ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਮੁੱਖ ਪਾਰਕ ਚ ਸ਼ਹੀਦਾਂ ਦੇ ਨਾ ਤੇ ਬਣੇਗਾ ਸਮਾਰਕ
ਸ਼ਹੀਦਾਂ ਦੇ ਪਰਿਵਾਰਾਂ ਕੋਲੋਂ 15 ਦਿਨਾਂ ਵਿੱਚ ਸ਼ਹੀਦਾਂ ਦੇ ਨਾਂ ਅਤੇ ਦਸਤਾਵੇਜ਼ ਮੰਗੇ
ਰੋਹਿਤ ਗੁਪਤਾ
ਗੁਰਦਾਸਪੁਰ, 18 ਸਤੰਬਰ - ਕਮਾਂਡਰ ਬਲਜਿੰਦਰ ਵਿਰਕ (ਰਿਟਾ:), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਮੁੱਖ ਪਾਰਕ ਵਿੱਚ ਉਨ੍ਹਾਂ ਦੀ ਯਾਦ ਵਿੱਚ ਸਮਾਰਕ ਬਣਾਇਆ ਜਾਵੇਗਾ। ਇਸ ਸਮਾਰਕ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਉਨ੍ਹਾਂ ਸਾਰੇ ਸ਼ਹੀਦਾਂ ਦਾ ਨਾਮ ਲਿਖਿਆ ਜਾਣਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਜਾਂ ਕਿਸੇ ਜੰਗ ਜਾਂ ਓਪਰੇਸ਼ਨ ਵਿੱਚ ਦੇਸ਼ ਲਈ ਸ਼ਹਾਦਤ ਪ੍ਰਾਪਤ ਕੀਤੀ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਉਕਤ ਸ਼ਹੀਦਾਂ ਦੇ ਨਾਮਾ ਦੀ ਵੈਰੀਫਿਕੇਸ਼ਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਸ਼ਹੀਦ ਹੋਏ ਸੈਨਿਕਾਂ ਅਤੇ ਅਰਧ ਸੈਨਿਕਾਂ ਦੇ ਸਮੂਹ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਪਰਿਵਾਰਾਂ ਕੋਲ ਸ਼ਹੀਦ ਦੀ ਸ਼ਹਾਦਤ ਨਾਲ ਸਬੰਧਿਤ ਦਸਤਾਵੇਜ਼ ਹਨ ਉਹ 15 ਦਿਨਾ ਦੇ ਅੰਦਰ-ਅੰਦਰ ਦਸਤਾਵੇਜ਼ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਗੁਰਦਾਸਪੁਰ, ਨੇੜੇ ਗੁਰੂ ਨਾਨਕ ਪਾਰਕ, ਕੋਰਟ ਰੋਡ, ਗੁਰਦਾਸਪੁਰ ਨਾਲ ਸੰਪਰਕ ਕਰਨ ਅਤੇ ਆਪਣੇ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣ, ਤਾਂ ਜੋ ਕਿਸੇ ਵੀ ਸਨਮਾਨਯੋਗ ਸ਼ਹੀਦ ਦਾ ਨਾਂ ਸਮਾਰਕ ਉੱਪਰ ਲਿਖਣ ਤੋਂ ਵਾਂਝਾ ਨਾ ਰਹਿ ਜਾਵੇ।