Canada: ਸਰੀ ਵਿਚ ਦਰਸ਼ਨ ਸੰਘਾ ਦੀ ਪੁਸਤਕ ‘ਇੰਡੋ-ਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ’ ਲੋਕ ਅਰਪਣ
ਹਰਦਮ ਮਾਨ
ਸਰੀ, 19 ਅਕਤੂਬਰ 2025-ਬੀਤੇ ਦਿਨ ਆਰੀਆ ਬੈਂਕੁਇਟ ਹਾਲ ਸਰੀ ਵਿਖੇ ਕਾਮਰੇਡ ਦਰਸ਼ਨ ਸੰਘਾ ਦੀ ਖੋਜ ਭਰਪੂਰ ਪੁਸਤਕ ‘ਇੰਡੋ-ਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ’ ਲੋਕ ਅਰਪਣ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਗੁਰਨਾਮ ਸਿੰਘ ਸੰਘੇੜਾ, ਬੀ.ਸੀ. ਦੇ ਸਾਬਕਾ ਮੰਤਰੀ ਹੈਰੀ ਬੈਂਸ, ਸ਼ਾਇਰ ਮੋਹਨ ਗਿੱਲ ਅਤੇ ਸੁਖਵੰਤ ਹੁੰਦਲ ਨੇ ਕੀਤੀ।
ਸੁਰਿੰਦਰ ਸੰਘਾ ਦੇ ਭਤੀਜੇ ਗੁਰਪ੍ਰੀਤ (ਗੈਰੀ ਸੰਘਾ) ਨੇ ਸਭ ਨੂੰ ਜੀ ਆਇਆਂ ਕਿਹਾ। ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਸੰਭਾਲਦਿਆਂ ਪ੍ਰੋ. ਹਰਿੰਦਰਜੀਤ ਸੰਧੂ ਨੇ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਤਾਬ ਵਿਚ 1937 ਤੋਂ 1967 ਤੱਕ ਦੇ ਦੌਰ ਦੀ ਸੰਘਰਸ਼ਮਈ ਕਹਾਣੀ ਹੈ। ਇਸ ਦੀ ਸ਼ੁਰੂਆਤ ਉਹਨਾਂ ਪਹਿਲੇ ਪੰਜਾਬੀਆਂ ਤੋਂ ਹੁੰਦੀ ਹੈ ਜੋ ਇੱਥੇ ਆ ਕੇ ਵਸੇ, ਤੇ ਹੌਲੀ ਹੌਲੀ 1967 ਤੱਕ ਪਹੁੰਚਦੀ ਹੈ—ਜਦੋਂ ਉਹਨਾਂ ਦਾ ਸੰਘਰਸ਼, ਉਹਨਾਂ ਦੇ ਕੰਮ ਕਰਨ ਦੇ ਢੰਗ ਅਤੇ ਸੰਗਠਨ ਦਾ ਰੂਪ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸ਼ੁਰੂਆਤੀ ਦੌਰ ਵਿੱਚ ਨਸਲਵਾਦ ਬਹੁਤ ਹੀ ਤਿੱਖੇ ਢੰਗ ਨਾਲ ਮੌਜੂਦ ਸੀ, ਪਰ ਇਹਨਾਂ ਪ੍ਰਵਾਸੀਆਂ ਨੇ ਉਸ ਨਾਲ ਮੁਕਾਬਲਾ ਕੀਤਾ ਅਤੇ ਸਮੇਂ ਦੇ ਨਾਲ ਉਸ ਨੂੰ ਕਾਫ਼ੀ ਹੱਦ ਤੱਕ ਘਟਾਇਆ। 1967 ਵਿੱਚ ਕੈਨੇਡਾ ਵਿੱਚ ਪੁਆਇੰਟ ਸਿਸਟਮ ਵਾਲਾ ਨਵਾਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਹੋਇਆ, ਜਿਸ ਨਾਲ ਨਸਲੀ ਭੇਦਭਾਵ ਦੀ ਦਿਸ਼ਾ ਹੀ ਬਦਲ ਗਈ।
ਇਸ ਕਿਤਾਬ ਵਿੱਚ ਨਸਲੀ ਵਿਤਕਰੇ ਬਾਰੇ ਗਹਿਰਾਈ ਨਾਲ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਵੋਟ ਦੇ ਅਧਿਕਾਰ, ਨਾਗਰਿਕਤਾ, ਮੀਡੀਆ ਦੀ ਭੂਮਿਕਾ ਅਤੇ ਸਾਫ-ਸੁਥਰੀਆਂ ਸੁਸਾਇਟੀਆਂ (ਜਿਵੇਂ ਕਿ ਖਾਲਸਾ ਦੀਵਾਨ ਸੁਸਾਇਟੀ) ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਗਿਆ ਹੈ। ਕਿਤਾਬ ਇਹ ਵੀ ਦਿਖਾਉਂਦੀ ਹੈ ਕਿ ਕਿਵੇਂ ਕੁਝ ਸੱਤਾ-ਧਾਰੀ ਤਾਕਤਾਂ ਸਮਾਜ ਨੂੰ ਵੰਡ ਕੇ ਆਪਣੇ ਮਕਸਦ ਪੂਰੇ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ।
ਪੁਸਤਕ ਰਿਲੀਜ਼ ਕਰਨ ਦੀ ਰਸਮ ਉਪਰੰਤ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਗੁਰਨਾਮ ਸੰਘੇੜਾ ਨੇ ਕਿਹਾ ਕਿ ਇਹ ਪੁਸਤਕ ਇੰਡੋ ਕੈਨੇਡੀਅਨ ਪਰਵਾਸੀਆਂ ਦੇ ਇਤਿਹਾਸ ਦਾ ਮਹੱਤਵਪੂਰਨ ਦਸਤਾਵੇਜ਼ ਹੈ। ਡਾ. ਹੈਰੀ ਬੈਂਸ ਨੇ ਪੁਸਤਕ ਨੂੰ ਚਾਰ ਨੁਕਤਿਆਂ ਰਾਹੀਂ ਪੇਸ਼ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਗੋਰਿਆਂ ਵੱਲੋਂ ਸਾਡੇ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਹੈ ਉੱਥੇ ਅਸੀਂ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਸਾਡੇ ਆਪਣੇ ਵੀ ਸਾਡੇ ਨਾਲ ਵਿਤਕਰਾ ਕਰਨ ਵਿਚ ਕਸਰ ਬਾਕੀ ਨਹੀਂ ਛੱਡਦੇ।
ਮੋਹਨ ਗਿੱਲ ਨੇ ਕਿਹਾ ਕਿ ਇਹ ਪੁਸਤਕ ਕੈਨੇਡਾ ਵਿਚ ਸਾਡੀ ਕਮਿਊਨਿਟੀ ਦੇ ਸੰਘਰਸ਼ਮਈ ਇਤਿਹਾਸ ਨੂੰ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਲਈ ਤੱਕ ਪੁਚਾਉਣ ਲਈ ਬਹੁਤ ਅਹਿਮ ਭੂਮਿਕਾ ਅਦਾ ਕਰੇਗੀ। ਸੁਖਵੰਤ ਹੁੰਦਲ ਨੇ ਇਸ ਪੁਸਤਕ ਦੀ ਪ੍ਰਸੰਸਾ ਕਰਦਿਆਂ ਨਾਲ ਹੀ ਸੁਰਿੰਦਰ ਸੰਘਾ ਨੂੰ ਅਪੀਲ ਕੀਤੀ ਕਿ ਉਹ ਹੁਣ ਆਪਣੀ ਅਗਲੀ ਪੁਸਤਕ ਵਿਚ 1970 ਤੋਂ ਅੱਗੇ ਦੇ ਇਤਿਹਾਸ ਬਾਰੇ ਲਿਖਣ ਦਾ ਖੋਜ ਕਾਰਜ ਕਰਨ। ਸਮਾਗਮ ਵਿਚ ਹਾਜਰ ਹੋਏ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ, ਐਮਐਲਏ ਸਟੀਵ ਕੂਨਰ ਤੇ ਹਰਮਨ ਭੰਗੂ, ਬੀ.ਸੀ. ਦੀ ਸਿੱਖਿਆ ਮੰਤਰੀ ਜੈਸੀ ਸੁੰਨੜ, ਸਾਬਕਾ ਮੰਤਰੀ ਜਿੰਨੀ ਸਿਮਸ, ਡੈਲਟਾ ਪੁਲਿਸ ਅਫਸਰ ਜੈਸੀ ਸਹੋਤਾ, ਸਤੀਸ਼ ਗੁਲਾਟੀ ਅਤੇ ਰੇਡੀਓ ਸਵਿਫਟ 1200AM ਦੇ ਪ੍ਰੈਜ਼ੀਡੈਂਟ ਮਨਜੀਤ ਢੇਸੀ ਨੇ ਕਮਿਊਨਿਟੀ ਦੇ ਲੋਕਾਂ ਵੱਲੋਂ ਕੀਤੀ ਮਿਹਨਤ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਇਸ ਪੁਸਤਕ ਲਈ ਸੁਰਿੰਦਰ ਸੰਘਾ ਨੂੰ ਮੁਬਾਰਕਬਾਦ ਦਿੱਤੀ।
ਪੁਸਤਕ ਦੇ ਲੇਖਕ ਸੁਰਿੰਦਰ ਸੰਘਾ ਨੇ ਸਾਰੇ ਮਹਿਮਾਨਾਂ, ਬੁਲਾਰਿਆਂ ਅਤੇ ਸਮਾਗਮ ਵਿਚ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਇਸ ਪੁਸਤਕ ਦੇ ਹੋਂਦ ਵਿਚ ਆਉਣ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਦੇ ਤਜਰਬਿਆਂ ਵੱਲ ਮੁੜ ਕੇ ਉਨ੍ਹਾਂ ਜਦੋਂ ਵੀ ਦੇਖਿਆ ਹੈ ਤਾਂ ਇਹ ਸਾਫ਼ ਹੁੰਦਾ ਹੈ ਕਿ ਸਾਡੀ ਕਮਿਊਨਿਟੀ ਨੇ ਕਨੇਡਾ ਵਿੱਚ ਰਹਿੰਦੇ ਹੋਏ ਜੋ ਸੰਗਰਾਮ ਤੇ ਕੁਰਬਾਨੀਆਂ ਕੀਤੀਆਂ ਹਨ ਅਤੇ ਯੋਗਦਾਨ ਪਾਇਆ ਹੈ, ਉਹ ਸਾਰੇ ਪੂਰੀ ਤਰ੍ਹਾਂ ਲਿਖਤ ਰੂਪ ਵਿੱਚ ਦਰਜ ਨਹੀਂ ਕੀਤੇ ਗਏ। ਇਹ ਨਾ ਸਿਰਫ਼ ਇਤਿਹਾਸਕ ਬੇਇਨਸਾਫੀ ਹੈ, ਸਗੋਂ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਸੱਚ ਤੋਂ ਪਰ੍ਹੇ ਰੱਖਣ ਦੀ ਸਾਜ਼ਿਸ਼ ਹੈ। ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਇਤਿਹਾਸ ਵਿਚ ਕਈ ਵਾਰ ਪ੍ਰਸਪਰ ਰਾਜਨੀਤਿਕ ਅਸਹਿਮਤੀਆਂ ਨੂੰ ਆਧਾਰ ਬਣਾ ਕੇ ਸੱਚਾਈ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਕਿਤਾਬ ਲਿਖਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਛੋਟੇ ਭਰਾ ਅਜੀਤ ਸਿੰਘ ਤੋਂ ਮਿਲੀ। ਉਸ ਦੀ ਅਥਾਹ ਲਗਨ ਤੇ ਘਰਵਾਰ ਵੱਲੋਂ ਮਿਲੇ ਪੂਰੇ ਸਹਿਯੋਗ ਨੇ ਇਹ ਯਕੀਨ ਦਿਵਾਇਆ ਕਿ ਇਹ ਕੰਮ ਸਿਰਫ ਇੱਕ ਇਤਿਹਾਸਕ ਜ਼ਿੰਮੇਵਾਰੀ ਨਹੀਂ, ਸਗੋਂ ਇੱਕ ਨੈਤਿਕ ਕਰਤਵ ਹੈ।
ਕਾਮਰੇਡ ਸੰਘਾ ਨੇ ਕਿਹਾ ਕਿ ਅਸੀਂ ਇੱਕ ਅਜਿਹੇ ਸਮੇਂ 'ਚ ਰਹਿ ਰਹੇ ਹਾਂ ਜਿੱਥੇ ਨਵੀਆਂ ਪੀੜ੍ਹੀਆਂ ਨੂੰ ਆਪਣੇ ਮੂਲ, ਆਪਣੀ ਸੰਘਰਸ਼ਪੂਰਨ ਵਿਰਾਸਤ ਅਤੇ ਆਪਣੇ ਅਸਲ ਯੋਗਦਾਨ ਬਾਰੇ ਪੂਰੀ ਜਾਣਕਾਰੀ ਨਹੀਂ। ਇਤਿਹਾਸਕ ਤੱਥਾਂ ਨੂੰ ਛਪਾਉਣ, ਸਕੂਲਾਂ ਤੋਂ ਯੂਨੀਵਰਸਿਟੀਆਂ ਤੱਕ ਸਿਲੇਬਸ ਦਾ ਹਿੱਸਾ ਬਣਾਉਣ ਅਤੇ ਪਬਲਿਕ ਡਾਇਲਾਗ ਰਾਹੀਂ ਇਹ ਜਾਣਕਾਰੀ ਵਧਾਉਣ ਦੀ ਲੋੜ ਹੈ। ਨਸਲਵਾਦ, ਧਾਰਮਿਕ ਵੰਡ ਅਤੇ ਭੇਦਭਾਵ ਅੱਜ ਵੀ ਇੱਕ ਹਕੀਕਤ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਨਹੀਂ ਦੱਸਾਂਗੇ ਕਿ ਅਸੀਂ ਇੱਥੇ ਕਿਸ ਤਰੀਕੇ ਨਾਲ ਆਏ, ਕੀ ਕੁਝ ਸਹਿਣਾ ਪਿਆ ਤੇ ਕਿਵੇਂ ਸਾਡੀਆਂ ਯੂਨੀਅਨਾਂ, ਜਥੇਬੰਦੀਆਂ ਅਤੇ ਆਗੂਆਂ ਅਤੇ ਲੋਕਾਂ ਨੇ ਹੱਕਾਂ ਦੀ ਲੜਾਈ ਲੜੀ ਤਾਂ ਉਹ ਅਗਲੇ ਹੱਕਾਂ ਦੀ ਲੜਾਈ ਕਿਵੇਂ ਲੜਣਗੇ। ਅਸੀਂ ਚਾਹੁੰਦੇ ਹਾਂ ਕਿ ਸਕੂਲਾਂ ਤੋਂ ਯੂਨੀਵਰਸਿਟੀ ਤੱਕ ਸਾਡੀ ਕਮਿਊਨਿਟੀ ਦੀ ਸੱਚਾਈ ਪੜ੍ਹਾਈ ਜਾਵੇ ਤਾਂ ਜੋ ਨਸਲੀ ਭੇਦਭਾਵ ਅਤੇ ਧਰਮ-ਆਧਾਰਿਤ ਵੰਡ-ਭੇਦ ਘਟ ਸਕੇ। ਸਾਡੀ ਕੋਸ਼ਿਸ਼ ਹੈ ਕਿ ਲੋਕ ਇਕੱਠੇ ਹੋ ਕੇ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨ, ਸਹੀ ਦਸਤਾਵੇਜ਼ ਪੇਸ਼ ਕਰਨ ਅਤੇ ਇਤਿਹਾਸਿਕ ਇਨਸਾਫ਼ ਲਈ ਲੜਨ।