਮਹਿਸੂਸ ਕੀਤਾ ਕਿ ਮਹਾਰਾਸ਼ਟਰ ਦੇ ਕਿਸਾਨਾਂ ਦਾ ਘੋਲ ਸੁਲੱਖਣਾ ਵਰਤਾਰਾ ਹੈ ਅਤੇ ਇਸ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਘੋਲ ਵਾਂਗੂ ਸਹੀ ਲੀਹਾਂ ਤੇ ਚਲਾਉਣ ਦੀ ਲੋੜ ਹੈ।
ਇਸੇ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਜ਼ਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਸਖ਼ਤੀ ਦੇ ਖ਼ਿਲਾਫ਼ ਅਤੇ ਡੀਏਪੀ ਦੀ ਘਾਟ ਦੇ ਖ਼ਿਲਾਫ਼ ਰੈਲੀਆਂ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਥੇਬੰਦੀ ਦਾ ਮੱਤ ਹੈ ਕਿ ਅਸੀਂ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਉਤਸ਼ਾਹਿਤ ਨਹੀਂ ਕਰਾਂਗੇ ਪ੍ਰੰਤੂ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਰੀ ਜਾਂ ਮੁਆਵਜੇ ਦੀ ਅਣਹੋਂਦ ਵਿੱਚ ਜੇਕਰ ਕੋਈ ਕਿਸਾਨ ਪਰਾਲੀ ਸਾੜਦਾ ਹੈ ਤਾਂ ਉਸ ਦੇ ਖ਼ਿਲਾਫ਼ ਕੀਤੀ ਜਾ ਰਹੀ ਕਿਸੇ ਵੀ ਸਖ਼ਤੀ ਦਾ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਨੂੰ ਖਾਦ ਦੇ ਨਾਲ ਗੈਰ ਜ਼ਰੂਰੀ ਵਸਤਾਂ ਜਬਰੀ ਮੜ੍ਹਨ ਦਾ ਸਖਤ ਨੋਟਿਸ ਲਿਆ ਗਿਆ।
ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਉਨ੍ਹਾਂ ਦੀ 'ਕੁਰਬਾਨੀ, ਸਿੱਖਿਆਵਾਂ, ਧਰਮ ਨਿਰਪੱਖ ਅਕੀਦੇ ਸਬੰਧੀ 18 ਨਵੰਬਰ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਜਥੇਬੰਦੀ ਵੱਲੋਂ ਸੂਬਾਈ ਸੈਮੀਨਾਰ ਕਰਵਾਇਆ ਜਾਵੇਗਾ।