ਲੈਂਡਮਾਰਗੇਜ ਬੈਂਕ ਦੇ ਨਿਰਦੇਸ਼ਕ, ਸਾਬਕਾ ਸਰਪੰਚ, ਕਾਂਗਰਸੀ ਆਗੂ ਦਾ ਕਤਲ
ਮੋਰਿੰਡਾ, 8 ਦਸੰਬਰ 2021 - ਮੋਰਿੰਡਾ ਥਾਣਾ ਵਿੱਚ ਪੈਂਦੇ ਪਿੰਡ ਉੱਧਮਪੁਰ (ਨਲਾ) ਦੇ ਵਸਨੀਕ ਸਾਬਕਾ ਸਰਪੰਚ, ਲੈਂਡਮਾਰਗੇਜ ਬੈਂਕ ਦੇ ਨਿਰਦੇਸ਼ਕ ਅਤੇ ਕਾਂਗਰਸੀ ਆਗੂ ਅਵਤਾਰ ਸਿੰਘ ਦਾ ਅੱਜ ਸਵੇਰੇ ਲਗਭਗ ਸਾਢੇ 7 ਵਜੇ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਉਸ ਸਮੇਂ ਹੋਇਆ ਜਦੋਂ ਸਵ. ਅਵਤਾਰ ਸਿੰਘ ਸਹਿਕਾਰੀ ਦੁੱਧ ਸਭਾ ਵਿੱਚ ਦੁੱਧ ਪਾ ਕੇ ਘਰ ਨੂੰ ਵਾਪਿਸ ਪਰਤ ਰਿਹਾ ਸੀ, ਤਾਂ ਘਰ ਦੇ ਨੇੜੇ ਦੋ ਅਣਪਛਾਤੇ ਨੌਜਵਾਨ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਏ ਅਤੇ ਅਵਤਾਰ ਸਿੰਘ ਨੂੰ ਲਗਭਗ ਨੌਂ ਗੋਲੀਆਂ ਮਾਰ ਕੇ ਫਰਾਰ ਹੋ ਗਏ।
ਜਦੋਂ ਅਵਤਾਰ ਸਿੰਘ ਨੂੰ ਗੰਭੀਰ ਜਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਵਲੋਂ ਅਵਤਾਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਅਵਤਾਰ ਸਿੰਘ ਸਹਿਕਾਰੀ ਖੇਤੀਬਾੜੀ ਸਭਾ ਬਸੀ ਗੁੱਜਰਾਂ ਤੋਂ ਕੁੱਝ ਸਮਾਂ ਪਹਿਲਾਂ ਸੇਵਾਮੁਕਤ ਹੋਏ ਸਨ। ਉਹ ਪਿੰਡ ਦੇ ਨੰਬਰਦਾਰ ਹੋਣ ਦੇ ਨਾਲ-ਨਾਲ ਪਿੰਡ ਦੇ ਸਰਪੰਚ ਵੀ ਰਹੇ ਹਨ ਅਤੇ 4 ਦਸੰਬਰ ਨੂੰ ਉਹਨਾਂ ਨੂੰ ਲੈਂਡਮਾਰਗੇਜ ਬੈਂਕ ਮੋਰਿੰਡਾ ਦਾ ਨਿਰਦੇਸ਼ਕ ਵੀ ਚੁਣਿਆ ਗਿਆ ਸੀ। ਉਹ ਪਿੰਡ ਉੱਧਮਪੁਰ ਨਲਾ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਪ੍ਰਧਾਨ ਵੀ ਸਨ।
ਅਵਤਾਰ ਸਿੰਘ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਿਆ ਕਿ ਪਿੰਡ ਵਿੱਚ ਉਹਨਾਂ ਦੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਸੀ, ਉਹ ਸਾਊ ਸੁਭਾਅ ਦੇ ਇਨਸਾਨ ਸਨ। ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨੇੜਤਾ ਦੱਸੀ ਜਾਂਦੀ ਹੈ। ਅਵਤਾਰ ਸਿੰਘ ਦੇ ਇੱਕ ਬੇਟੇ ਤੇ ਦੋ ਬੇਟੀਆਂ ਹਨ। ਜੋ ਕੈਨੇਡਾ ਵਿੱਚ ਰਹੇ ਰਹੇ ਹਨ। ਉਹ ਆਪਣੇ ਪਿੰਡ ਵਿੱਚ ਮਾਤਾ ਅਤੇ ਪਤਨੀ ਨਾਲ ਰਹਿ ਰਹੇ ਸਨ। ਕਾਤਿਲਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਮੋਰਿੰਡਾ ਪੁਲਿਸ ਵਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।