ਰਾਜਵੀਰ ਜਵੰਦਾ: ਦਿਨ ਚੜ੍ਹਦੇ ਹੀ ਸੂਰਜ ਡੁੱਬਿਆ
ਗੁਰਭਜਨ ਸਿੰਘ ਗਿੱਲ (ਪ੍ਹੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ
ਕਮਾਦ ਦੀ ਫ਼ਸਲ ਵਿੱਚੋਂ ਕਿਸੇ ਵੇਲੇ ਪੋਨਾ ਕਿਸਮ ਦਾ ਗੰਨਾ ਸਭ ਤੋਂ ਪੋਲਾਂ ਤੇ ਮਿੱਠਾ ਹੁੰਦਾ ਸੀ। ਬਚਪਨ ਵਿੱਚ ਮਨ ਅੰਦਰ ਪੋਨਾ ਸ਼ਬਦ ਫਸਿਆ ਪਿਆ ਸੀ। 1977 ਵਿੱਚ ਜਦ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਲੈਕਚਰਰ ਲੱਗਿਆ ਤਾਂ ਜਗਰਾਉਂ ਵਿਚਲੇ ਅਗਵਾੜ ਪੋਨਾ ਤੇ ਪਿੰਡ ਅਲੀਗੜ੍ਹ ਦੇ ਪਿਛਵਾੜੇ ਵੱਸੇ ਪਿੰਡ ਪੋਨਾ ਦੇ ਵਿਦਿਆਰਥੀ ਸਾਡੇ ਕਾਲਿਜ ਵਿੱਚ ਪੜ੍ਰਨ ਆਉਂਦੇ ਸਨ। ਮੈਨੂੰ ਮਨ ਹੀ ਮਨ ਵਿੱਚ ਲੱਗਦਾ ਇਹ ਵੀ ਨਰਮ ਤੇ ਮਿੱਠੇ ਹੋਣਗੇ। ਰਾਜਵੀਰ ਜਵੰਦਾ ਨੂੰ ਮਿਲ ਕੇ ਇਹ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਕਿ ਇਸ ਮਿੱਟੀ ਵਿੱਚ ਰਿਸ਼ਤਿਆਂ ਮਿਠਾਸ ਹੈ।
ਰਾਜਵੀਰ ਜਵੰਦਾ ਸਿਰਫ਼ ਗਾਇਕ ਹੀ ਨਹੀਂ ਸੀ, ਹੋਰ ਬਹੁਤ ਕੁਝ ਸੀ, ਭਵਿੱਖ ਦੀ ਰੌਸ਼ਨ ਉਮੀਦ ਵਰਗਾ। ਉਸ ਦੀ ਗੁਫ਼ਤਾਰ, ਦਸਤਾਰ ਤੇ ਰਫ਼ਤਾਰ ਬਾ ਕਮਾਲ ਸੀ। ਲਗਪਗ ਸਵਾ ਛੇ ਫੁੱਟ ਲੰਮਾ ਕੱਭਰੂ। ਸਿੱਧਾ ਸਤੋਰ, ਛੀਂਟਕਾ ਤੇ ਸੂਤਵਾਂ ਸਰੀਰ।
ਮੈਨੂੰ ਯਾਦ ਹੈ ਵੀਹ ਕੁ ਸਾਲ ਪਹਿਲਾਂ ਉਹ ਗੋਵਿੰਦ ਨੈਸ਼ਨਲ ਕਾਲਿਜ ਨਾਰੰਗਵਾਲ ਵਿੱਚ ਮਿਲਿਆ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਖੇਤਰੀ ਯੁਵਕ ਮੇਲਾ ਸੀ। ਮੈਂ ਵੀ ਕਿਸੇ ਕਾਰਨ ਉੱਥੇ ਮਹਿਮਾਨ ਦੀ ਹੈਸੀਅਤ ਵਿੱਚ ਹਾਜ਼ਰ ਸਾਂ। ਮੇਰੇ ਐੱਮ ਏ ਦੇ ਸਹਿਪਾਠੀ ਡਾ. ਸੁਖਦੇਵ ਸਿੰਘ ਬਰਾੜ ਤੇ ਪ੍ਹੋ. ਕਰਮ ਸਿੰਘ ਸੰਧੂ ਨੇ ਇਸ ਤੂੰਬੀ ਵਾਦਕ ਵਿਦਿਆਰਥੀ ਰਾਜਵੀਰ ਨੂੰ ਮਿਲਾਇਆ। ਉਸ ਦੀ ਪੁਜ਼ੀਸ਼ਨ ਵੀ ਚੰਗੀ ਰਹੀ। ਕਈ ਸਾਲ ਮਗਰੋਂ ਉਹ ਲਾਜਪਤ ਰਾਏ ਡੀ ਏ ਵੀ ਕਾਲਿਜ ਜਗਰਾਉਂ ਵੱਲੋਂ ਤੂੰਬੀ ਵਾਦਨ ਤੋਂ ਇਲਾਵਾ ਲੋਕ ਗੀਤ ਤੇ ਵਾਰ ਗਾਇਨ ਟੀਮ ਵਿੱਚ ਵੀ ਸ਼ਾਮਲ ਰਿਹਾ। ਉਸ ਦੇ ਆਪਣੇ ਕਾਲਿਜ ਵਿੱਚ ਯੁਵਕ ਮੇਲਾ ਹੋਇਆ ਤਾਂ ਉਹ ਪ੍ਹਤੀਯੋਗੀ ਵੀ ਸੀ ਤੇ ਪ੍ਹਬੰਧਕ ਵੀ। ਉਸ ਦੀ ਪੇਸ਼ਕਾਰੀ ਕਮਾਲ ਸੀ। ਕੁਰਤਾ ਚਾਦਰਾਂ ਪਹਿਨ ਕੇ ਉਹ ਛਮਲੇ ਵਾਲੀ ਪੱਗ ਨਾਲ ਹੋਰ ਵੀ ਛਬੀਲਾਂ ਲੱਗਦਾ।
ਦਿਲ ਕਰਦਾ ਸੀ ਇਸ ਪੁੱਤਰ ਨੂੰ ਵੇਖੀਂ ਹੀ ਜਾਈਏ। ਚਰਨ ਸਿੰਘ ਸਫ਼ਰੀ ਦੇ ਲਿਖੇ ਤੇ ਜਗਮੋਹਨ ਕੌਰ ਦੇ ਗਾਏ ਗੀਤ ਵਰਗੀ ਮਨ ਦੀ ਕੈਫ਼ੀਅਤ ਹੁੰਦੀ।
ਨੀ ਮੈਂ ਸਹੂ ਨੂੰ ਕਲ਼ਾਵੇ ਵਿੱਚ ਲੈ ਲਿਆ, ਆਪਣਾ ਪਿਆਰਾ ਜਾਣ ਕੇ।

ਫਿਰ ਪਤਾ ਲੱਗਾ ਕਿ ਉਹ ਨਾਟਕ ਚੇਟਕ ਦੇ ਸ਼ੌਕ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵੀਯਨ ਡਿਪਾਰਟਮੈਂਟ ਵਿੱਚ ਐੱਮ ਏ ਕਰਨ ਚਲਾ ਗਿਆ ਹੈ।
ਉੱਥੇ ਉਹ ਡਾ. ਸੁਨੀਤਾ ਧੀਰ, ਡਾ. ਲੱਖਾ ਲਹਿਰੀ ਤੇ ਡਾ. ਇੰਦਰਜੀਤ ਗੋਲਡੀ ਸਮੇਤ ਕਈ ਹੋਰ ਪ੍ਹਬੁੱਧ ਅਧਿਆਪਕਾਂ ਦਾ ਵਿਦਿਆਰਥੀ ਬਣਿਆ। ਉਹ ਸੰਗੀਤ ਦਾ ਚੰਗਾ ਗਿਆਤਾ ਹੋਣ ਕਾਰਨ ਨਾਟਕਾਂ ਦੇ ਪਿੱਠਵਰਤੀ ਗਾਇਕ ਵਜੋਂ ਵੀ ਹਾਜ਼ਰ ਰਿਹਾ। ਉਸ ਦੇ ਸੀਨੀਅਰ ਵਿਦਿਆਰਥੀ ਕੰਵਰ ਗਰੇਵਾਲ , ਸਮਕਾਲੀ ਕੁਲਵਿੰਦਰ ਬਿੱਲਾ, ਪੰਮਾ ਡੂਮੇਵਾਲ ਤੇ ਜੋਬਨ ਸੰਧੂ ਉਸ ਦੇ ਸਾਹੀਂ ਜਿਉਂਦੇ ਸਨ। ਉਸ ਨੇ ਇਸ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਆਪਣੀ ਸੰਗੀਤ, ਨਾਚ ਤੇ ਅਭਿਨਯ ਕਲਾ ਨੂੰ ਬਹੁਤ ਨਿਖਾਰਿਆ। ਸ਼ਾਇਦ ਇਸੇ ਕਾਰਨ ਉਸ ਦੀ ਹਰ ਮੈਦਾਨ ਫਤਹਿ ਸੀ।
ਪਟਿਆਲਿਉਂ ਪੜ੍ਹ ਕੇ ਆਇਆ ਤਾਂ ਕੁਝ ਸਮਾਂ ਉਸ ਡੀ ਏ ਵੀ ਪਬਲਿਕ ਸਕੂਲ ਵਿੱਚ ਵੀ ਪੜ੍ਹਾਇਆ। ਛੇ ਕੁ ਮਹੀਨੇ ਬਾਦ ਪੰਜਾਬ ਪੁਲੀਸ ਦੀ ਭਰਤੀ ਖੁੱਲ੍ਹੀ ਤਾਂ ਆਪਣੇ ਬਾਬਲ ਸ. ਕਰਮ ਸਿੰਘ ਦੇ ਕਹਿਣ ਤੇ ਉਸ ਵੀ ਫਾਰਮ ਭਰ ਕੇ ਟਰਾਇਲ ਦੇ ਦਿੱਤੇ।
ਅਮਰ ਸਿੰਘ ਚਾਹਲ ਸੀ ਐੱਸ ਐੱਸ ਪੀ ਜਗਰਾਉਂ ਉਦੋਂ। ਸਰੀਰਕ ਪਰਖ਼ ਵਾਲੀ ਟੀਮ ਦਾ ਮੁਖੀ ਮੇਰਾ ਦਾਮਾਦ ਪਿਰਥੀਪਾਲ ਸਿੰਘ ਹੇਅਰ ਸੀ। ਉਸ ਦੱਸਿਆ ਕਿ ਹੋਣਹਾਰ ਗੱਭਰੂ ਨੂੰ ਭਰਤੀ ਕਰਕੇ ਸਾਰੇ ਪੁਲੀਸ ਜ਼ਿਲ੍ਹੇ ਨੇ ਮਾਣ ਮਹਿਸੂਸ ਕੀਤਾ। ਉਸ ਪੁਲੀਸ ਟ੍ਰੇਨਿੰਗ ਸਕੂਲ ਜਹਾਨਖੇਲਾਂ ਵਿੱਚ ਟ੍ਰੇਨਿੰਗ ਕਰਕੇ ਜਗਰਾਉਂ ਡਿਊਟੀ ਸੰਭਾਲ ਲਈ ਪਰ ਮਨ ਦੀ ਹਾਲਤ ਉਸ ਲੋਕ ਬੋਲੀ ਵਰਗੀ ਸੀਃ
ਫਿਰੇ ਕੁੱਕੜ ਬਨੇਰੇ ਤੇ।
ਬੁੱਤ ਮੇਰਾ ਏਥੇ ਦਿਸਦਾ,
ਰੂਹ ਸੱਜਣਾਂ ਦੇ ਡੇਰੇ ਤੇ।
ਉਹ ਵਕਤ ਕੱਢ ਕੇ ਸੰਗੀਤ ਰਿਆਜ਼ ਤੋਂ ਨਾ ਖੁੰਝਦਾ। ਆਪਣੇ ਕਾਲਜ ਸਮੇਂ ਦੇ ਸੰਗੀਤ ਉਸਤਾਦ ਭਾਈ। ਰਦਾਨਾ ਅਕੈਡਮੀ ਚਲਾ ਰਹੇ ਲਾਲੀ ਖਾਨ ਦੇਹੜਕੇ ਵਾਲਿਆਂ ਪਾਸੋਂ ਸੰਗੀਤਕ ਬਾਰੀਕੀਆਂ ਲਗਾਤਾਰ ਸਿੱਖਦਾ। ਆਪਣੇ ਪੁਰਾਣੇ ਮਿੱਤਰਾਂ ਨਾਲ ਲਗਾਤਾਰ ਸੰਪਰਕ ਚ ਰਹਿਣ ਕਰਕੇ ਅੱਜ ਹਰ ਅੱਖ ਨਮ ਹੈ। ਕਾਉਂਕਿਆਂ ਵਾਲਾ ਗੀਤਕਾਰ ਤੇ ਗਾਇਕ ਵੀਤ ਬਲਜੀਤ ਉਸ ਤੋਂ ਇੱਕ ਜਮਾਤ ਪਿੱਛੇ ਪੜ੍ਹਦਾ ਸੀ। ਇਹ ਦੱਸਣਾ ਇਸ ਕਰਕੇ ਜ਼ਰੂਰੀ ਹੈ ਕਿ ਉਸ ਵਕਤ ਕਲਾਵੰਤ ਬੱਚਿਆਂ ਨੂੰ ਮੌਕੇ ਦੇਣ ਵਿੱਚ ਪ੍ਰਿੰਸੀਪਲ ਸਤੀਸ਼ ਕੁਮਾਰ ਸ਼ਰਮਾ, ਡਾ. ਸੁਖਦੇਵ ਸਿੰਘ ਬਰਾੜ, ਪ੍ਹੋ. ਕਰਮ ਸਿੰਘ ਸੰਧੂ , ਪ੍ਹੋ. ਜਤਿੰਦਰ ਕੌਰ ਮਾਵੀ ਤੇ ਪ੍ਹੋ, ਪਰਮਿੰਦਰ ਸਿੰਘ ਮਿੱਠਾ ਸਮੇਤ ਸਭ ਅਧਿਆਪਕਾਂ ਨੇ ਹੀ ਕਾਲਿਜ ਵਿੱਚ ਚੰਗਾ ਮਾਹੌਲ ਉਸਾਰਿਆ ਹੋਇਆ ਸੀ।
ਉਸ ਨੇ ਪਿਛਲੇ ਸਾਲੀਂ ਪਿਰਥੀਪਾਲ ਸਿੰਘ ਹੇਅਰ ਸ਼ਾਬਕਾ ਐੱਸ ਪੀ ਦੇ ਪਿੰਡ ਕੋਟਲਾ ਸ਼ਾਹੀਆ (ਬਟਾਲਾ)ਵਿੱਚ ਕਮਲਜੀਤ ਖੇਡਾਂ ਮੌਕੇ ਚੰਗਾ ਭਰਵਾਂ ਤੇ ਗਹਿਗੱਡ ਅਖਾੜਾ ਲਾਇਆ, ਜਿਸ ਨੂੰ ਅੱਜ ਵੀ ਲੋਕ ਚੇਤੇ ਕਰਦੇ ਨੇ। ਉਸ ਨੂੰ ਮਾਣ ਸੀ ਕਿ ਮਾਝੇ ਵਿੱਚ ਮੇਰੀ ਗਾਇਕੀ ਦੀ ਕਦਰਦਾਨੀ ਵੱਧ ਹੈ, ਬਾਕੀ ਇਲਾਕਿਆਂ ਨਾਲੋਂ।

ਰਾਜਬੀਰ ਨੇ 2020 ਵਿੱਚ ਪੁਲੀਸ ਦੀ ਨੌਕਰੀ ਤੋਂ ਅਸਤੀਫ਼ਾ ਮਨਜ਼ੂਰ ਕਰਵਾ ਲਿਆ। ਫਿਰ ਉਹ ਕੁਲਵਕਤੀ ਗਾਇਕ ਬਣ ਗਿਆ। ਉਸ ਦੀ ਗਾਇਕੀ ਨੂੰ ਜੱਸ ਰਿਕਾਰਡਜ਼ ਵਾਲੇ ਵੀਰ ਜਸਬੀਰਪਾਲ ਸਿੰਘ ਨੇ ਖ਼ੂਬ ਨਿਖਾਰਿਆ। ਚੌਂਕੀਮਾਨ ਵਾਲੇ ਗੀਤਕਾਰ ਸਵਰਗੀ ਕੁੰਢਾ ਸਿੰਘ ਧਾਲੀਵਾਲ,ਸਿਡਨੀ ਵੱਸਦੇ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਦੇ ਪੁਰਾਣੇ ਵਿਦਿਆਰਥੀ ਸਿੰਘਜੀਤ ਚਣਕੋਈਆਂ, ਗੁਰਵਿੰਦਰ ਗਿੱਲ ਰੌਂਤਾ ਬਾਬੂ ਸਿੰਘ ਮਾਨ ਜੀ ਤੇ ਪਿਰਥੀ ਸੀਲੋਂ ਦੇ ਗੀਤਾਂ ਨੇ ਉਸ ਨੂੰ ਸਿਖਰਲੀ ਟੀਸੀ ਤੇ ਪਹੰਚਾ ਦਿੱਤਾ।
ਉਹ ਜਦ ਬਹੁਤ ਮੂਡ ਵਿੱਚ ਹੁੰਦਾ ਤਾਂ ਕਦੇ ਕੁਲਦੀਪ ਮਾਣਕ ਦਾ ਟਿੱਲਾ, ਮਾਂਤੇ ਚਾਦਰ ਗੀਤ ਗਾਉਂਦਾ।
ਦੀਦਾਰ ਸੰਧੂ ਦਾ ਇਹ ਗੀਤ ਵੀ ਉਹ ਅਕਸਰ ਗਾਉਂਦਾਃ
ਉੱਠਦੀ ਬਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ
ਵੇ ਨਾ ਮਾਰ ਜ਼ਾਲਮਾ ਵੇ
ਪੇਕੇ ਤੱਤੜੀ ਦੇ ਦੂਰ।
ਵਿੱਚ ਵਿਚਾਲੇ ਜਦ ਸੂਤਰ ਬਹਿੰਦਾ ਤਾਂ ਉਹ ਸ਼ਮਸ਼ੇਰ ਸਿੰਘ ਸੰਧੂ ਦੇ ਲਿਖੇ ਤੇ ਸੁਰਜੀਤ ਬਿਦਰਖੀਆ
ਦੇ ਗਾਏ ਗੀਤਾਂ ਨਾਲ ਵੀ ਸਰੋਤਿਆਂ ਦੀ ਸਾਂਝ ਪੁਆਉਂਦਾ।
ਉਸ ਨੂੰ ਪੰਜਾਬ ਦੀ ਧਰਤੀ ਦੇ ਖ਼ਮੀਰ ਦਾ ਪਤਾ ਸੀ। ਉਹ ਮਿਆਰ ਹੀਣੇ ਗੀਤ ਨੂੰ ਕਦੇ ਕੰਠ ਨਾ ਛੁਹਾਉਂਦਾ। ਉਸ ਨੂੰ ਲੋਕ ਸੰਘਰਸ਼ਾਂ ਚੋਂ ਉੱਸਰੀ ਲੋਕ ਮਰਯਾਦਾ ਦਾ ਪੂਰਾ ਅਹਿਸਾਸ ਸੀ। 2020-21 ਦੇ ਕਿਸਾਨ ਸੰਘਰਸ਼ ਮੋਰਚੇ ਦੌਰਾਨ ਉਹ ਕੰਵਰ ਗਰੇਵਾਲ ਦਾ ਜੋੜੀਦਾਰ ਬਣ ਕੇ ਤੰਬੂਆਂ ਚ ਹੀ ਰਿਹਾ।
ਕੁਝ ਸਾਲ ਪਹਿਲਾਂ ਉਸ ਦੇ ਪਿਤਾ ਜੀ ਸ. ਕਰਮ ਸਿੰਘ ਚੜ੍ਹਾਈ ਕਰ ਗਏ ਤਾਂ ਮੈਂ ਅਫ਼ਸੋਸ ਲਈ ਫੋਨ ਕੀਤਾ। ਉਸ ਨੇ ਕਈ ਨਿੱਕੀਆਂ ਨਿੱਕੀਆਂ ਗੱਲਾਂ ਦੱਸੀਆਂ ਕਿ ਕਿਵੇਂ ਬਚਪਨ ਵਿੱਚ ਮਾਨੂੰ ਉਹ ਆਪਣੇ ਪੇਟ ਤੇ ਲਿਟਾ ਕੇ ਖੁੱਲ੍ਹਾ ਪਾਣੀ ਵਿੱਚ ਤੈਰਦੇ ਸਨ। ਉਨ੍ਹਾਂ ਦੇ ਪਿੰਡੇ ਦੀ ਸੋਂਧੀ ਸੋਂਧੀ ਮਹਿਕ ਚੇਤਿਆਂ ਚ ਵੱਸ ਗਈ ਹੈ। ਹੁਣ ਮੈਂ ਇਹ ਮਹਿਕ ਸਾਰੀ ਉਮਰ ਲੱਭਦਾ ਰਹਾਂਗਾ।
ਰਾਜਬੀਰ!
ਤੂੰ ਤਾਂ ਫੇਰ ਵੀ ਲਗਪਗ ਤਿੰਨ ਦਹਾਕੇ ਉਹ ਮਹਿਕ ਮਾਣ ਲਈ , ਪਰ ਤੇਰੇ ਮਾਸੂਮ ਧੀ ਪੁੱਤਰ ਨੂੰ ਉਹ ਮਹਿਕ ਕੌਣ ਦੇਵੇਗਾ। ਤੇਰੇ ਮਾਤਾ ਜੀ ਤੇ ਜੀਵਨ ਸਾਥਣ ਨੂੰ ਕਿਵੇਂ ਦਿਲਾਸਾ ਦੇ ਸਕਾਂਗੇ।
ਸ਼ਬਦ ਹਾਰ ਗਏ ਨੇ।
ਮੇਰੀ ਕਰਮ ਭੂਮੀ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੜ੍ਹਦੇ ਚਾਰ ਪੁੱਤਰ ਇਕੱਠੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਵੇਲੇ ਵੀ ਮਨ ਦੀ ਹਾਲਤ ਰਾਜਬੀਰ ਦੇ ਜਾਣ ਵਰਗੀ ਸੀ। ਉਹ ਵੀ ਚੋਟੀ ਦੇ ਭੰਗੜਾ ਕਲਾਕਾਰ ਸਨ। ਉਨ੍ਹਾਂ ਦੇ ਜਾਣ ਤੇ ਇਹ ਉਦਾਸ ਗੀਤ ਲਿਖਿਆ ਸੀ ਮੈਂ ਲਗਪਗ 20-22 ਸਾਲ ਪਹਿਲਾਂ। ਇਹੀ ਗੀਤ ਰਾਜਵੀਰ ਦੇ ਜਾਣ ਤੇ ਦੁਹਰਾ ਰਿਹਾ ਹਾਂ।

ਗੀਤ
ਅੰਬਰ ਧਰਤੀ ਦੋਵੇਂ ਚੁੱਪ ਨੇ ਕੌਣ ਆਵਾਜ਼ਾਂ ਮਾਰੇ?
ਮਿੱਟੀ ਨਾ ਫ਼ਰੋਲ ਜੋਗੀਆ, ਨਹੀਓਂ ਲੱਭਣੇ ਲਾਲ ਪਿਆਰੇ।
ਖੇਡਾਂ ਖੇਡ ਖਿਡਾਵਣ ਵਾਲੇ ਹੱਥੀਂ ਖੇਡ ਖਿਲਾਰੀ।
ਅੰਬਰ ਅੱਥਰੂ ਕੇਰੇ, ਧਰਤੀ ਸੀਨੇ ਫਿਰ ਗਈ ਆਰੀ।
ਸਿਖ਼ਰ ਦੁਪਹਿਰੇ ਸੂਰਜ ਡੁੱਬਿਆ, ਨੇਰ੍ਹ ਪ੍ਰਿਥਵੀ ਸਾਰੀ।
ਰੰਗਲੇ ਚਾਦਰੇ ਹਾਰ ਹਮੇਲਾਂ ਡੁਸਕਣ ਅੰਬਰੀਂ ਤਾਰੇ।
ਮਿੱਟੀ ਨਾ ਫ਼ਰੋਲ ਜੋਗੀਆ... ... ...।
ਛੈਲ ਛਬੀਲੇ ਨਿਰੀਆਂ ਰੌਣਕਾਂ, ਖੋਹ ਕੇ ਲੈ ਗਏ ਹਾਸੇ।
ਮੌਤ ਸਮੁੰਦਰ ਦੇ ਵਿਚ ਖ਼ੁਰ ਗਏ, ਸਾਡੇ ਚਾਰ ਪਤਾਸੇ।
ਅੱਥਰੂ ਅੱਥਰੂ ਮਨ ਦਾ ਵਿਹੜਾ ਦੇਵੇ ਕੌਣ ਦਿਲਾਸੇ ।
ਸਿਰ ਦੀਆਂ ਸੱਟਾਂ ਇਕੋ ਵਾਰੀ ਏਨੀਆਂ ਕੌਣ ਸਹਾਰੇ।
ਮਿੱਟੀ ਨਾ ਫ਼ਰੋਲ ਜੋਗੀਆ... ... ... ...।
ਕਿਹੜੀ ਰੁੱਤੇ ਮੌਤ ਕੁਲਹਿਣੀ ਸੁਪਨੇ ਸੂਲੀ ਟੰਗੇ?
ਨਾ ਜੀਂਦੇ ਨਾ ਮੋਇਆਂ ਅੰਦਰ ਫਿਰਦੇ ਹਾਂ ਅਧਰੰਗੇ।
ਟੁੱਟੀਆਂ ਤੰਦਾਂ ਖਿੱਲਰੇ ਮਣਕੇ, ਸੋਹਣੇ ਰੰਗ ਬਰੰਗੇ।
ਦਿਲ ਤੇ ਪਹਾੜ ਜਿੱਡਾ ਭਾਰ ਪਿਆ ਚੁੱਕਣਾ, ਨੇਤਰੀਂ ਸਮੁੰਦਰ ਖ਼ਾਰੇ।
ਮਿੱਟੀ ਨਾ ਫ਼ਰੋਲ ਜੋਗੀਆ... ... ... ...।
ਹੁਣ ਪਹਿਲਾਂ ਜਹੇ ਦਿਨ ਨਹੀਂ ਚੜ੍ਹਨੇ, ਨਾ ਉਹ ਗੁਲਾਬੀ ਰਾਤਾਂ।
ਚੰਨ ਦੀ ਚਾਨਣੀ ਗੁੰਮ ਸੁੰਮ ਹੋਈ, ਕੋਈ ਨਾ ਸੁਣਾਵੇ ਬਾਤਾਂ।
ਅਗਨ ਵਰੇਸੇ ਤੁਰ ਗਏ ਪੁੱਤਰ, ਸਾੜਦੀਆਂ ਬਰਸਾਤਾਂ।
ਪਹਿਲੀ ਵਾਰੀ ਅੱਖੀਂ ਵੇਖਿਐ, ਏਥੇ ਦਿਨ ਨੂੰ ਵੀ ਟੁੱਟਦੇ ਤਾਰੇ।
ਮਿੱਟੀ ਨਾ ਫ਼ਰੋਲ ਜੋਗੀਆ, ਨਹੀਓਂ ਲੱਭਣੇ ਲਾਲ ਪਿਆਰੇ।
ਰਾਜਬੀਰ ਜਦ ਪਟਿਆਲਿਉਂ ਐੱਮ ਏ ਕਰਕੇ ਪਰਤਿਆ ਤਾਂ ਉਸ ਤੋਂ ਕੁਝ ਸਮਾਂ ਬਾਦ ਪੰਜਾਬ ਪੁਲੀਸ ਵਿੱਚ ਕਾਨਸਟੇਬਲ ਦੀਆਂ ਨੌਕਰੀਆਂ ਨਿਕਲੀਆਂ। ਬਾਪ ਕਰਮ ਸਿੰਘ ਜਵੰਦਾ ਪੁਲੀਸ ਵਿੱਚ ਸੀ। ਜਗਰਾਉਂ ਪੁਲੀਸ ਜ਼ਿਲ੍ਹੇ ਵਿੱਚ ਹੀ ਉਸ ਦੀ ਨੌਕਰੀ ਸੀ। ਬਾਪ ਨੇ ਰਾਜਵੀਰ ਨੂੰ ਪੁਲੀਸ ਭਰਤੀ ਦਾ ਫਾਰਮ ਭਰਨ ਲਈ ਕਿਹਾ।
ਰਾਜਵੀਰ ਨੇ ਬਥੇਰਾ ਕਿਹਾ ਕਿ ਮੇਰਾ ਸ਼ੌਕ ਗਾਇਕੀ ਮੇਰਾ ਚੰਗਾ ਰੂਜ਼ਗਾਰ ਬਣ ਸਕਦੈ ਪਰ ਬਾਪ ਦੀ ਕਲੀਲ ਅੱਗੇ ਉਸ ਨੂੰ ਹਥਿਆਰ ਸੁੱਟਣੇ ਪਏ।
ਕਰਮ ਸਿੰਘ ਨੇ ਕਿਹਾ, “ ਰਾਜਵੀਰ! ਪੁੱਤਰਾ! ਪੱਕੀ ਸਰਕਾਰੀ ਨੌਕਰੀ ਦੀ ਰੀਸ ਨਹੀਂ। ਚੜ੍ਹੇ ਮਹੀਨੇ ਤਨਖ਼ਾਹ ਡਿੱਗਦੀ ਹੈ। ਨਾਲ ਹੀ ਕਿਹਾ. ਬੌਤੇ ਤੇ ਗਵੱਈਏ ਦਾ ਕੋਈ ਪਤਾ ਨਹੀਂ, ਕਦੋਂ ਬਹਿ ਜਾਵੇ? ਇਹ ਦਲੀਲ ਮੰਨ ਕੇ ਉਸ ਫਾਰਮ ਵੀ ਭਰ ਲਏ ਤੇ ਭਰਤੀ ਵੀ ਹੋ ਗਿਆ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਨ ਵੇਲੇ ਦੀ ਇਹ ਗੱਲ ਉਹ ਬੜੇ ਉਤਸ਼ਾਹ ਨਾਲ ਅਕਸਰ ਸੁਣਾਉਂਦਾ। “ ਯੂਨੀਵਰਸਿਟੀ ਪੜ੍ਹਦਿਆਂ ਸਾਡੇ ਇੱਕ ਦੋਸਤ ਦਾ ਵਿਆਹ ਹੋ ਗਿਆ। ਵਿਆਹ ਮੌਕੇ ਉਹ ਆਪਣੇ ਖਰ ਸਾਨੂੰ ਨਾ ਬੁਲਾ ਸਕਿਆ। ਇਸ ਸ਼ਰਮਸਾਰੀ ਵਿੱਚ ਉਹ ਉਦਾਸ ਰਹਿਣ ਲੱਗ ਪਿਆ। ਅਸਾਂ ਸਭ ਦੋਸਤਾਂ ਕੰਵਰ ਗਰੇਵਾਲ ਦੀ ਅਗਵਾਈ ਵਿੱਚ ਫ਼ੈਸਲਾ ਕੀਤਾ ਕਿ ਉਸ ਦੇ ਵਿਆਹ ਦੀ ਖੁਸ਼ੀ ਵਿੱਚ ਥੀਏਟਰ ਤੇ ਟੀ ਵੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਹੋਸਟਲਾਂ ਵਿੱਚ “ਜਾਗੋ” ਕੱਢੀ ਜਾਵੇ। ਬਾਲਟੀ ਮੂਧੀ ਕਰਕੇ ਉੱਪਰ ਦੀਵੇ ਸਜਾ ਲਏ। ਸਭ ਤੋਂ ਜਾਗੋ ਵਿੱਚ ਵੰਨ ਸੁਵੰਨੀ ਤੇਲ ਵੀ ਪੁਆਇਆ। ਵਿੱਚ ਗਾਂ ਕੇ ਦੋਸਤ ਦੀ ਉਦਾਸੀ ਦੂਰ ਕੀਤੀ।
ਰਾਜਵੀਰ ਦੇ ਵਾਲ ਕੱਟੇ ਹੋਣ ਕਰਕੇ ਬਚਪਨ ਵਿੱਚ ਉਹ ਪੱਗ ਨਹੀਂ ਲੀ ਬੰਨ੍ਹਦਾ। ਇੱਕ ਦਿਨ ਉਸ ਦੇ ਬਾਪ ਸ, ਕਰਮ ਸਿੰਘ ਨੇ ਉਸ ਨੂੰ ਦਸਤਾਰ ਸਜਾ ਦਿੱਤੀ। ਸਕੂਲ ਵਿੱਚ ਅਧਿਆਪਕਾਂ ਤੇ ਸਾਥੀ ਬੱਚਿਆਂ ਨੇ ਬਹੁਤ ਸਲਾਹਿਆ। ਉਸ ਨੂੰ ਚੰਗਾ ਚੰਗਾ ਲੱਗਣ ਲੱਗ ਪਿਆ। ਫਿਰ ਉਹ ਕਦੇ ਨੰਗੇ ਸਿਰ ਨਾ ਰਿਹਾ। ਪੱਗ ਬਾਰੇ ਉਸ ਦਾ ਨਜ਼ਰੀਆ ਸੀ ਕਿ ਸਿੱਖ ਬੰਦਾ ਪੱਗ ਬੰਨ੍ਹ ਕੇ ਬੰਦਾ ਸ਼ਿੰਮੇਵਾਰੀ ਪਛਾਣਦਾ ਹੈ। ਲੋਕ ਵੀ ਉਸ ਨੂੰ ਸਤਿਕਾਰ ਨਾਲ ਵੇਖਦੋ ਹਨ। ਉਹ ਪਹਿਲਾਂ ਪਹਿਲ ਦਿਲਜੀਤ, ਰਵਿੰਦਰ ਗਰੇਵਾਲ ਤੇ ਇੰਦਰਜੀਤ ਨਿੱਕੂ ਵਰਗੀ ਪੱਗ ਬੰਨ੍ਹਦਾ ਸੀ। ਪਟਿਆਲੇ ਜਾ ਕੇ ਉਸ ਪਟਿਆਲੇਸ਼ਾਹੀ ਪੱਗ ਤੇ ਪਹਿਲੋ ਅੰਦਾਜ਼ ਦਾ ਸੁਮੇਲ ਕੀਤਾ। ਉਸ ਦਾ ਬਾਪ ਕਰਮ ਸਿੰਘ ਜਵੰਦਾ ਵੀ ਬਹੁਤ ਸੋਹਣੀ ਚਿਣਵੀਂ ਪੱਗ ਬੰਨ੍ਹਦਾ ਸੀ।
ਰਾਜਵੀਰ ਦੇ ਪੜ੍ਹਨ ਵੇਲੇ ਲਾਜਪਤ ਰਾਏ ਮੇਮੋਰੀਅਲ ਡੀ ਏ ਵੀ ਕਾਲਿਜ ਜਗਰਾਉਂ ਦੇ ਪ੍ਰਿੰਸੀਪਲ ਤੇ ਮੇਰੇ ਮਿੱਤਰ ਡਾ. ਸਤੀਸ਼ ਸ਼ਰਮਾ ਦੱਸ ਰਹੇ ਸਨ ਕਿ ਰਾਜਵੀਰ ਜਦ ਬੀ ਏ ਭਾਗ ਪਹਿਲਾ ਵਿੱਚ ਦਾਖਲ ਹੋਣ ਆਇਆ ਤਾਂ ਦਾਖਲਿਆਂ ਦੀ ਆਖਰੀ ਤਰੀਕ ਲੰਘ ਚੁੱਕੀ ਸੀ। ਲੇਟ ਫ਼ੀਸ ਨਾਲ ਦਾਖਲੇ ਹੋ ਰਹੇ ਸਨ। ਰਾਜਬੀਰ ਮੇਰੇ ਦਫ਼ਤਰ ਆਇਆ ਤਾਂ ਮੈਂ ਪੁੱਛਿਆ ਕਿ ਕਾਕਾ! ਤੂੰ ਕਿਹੜਾ ਸ਼ੌਕ ਪਾਲਦਾ? ਖੇਡਾਂ ਜਾਂ ਹੋਰ ਕੋਈ। ਲੰਮ ਸਲੰਮਾ ਗੱਭਰੂ ਮੈਨੂੰ ਐਥਲੀਟ ਜਾਪਿਆ। ਉਸ ਕਿਹਾ ਕਿ ਮੈਂ ਗਾਉਂਦਾ ਹਾਂ ਤੂੰਬੀ ਨਾਲ। ਮੈਂ ਪੁੱਛਿਆ ਕਿ ਕੁਝ ਗਾ ਕੇ ਸੁਣਾ ਪਰ ਤੇਰੀ ਤੂੰਬੀ ਕਿੱਥੇ ਹੈ? ਉਸ ਕਿਹਾ ਕਿ ਤੁਹਾਡੇ ਸੇਵਾਦਾਰ ਨੇ ਤੂੰਬੀ ਬਾਹਰ ਰੱਖਣ ਨੂੰ ਕਿਹਾ ਸੀ ਕਿ ਪ੍ਰਿੰਸੀਪਲ ਸਾਹਿਬ ਬੁਰਾ ਮਨਾਉਣਗੇ। ਬਾਹਰ ਖੜੇ ਮਿੱਤਰ ਕੋਲੋਂ ਉਸ ਤੂੰਬੀ ਮੰਗਵਾਈ ਤੇ ਮੈਨੂੰ ਜੁਗਨੀ ਦੇ ਬੋਲ ਸੁਣਾਏ। ਉਸ ਮਗਰੋਂ ਉਹ ਲਗਾਤਾਰ ਮੇਰਾ ਚਹੇਤਾ ਵਿਦਿਆਰਥੀ ਰਿਹਾ। ਪੁੱਤਰਾਂ ਵਰਗਾ ਸਾਕ।
ਜਦ ਉਸ ਨੂੰ ਕਲਾਕਾਰ ਵਜੋਂ ਉਸ ਪਹਿਲਾ ਅਖਾੜਾ ਲਾਇਆ ਤਾਂ ਪਹਿਲੀ ਕਮਾਈ ਲੈ ਕੇ ਮੇਰੇ ਘਰ ਆਇਆ। ਚਰਨ ਬੰਦਨਾ ਕਰਕੇ ਬੋਲਿਆ, ਇਹ ਗੁਰੂ ਦਖਸ਼ਿਣਾ ਸਮਝ ਕੇ ਰੱਖ ਲਵੋ। ਮੈਂ ਵਿੱਚੋਂ ਇੱਕ ਰੁਪਿਆ ਰੱਖ ਕੇ ਬਾਕੀ ਪਰਤਾ ਦਿੱਤੇ। ਉਸ ਦੀ ਇਹ ਸਮਰਪਿਤ ਭਾਵਨਾ ਮੈਨੂੰ ਜਦ ਵੀ ਚੇਤੇ ਆਉਂਦੀ ਹੈ ਤਾਂ ਮੈਂ ਅਕਸਰ ਉਦਾਸ ਹੋ ਜਾਂਦਾ ਹਾਂ। ਚੰਗੇ ਪੁੱਤਰਾਂ ਨੂੰ ਏਨੀ ਨਿੱਕੀ ਆਰਜਾ ਕਿਉਂ?
ਰਾਜਵੀਰ ਨਸ਼ਾ ਮੁਕਤ ਨੌਜਵਾਨ ਸੀ। ਉਸ ਨੂੰ ਆਪਣੇ ਬਾਪ ਦੀ ਸ਼ਰਾਬ ਪੀਣ ਦੀ ਆਦਤ ਚੰਗੀ ਨਹੀਂ ਸੀ ਲੱਗਦੀ। ਕਰਮ ਸਿੰਘ ਦੀ ਮੌਤ ਵੇਲੇ ਜਦ ਮੈਂ ਰਾਜਵੀਰ ਨਾਲ ਦੁੱਖ ਸਾਂਝਾ ਕੀਤਾ ਤਾਂ ਗੱਲਾਂ ਗੱਲਾਂ ਵਿੱਚ ਠੱਢਾ ਹੌਕਾ ਭਰਿਆ ਤੇ ਕਿਹਾ,”ਸਰ ਮੇਰੇ ਪਾਪਾ ਦੀ ਅਜੇ ਜਾਣ ਦੀ ਉਮਰ ਨਹੀਂ ਸੀ, ਬੱਸ ਦਾਰੂ ਹੀ ਲੈ ਬੈਠੀ”। ਉਹ ਅਕਸਰ ਨਸ਼ਾਖ਼ੋਰੀ ਖਿਲਾਫ਼ ਬੋਲਦਾ ਤੇ ਕਲਾ -ਧਰਮ ਨਿਆਉਂਦਾ। ਉਹ ਅਕਸਰ ਆਖਦਾ ਕਿ ਸ਼ਰਾਬ ਪੀਣ ਵਾਲੇ ਜ਼ਰੂਰ ਸੋਚਣ ਕਿ ਅਸਲ ਪੂੰਜੀ ਤਨ ਮਨ ਹੈ। ਇਮਾਰਤਾਂ ਤੇ ਕਰੋੜਾਂ ਲਾਉਣ ਵਾਲਿਉ! ਤਨ ਮਨ ਨੂੰ ਸ਼ਰਾਬੀ ਸਿਉਂਕ ਨਾ ਲੱਗਣ ਦਿਉ।
ਪੰਜਾਬੀ ਖੇਡ ਲੇਖਕ ਤੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਮਹਿਕਮੇ ਦਾ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਗਿੱਲ ਦੱਸ ਰਿਹਾ ਸੀ ਉਸ ਦੀ ਵੱਡੀ ਭੈਣ ਤੇ ਉਸ ਦੇ ਵਿਆਹ ਤੇ ਵੀ ਜਾਗੋ ਸਾਡੇ ਜਾਇਆ ਜੀ ਦੇ ਗੁਆਂਢੀ ਜਸਵਿੰਦਰ ਸਿੰਘ ਜੋਗੀ ਅਲਗੋਜ਼ਿਆਂ ਵਾਲੇ ਦੇ ਕਾਦਰੀ ਗਰੁੱਪ ਨੇ ਪਟਿਆਲਿਉਂ ਆ ਕੇ ਕੱਢੀ ਸੀ। ਰਾਜਵੀਰ ਜਵੰਦਾ ਤੇ ਪੰਮਾ ਡੂਮੇਵਾਲ ਉਸ ਦੀ ਟੀਮ ਵਿੱਚ ਸ਼ਾਮਲ ਸਨ। ਰਾਜਵੀਰ ਜਦ ਕਦੇ ਮਿਲਦਾ, ਅਕਸਰ ਉਨ੍ਹਾਂ ਪਲਾਂ ਨੂੰ ਚੇਤੇ ਕਰਕੇ ਸੰਵਾਦ ਸੰਵਾਦ ਹੋ ਜਾਂਦਾ। ਮੈਨੂੰ ਵੀ ਚੰਗਾ ਚੰਗਾ ਲੱਗਦਾ। ਹੁਣ ਸੋਚ ਸੋਚ ਕੇ ਮਨ ਉਦਾਸ ਹੋ ਰਿਹਾ ਹੈ।
ਅਹੁ ਗਏ ਸੱਜਣ ਅਹੁ ਗਏ, ਸੰਘ ਗਏ ਦਰਿਆ।
ਅਸਾਂ ਰੱਜ ਨਾ ਗੱਲਾਂ ਕੀਤੀਆਂ, ਸਾਡੇ ਮਨੋਂ ਨਾ ਲੱਥੜਾ ਚਾਅ।
ਪੋਨਾ ਪਿੰਡ ਦੀ ਸਾਬਕਾ ਸਰਪੰਚ ਰਾਜਵੀਰ ਦੀ ਮਾਤਾ ਪਰਮਜੀਤ ਕੌਰ ਮੀਡੀਆ ਨੂੰ ਦੱਸ ਰਹੀ ਸੀ ਕਿ ਮੇਰੇ ਪੁੱਤਰ ਨੇ ਕਦੇ ਮੇਰੀ ਕੋਈ ਵੀ ਗੱਲ ਨਹੀਂ ਸੀ ਮੋੜੀ। ਅੱਜ ਪਛਤਾਉਂਦੀ ਹਾਂ ਕਿ ਰਾਜਵੀਰ ਜਦ ਮੋਟਰ ਸਾਈਕਲ ਲੈ ਕੇ ਆਖਰੀ ਵਾਰ ਯਾਤਰਾ ਤੇ ਤੁਰਿਆ ਤਾਂ ਮੈਂ ਉਸ ਦੇ ਹੱਥੋਂ ਮੋਟਰ ਸਾਈਕਲ ਦੀ ਚਾਬੀ ਕਿਉਂ ਨਾ ਫੜ ਲਈ। ਪਰ ਇਹ “ਜੇ “ ਹੀ ਤਾਂ ਹੱਥ ਨਹੀਂ ਆ ਰਹੀ। ਜੇ ਉਸ ਦਿਨ ਮੈਂ ਰੋਕ ਦਿੰਦੀ ਤਾਂ ਅੱਜ ਮੇਰਾ ਸ਼ੇਰ ਪੁੱਤ ਸਾਡੇ ਕੌਲ ਹੁੰਦਾ।
ਕੁਝ ਸਮਾਂ ਪਹਿਲਾਂ ਰਾਜਵੀਰ ਜਵੰਦਾ ਮਿਲਣ ਆਇਆ। ਕਹਿਣ ਲੱਗਾ, ਮਾਨ ਸਾਹਿਬ ਕਿਸੇ ਗੀਤ ਦੀ ਬਖ਼ਸ਼ਿਸ਼ ਕਰੋ। ਮੈਂ ਕਿਹਾ, ਆਹ ਕਾਪੀਆਂ ਫਰੋਲ ਲੈ, ਆਪਣੇ ਕੰਮ ਦਾ ਲੱਭ ਲੈ। ਪਰਿਲਾ ਪੰਨਾ ਪਲਟਿਆ ਤੇ ਅੱਗੇ ਇਹੀ ਗੀਤ ਸੀ। ਉਸ ਨੇ ਉਸ ਪੰਨੇ ਦੀ ਤਸਵੀਰ ਲੈ ਲਈ। ਮੈਥੋਂ ਤਰਜ਼ ਪੁੱਛ ਲਈ ਤੇ ਗੁਣਗੁਣਾਇਆ। ਕਮਾਲ ਦੇ ਵਿਹਾਰ ਵਾਲਾ ਦਰਸ਼ਨੀ ਗੱਭਰੂ ਸੀ। ਸਿਖਰ ਤਾਂ ਅਜੇ ਆਉਣਾ ਸੀ ਉਸਦਾ। ਵੀਡੀਓ ਬਣਾ ਕੇ ਵੀ ਵਿਖਾਉਣ ਆਇਆ। ਕਮਾਲ ਦੀ ਫਿਲਮਿੰਗ ਸੀ।
ਸਾਨੂੰ ਕੀ ਪਤਾ ਸੀ ਕਿ ਆਪ ਹੀ ਦੀਵਾਲੀ ਸੁੰਨੀ ਕਰ ਜਾਵੇਗਾ! ਗੀਤ ਦੇ ਬੋਲ ਪੜ੍ਹੋ।
ਬਾਬੂ ਸਿੰਘ ਮਾਨ
ਮਿੱਟੀ ਨਾ ਫ਼ਰੇਲ ਜੋਗੀਆ
ਕਬਰਾਂ ਲੰਮ ਸਲੰਮੀਆਂ ਉੱਤੇ ਕੱਖ ਪਏ।
ਓਧਰੋਂ ਕੋਈ ਨਾ ਪਰਤਿਆ, ਏਧਰੋਂ ਲੱਖ ਗਏ।
ਤੋੜ ਕੇ ਗੂੜ੍ਹੇ ਪਿਆਰ ਚਲੇ ਗਏ,
ਜਿਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ,
ਲੈ ਗਏ ਰੌਣਕਾਂ ਦਮਾਂ ਦੇ ਨਾਲ।
ਮਿੱਟੀ ਨਾ ਫ਼ਰੋਲ ਜੋਗੀਆ।
ਜਿੰਨ੍ਹਾਂ ਦੇ ਦਮਾਂ ਤੇ ਸਾਡੀ ਜ਼ਿੰਦਗੀ ਆਬਾਦ ਸੀ।
ਜਿੰਨ੍ਹਾਂ ਦੇ ਜਿਉਂਦੇ ਸਾਨੂੰ ਰੱਬ ਵੀ ਨਾ ਯਾਦ ਸੀ।
ਮਾਪਿਆਂ ਨਾਲ ਸੰਘਣੀਆਂ ਛਾਵਾਂ, ਰੋਂਦੀਆਂ ਭੈਣਾਂ ਬਾਝ ਭਰਾਵਾਂ,
ਪੁੱਤ ਮਰ ਗਏ ਮਾਵਾਂ ਦਾ ਮੰਦਾ ਹਾਲ।
ਮਿੱਟੀ ਨਾ ਫ਼ਰੋਲ ਜੋਗੀਆ।
ਉਮਰ ਅੰਝਾਣੀ ਡਾਢੇ ਰੱਬ ਉੱਤੇ ਡੋਰੀਆਂ।
ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ।
ਅੱਥਰੂ ਅੱਖੀਆਂ ਦੇ ਵਿੱਚ ਭਰ ਕੇ,
ਮਾਂ ਦੀ ਪੂਰਤ ਮੂਹਰੇ ਖੜ੍ਹ ਕੇ,
ਮੋਈ ਮਾਂ ਨੂੰ ਬੱਚੇ ਕਰਦੇ ਸੁਆਲ।
ਮਿੱਟੀ ਨਾ ਫ਼ਰੋਲ ਜੋਗੀਆ।
ਹਾਏ ਓ ਰੱਬਾ ਰੱਜ ਕੇ ਨਾ ਹੋਈਆਂ ਗੱਲਾਂ ਗੂੜ੍ਹੀਆਂ।
ਵੈਰੀਆਂ ਵੇ ਤੋੜੀਆਂ ਸੁਹਾਗ ਦੀਆਂ ਚੂੜੀਆਂ।
ਆਈ ਸੱਜਣਾਂ ਬਾਝ ਦੀਵਾਲੀ,
ਨਾ ਕਦੇ ਵੇਖੀ ਨਾ ਕਦੇ ਬਾਲ਼ੀ,
ਰੋ ਆਉਨੀਂ ਆਂ ਸਿਵੇ ਤੇ ਦੀਵਾ ਬਾਲ਼।
ਮਿੱਟੀ ਨਾ ਫ਼ਰੋਲ ਜੋਗੀਆ।
“ਮਾਨਾ” ਸਾਰੇ ਸੱਜਣ ਪਿਆਰੇ ਸਾਥ ਛੱਡ ਗਏ।
ਇੱਕ ਇੱਕ ਕਰਕੇ ਸਹਾਰੇ ਸਾਥ ਛੱਡ ਗਏ।
ਕੱਲ੍ਹ ਨੂੰ ਆਪਾਂ ਵੀ ਨਹੀਂ ਰਹਿਣਾ, ਜੱਗ ਨੂੰ ਕੋਈ ਫ਼ਰਕ ਨਹੀਂ ਪੈਣਾ, ਰਹਿਣਾ ਚੱਲਦਾ ਸਮੇਂ ਨੇ ਓਸੇ ਚਾਲ।
ਮਿੱਟੀ ਨਾ ਫ਼ਰੋਲ ਜੋਗੀਆ।