Babushahi Special ਤਲਵੰਡੀ ਆਕਲੀਆ ਲਾਗੇ ਸੀਮਿੰਟ ਫੈਕਟਰੀ ਲਾਉਣ ਖਿਲਾਫ ਅਗੇਤਾ ਹੀ ਰੱਫੜ ਪੈਣ ਲੱਗਿਆ
ਅਸ਼ੋਕ ਵਰਮਾ
ਬਠਿੰਡਾ,7 ਜੁਲਾਈ 2025: ਮਾਨਸਾ ਜਿਲ੍ਹੇ ਦੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਦੇ ਵਿਰੋਧ ਕਾਰਨ ਪਿੰਡ ਤਲਵੰਡੀ ਆਕਲੀਆਂ ’ਚ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਸੀਮਿੰਟ ਫੈਕਟਰੀ ਲਾਉਣ ਖਿਲਾਫ ਅਗੇਤਾ ਰੱਫੜ ਪੈਂਦਾ ਦਿਖਾਈ ਦੇ ਰਿਹਾ ਹੈ। ਇੰਨ੍ਹਾਂ ਪੰਚਾਇਤਾਂ ਨੇ ਇਲਾਕੇ ’ਚ ਫੈਲਣ ਵਾਲੇ ਪ੍ਰਦੂਸ਼ਣ ਕਾਰਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੋਲ ਆਪਣਾ ਪੱਖ ਰੱਖਿਆ ਅਤੇ ਦੁਹਾਈ ਦਿੱਤੀ ਕਿ ਸੀਮਿੰਟ ਫੈਕਟਰੀ ਸਾਨੂੰ ਮਨਜੂਰ ਨਹੀਂ ਹੈ। ਪੰਜਾਬ ਵਿੱਚ ਸਰਕਾਰਾਂ ਦੇ ਧਨਾਢ ਪੱਖੀ ਵਤੀਰੇ ਨੂੰ ਦੇਖਦਿਆਂ ਇਲਾਕੇ ਦੇ ਲੋਕਾਂ ਨੇ 21 ਮੈਂਬਰੀ ਸੰਘਰਸ਼ ਕਮੇਟੀ ਬਣਾ ਲਈ ਹੈ ਜੋ ਜਰੂਰਤ ਪੈਣ ਤੇ ਫੈਕਟਰੀ ਲੱਗਣ ਖਿਲਾਫ ਚੱਲਣ ਵਾਲੀ ਸੰਭਾਵੀ ਲੜਾਈ ਦੀ ਅਗਵਾਈ ਕਰੇਗੀ। ਪਿੰਡ ਤਲਵੰਡੀ ਆਕਲੀਆ ਪ੍ਰਾਈਵੇਟ ਤਾਪ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਤੋਂ ਕੁੱਝ ਦੂਰੀ ਤੇ ਸਥਿਤ ਹੋਣ ਕਰਕੇ ਇਹੋ ਚੁੰਝ ਚਰਚਾ ਹੈ ਕਿ ਇਸ ਫੈਕਟਰੀ ’ਚ ਸੀਮਿੰਟ ਦੇ ਉਤਪਾਦਨ ਲਈ ਥਰਮਲ ਵਿੱਚ ਕੋਇਲਾ ਬਲਣ ਕਾਰਨ ਬਣਦੀ ਸੁਆਹ ਵਰਤੀ ਜਾਏਗੀ।
ਲੋਕਾਂ ਦਾ ਕਹਿਣਾ ਹੈ ਕਿ ਸੁਆਹ ਦੀ ਵਰਤੋਂੋ ਵਾਤਾਵਰਨ ਨੂੰ ਬੁਰੀ ਤਰਾਂ ਦੂਸ਼ਿਤ ਕਰੇਗੀ ਅਤੇ ਇਸ ਦਾ ਸਿੱਧਾ ਪ੍ਰਭਾਵ ਪੇਂਡੂ ਲੋਕਾਂ ਦੀ ਸਿਹਤ ਤੇ ਪਵੇਗਾ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵਿਰੋਧ ਜਤਾਉਣ ਕਾਰਨ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨੇ ਸੀਮਿੰਟ ਫੈਕਟਰੀ ਲਈ ਤਜਵੀਜ਼ਤ ਥਾਂ ਪਿੰਡ ਤਲਵੰਡੀ ਅਕਲੀਆ ਵਿੱਚ ਹੁਣ 14 ਜੁਲਾਈ ਨੂੰ ਜਨਤਕ ਸੁਣਵਾਈ ਰੱਖ ਲਈ ਹੈ। ਇਸ ਤੋਂ ਪਹਿਲਾਂ ਜੇਐੱਸ ਡਬਲਿਊ ਕੰਪਨੀ ਨੇ ਕੱੁਝ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੀਮਿੰਟ ਫੈਕਟਰੀ ਲਾਉਣ ਸਬੰਧੀ ਆਮ ਲੋਕਾਂ ਤੋਂ ਇਤਰਾਜ਼ ਮੰਗੇ ਸਨ। ਇਲਾਕਾ ਵਾਸੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਫੈਕਟਰੀ ਮਾਨਸਾ ਨੇੜਲੇ ਪਿੰਡ ਕਰਮਗੜ੍ਹ ਔਤਾਂਵਾਲੀ ਅਤੇ ਤਲਵੰਡੀ ਅਕਲੀਆ ਦੀ ਹੱਦ ਵਿਚਕਾਰ ਲੱਗਣ ਜਾ ਰਹੀ ਹੈ। ਸੰਘਰਸ਼ ਕਮੇਟੀ ਨੇ ਗ੍ਰਾਮ ਸਭਾਵਾਂ ਅਤੇ ਪੰਚਾਇਤਾਂ ਵੱਲੋਂ ਫੈਕਟਰੀ ਖਿਲਾਫ ਪਾਏ ਮਤਿਆਂ ਦੀਆਂ ਕਾਪੀਆਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਹਨ।
ਸੰਘਰਸ਼ ਕਮੇਟੀ ਨੇ ਲੋਕਾਂ ਵਿੱਚ ਫੈਕਟਰੀ ਸਬੰਧੀ ਪਾਏ ਜਾ ਰਹੇ ਰੋਸ ਤੋਂ ਜਾਣੂ ਕਰਵਾਇਆ ਸੀ ਜਿਸ ਤੋਂ ਬਾਅਦ ਇਹ ਜਨਤਕ ਸੁਣਵਾਈ ਕਰਨ ਦੀ ਗੱਲ ਸਾਹਮਣੇ ਆਈ ਹੈ। ਪਿੰਡ ਕਰਮਗੜ੍ਹ ਔਤਾਂਵਾਲੀ, ਮਾਖਾ, ਤਲਵੰਡੀ ਅਕਲੀਆ ਅਤੇ ਦਲੀਏਵਾਲੀ ਦੇ ਲੋਕਾਂ ਨੇ ਸੀਮਿੰਟ ਫੈਕਟਰੀ ਖਿਲਾਫ ਸੰਘਰਸ਼ ਦਾ ਅਗੇਤਾ ਬਿਗੁਲ ਵਜਾਉਂਦਿਆਂ ਆਖਿਆ ਕਿ ਇਹ ਫੈਕਟਰੀ ਇਲਾਕੇ ਦੇ ਲੋਕਾਂ ਦੀ ਸਿਹਤ ਅਤੇ ਜਨਜੀਵਨ ਲਈ ਮਾਰੂ ਹੈ। ਪੰਚਾਇਤਾਂ ਦਾ ਕਹਿਣਾ ਹੈ ਕਿ ਸੀਮਿੰਟ ਫੈਕਟਰੀ ਲੱਗਣ ਨਾਲ ਮਨੁੱਖ ਜਨ-ਜੀਵਨ ਉਪਰ ਖ਼ਤਰਨਾਕ ਅਸਰ ਪੈਣਗੇ ਅਤੇ ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਦੁੱਭਰ ਹੋ ਜਾਣਾ ਹੈ। ਪਿੰਡ ਵਾਸੀ ਆਖਦੇ ਹਨ ਕਿ ਪ੍ਰਦੂਸ਼ਣ ਦੀ ਸਥਿਤੀ ਤਾਂ ਪਹਿਲਾਂ ਵੀ ਬੇਹੱਦ ਨਾਜ਼ੁਕ ਹੈ ਅਤੇ ਜੇਕਰ ਸੀਮਿੰਟ ਫੈਕਟਰੀ ਲੱਗਦੀ ਹੈ ਤਾਂ ਪਿੰਡਾਂ ਦਾ ਉਜਾੜਾ ਤਹਿ ਹੈ। ਉਨ੍ਹਾਂ ਕਿਹਾ ਕਿ ਇਲਾਕਾ ਕੈਂਸਰ ਵਰਗੀ ਮਾਰੂ ਬਿਮਾਰੀ ਦੀ ਮਾਰ ਝੱਲ ਰਿਹਾ ਹੈ ਜਿਸ ’ਚ ਫੈਕਟਰੀ ਪ੍ਰਦੂਸ਼ਣ ਹੋਰ ਵਾਧਾ ਕਰੇਗਾ।
ਉਨ੍ਹਾਂ ਕਿਹਾ ਕਿ ਫੈਕਟਰੀ ਦੇ ਪ੍ਰਦੂਸ਼ਣ ਨਾਲ ਇਕੱਲਾ ਮਨੁੱਖ ਹੀ ਪ੍ਰਭਾਵਤ ਨਹੀਂ ਹੋਣਗੇ, ਸਗੋਂ ਖੇਤਾਂ, ਫ਼ਸਲਾਂ,ਦਰੱਖਤਾਂ ’ਤੇ ਮਾੜਾ ਅਸਰ ਪਵੇਗਾ, ਜਿਸ ਕਰਕੇ ਉਨ੍ਹਾਂ ਨੇ ਇਲਾਕੇ ਵਿੱਚ ਲੱਗਣ ਵਾਲੀ ਇਸ ਫੈਕਟਰੀ ਦੀ ਵਿਰੋਧਤਾ ਦਾ ਫੈਸਲਾ ਲਿਆ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ, ਸਕੱਤਰ ਮਨਪ੍ਰੀਤ ਸਿੰਘ ਅਤੇ ਮੀਡੀਆ ਇੰਚਾਰਜ ਖੁਸ਼ਵੀਰ ਸਿੰਘ ਖਾਲਸਾ ਨੇ ਵੀ ਫੈਕਟਰੀ ਸਬੰਧੀ ਫਿਕਰ ਜਾਹਰ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੀ ਪਹਿਲਾਂ ਤੋਂ ਵਗ ਰਹੀ ਕਾਲੀ ਹਨੇਰੀ ਨੇ ਲੋਕਾਂ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈ ਤੇ ਜੇਕਰ ਥਰਮਲ ਦੀ ਸੁਆਹ ਨਾਲ ਚੱਲਣ ਵਾਲੀ ਇਹ ਸਨਅਤੀ ਇਕਾਈ ਲੱਗਦੀ ਹੈ ਤਾਂ ਆਮ ਆਦਮੀ ਦਾ ਜਿਉਣਾ ਦੁੱਭਰ ਹੋ ਜਾਏਗਾ। ਸੰਘਰਸ਼ ਕਮੇਟੀ ਆਗੂਆਂ ਦਾ ਪ੍ਰਤੀਕਰਮ ਹੈ ਕਿ ਜੇਕਰ ਫੈਕਟਰੀ ਲਾਉਣ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਲੋਕਾਂ ਕੋਲ ਝੰਡਾ ਚੁੱਕਣ ਤੋਂ ਸਿਵਾਏ ਕੋਈ ਚਾਰਾ ਨਹੀਂ ਰਹਿ ਜਾਣਾ ਹੈ।
ਸੰਘਰਸ਼ ਕਮੇਟੀ ਵੱਲੋਂ ਅਪੀਲ
ਸੰਘਰਸ਼ ਕਮੇਟੀ ਆਗੂਆਂ ਦਾ ਕਹਿਣਾ ਸੀ ਕਿ ਸੀਮਿੰਟ ਫੈਕਟਰੀ ਖਿਲਾਫ ਪਬਲਿਕ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਅਮਨਦੀਪ ਸਿੰਘ ਬੈਂਸ, ਜਸਕੀਰਤ ਸਿੰਘ, ਇੰਜ: ਕਪਿਲ ਅਰੋੜਾ ਅਤੇ ਕੁਲਦੀਪ ਸਿੰਘ ਖਹਿਰਾ ਨਾਲ ਸਾਂਝੀ ਮੀਟਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਫੈਸਲਾ ਹੋਇਆ ਹੈ ਕਿ ਪਹਿਲੇ ਪੜਾਅ ਤਹਿਤ ਪੰਜਾਬ ਦੇ ਸਮੂਹ ਬੁੱਧੀਜੀਵੀਆਂ, ਵਾਤਾਵਰਣ ਪ੍ਰੇਮੀਆਂ, ਸਮਾਜਿਕ ਕਾਰਕੁਨਾਂ ਨੂੰ ਸੀਮਿੰਟ ਫੈਕਟਰੀ ਵਿਰੁੱਧ ਲੋਕਾਂ ਨਾਲ ਡੱਟਣ ਦੀ ਅਪੀਲ ਕੀਤੀ ਜਾਏਗੀ ਅਤੇ ਜਰੂਰਤ ਅਨੁਸਾਰ ਹੋਰ ਧਿਰਾਂ ਦਾ ਸਹਿਯੋਗ ਵੀ ਲਿਆ ਜਾਏਗਾ। ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਲੀਡਰਸ਼ਿਪ ਨੂੰ ਸੀਮਿੰਟ ਫੈਕਟਰੀ ਖਿਲਾਫ ਅਤੇ 14 ਜੁਲਾਈ 2025 ਨੂੰ ਇਸ ਮਾਮਲੇ ਵਿੱਚ ਤਲਵੰਡੀ ਸਾਬੋ ਪਾਵਰ ਪਲਾਂਟ ਕੋਲ ਪਿੰਡ ਤਲਵੰਡੀ ਅਕਲੀਆ ਵਿਖੇ ਪੁੱਜਣ ਦੀ ਅਪੀਲ ਵੀ ਕੀਤੀ ਹੈ।
ਡਟਕੇ ਸਾਥ ਦੇਵੇਗੀ ਜੱਥੇਬੰਦੀ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜਦੋਂ ਵੀ ਇਲਾਕਾ ਵਾਸੀ ਉਨ੍ਹਾਂ ਤੋਂ ਸਾਥ ਮੰਗਣਗੇ ਤਾਂ ਉਹ ਲੋਕਾਂ ਨਾਲ ਡਟਕੇ ਖੜ੍ਹਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਜੱਥੇਬੰਦੀ ਧੱਕੇ ਨਾਲ ਜਮੀਨ ਹਾਸਲ ਕਰਨ ਅਤੇ ਸੀਮਿੰਟ ਫੈਕਟਰੀ ਲਾਉਣ ਖਿਲਾਫ ਜਾਨ ਹੂਲਵੀਂ ਲੜਾਈ ਲੜਨ ਲਈ ਵਚਨਬੱਧ ਹੈ।