ਸਰਕਾਰ ਨੂੰ ਹਰ ਹੀਲੇ ਕਿਸਾਨੀ ਸ਼ੰਘਰਸ਼ ਅੱਗੇ ਝੁਕਣਾ ਹੀ ਪਵੇਗਾ-ਕਿਸਾਨ ਆਗੂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2021-ਕੇਂਦਰ ਸਰਕਾਰ ਵੱਲੋਂ ਖੇਤੀ ਵਿਰੁੱਧ ਪਾਸ ਕੀਤੇ ਕਾਲੇ ਕਾਨੂੰਨਾਂ ਅਤੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਕਿਸਾਨੀ ਸ਼ੰਘਰਸ ’ਚ ਵੱਧ ਚੜ੍ਹ ਕੇ ਸਾਥ ਦੇਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਚਾਰ ਜਿਲ੍ਹਿਆਂ ਸ਼੍ਰੀ ਮੁਕਤਸਰ ਸਹਿਬ, ਫਿਰੋਜਪੁਰ, ਫਰੀਦਕੋਟ ਅਤੇ ਫਾਜ਼ਿਲਕਾ ਦੀ ਮਹਾਂ-ਪੰਚਾਇਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪਿੰਡ ਦੋਦਾ ਦੀ ਦਾਣਾ ਮੰਡੀ ’ਚ ਹੋਈ, ਜਿਸ ਵਿੱਚ ਕਿਸਾਨ, ਮਜਦੂਰ, ਆੜਤੀਏ, ਆਂਗਨਵਾੜੀ ਵਰਕਰਜ਼, ਐਨ.ਆਰ.ਆਈ. ਆਦਿ ਦੂਰੋਂ-ਨੇੜੋਂ ਆਪੋ-ਆਪਣੇ ਵਹੀਕਲਾਂ ’ਤੇ ਵੱਡੀ ਗਿਣਤੀ ’ਚ ਹਿੱਸਾ ਲੈਣ ਪਹੁੰਚੇ।
ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਦੀ ਰਚੀ ਸ਼ਾਜਿਸ ਦੌਰਾਨ ਬੀਤੀ 26 ਜਨਵਰੀ ਨੂੰ ਕਿਸਾਨੀ ਸ਼ੰਘਰਸ ਨੂੰ ਸੱਟ ਵੱਜੀ ਸੀ, ਪਰ ਹੁਣ ਕਿਸਾਨੀ ਸ਼ੰਘਰਸ ਨੇ ਇਸ ਸੱਟ ਤੋਂ ਉਭਰ ਕੇ ਫਿਰ ਆਪਣੀ ਸਹੀ ਦਿਸ਼ਾ ’ਚ ਗਤੀ ਫੜ੍ਹ ਲਈ ਹੈ। ਕਿਸਾਨ ਆਗੂਆਂ ਨੇ ਸਮੂਹ ਜੱਥੇਬੰਦੀਆਂ ਖਾਸ ਕਰਕੇ ਕਿਸਾਨਾਂ, ਮਜਦੂਰਾਂ, ਆੜ੍ਹਤੀਆ, ਵਪਾਰੀ ਆਦਿ ਸਮੂਹ ਵਰਗਾਂ ਨੂੰ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਵੱਧ ਚੜ੍ਹ ਕੇ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੀ ਕਿਸਾਨੀ ਅਤੇ ਕਿਸਾਨਾਂ ਦੀ ਜਿੱਤ ਯਕੀਨੀ ਹੈ, ਕਿਉਂਕਿ ਸੂਬਾ ਸਰਕਾਰਾਂ ਦੇ ਨਾਲ-ਨਾਲ ਕੇਂਦਰ ਸਰਕਾਰ ਨੇ ਵੀ ਕਿਸਾਨੀ ਸ਼ੰਘਰਸ ਦਾ ਲੋਹਾ ਮੰਨ ਲਿਆ ਹੈ ਅਤੇ ਦਿੱਲੀ ਬਾਰਡਰਾਂ ’ਤੇ ਵੱਡੀ ਗਿਣਤੀ ’ਚ ਬੈਠੇ ਕਿਸਾਨਾਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਾ। ਸਰਕਾਰ ਇਸ ਨੂੰ ਲੋਕਾਂ ਦੀਆਂ ਭੀੜਾਂ ਕਹਿ ਕੇ ਅੰਦਰੋ-ਅੰਦਰੀ ਪੂਰੀ ਤਰ੍ਹਾਂ ਡਰ ਚੁੱਕੀ ਹੈ ਅਤੇ ਸਰਕਾਰ ਨੂੰ ਹਰ ਹੀਲੇ ਕਿਸਾਨੀ ਸ਼ੰਘਰਸ਼ ਅੱਗੇ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਭਾਂਵੇ ਸਰਕਾਰ ਕਿਸਾਨੀ ਸ਼ੰਘਰਸ ਨੂੰ ਢਾਹ ਲਾਉਣ ਲਈ ਦਿਨ-ਰਾਤ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਘੜ੍ਹ ਰਹੀ, ਪਰ ਉਨਾਂ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਉਂਦੇ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਵੀ ਇਹ ਸ਼ੰਘਰਸ ਨੂੰ ਪੂਰੀ ਤਰ੍ਹਾਂ ਜਿਉਂਦਾ ਰੱਖਿਆ ਜਾਵੇ ਤਾਂ ਜੋ ਕੁੰਭਕਰਨੀ ਨੀਂਦ ਸੁੱਤੀ ਬੋਲੀ ਅਤੇ ਅੰਨ੍ਹੀ ਸਰਕਾਰ ਨੂੰ ਆਪਣੇ ਹੱਕ ਲੈਣ ਲਈ ਜਗਾਇਆ ਜਾ ਸਕੇ। ਇਸ ਤੋਂ ਇਲਾਵਾ ਇਸ ਮੌਕੇ ਇਸ ਸ਼ੰਘਰਸ ’ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ, ਜੇਲ੍ਹ ਕੱਟਣ ਵਾਲੇ, ਜਿੰਨਾਂ ਕਿਸਾਨ-ਮਜਦੂਰਾਂ ’ਤੇ ਮਾਮਲੇ ਦਰਜ ਹੋਏ, ਜੋ ਇਸ ਸ਼ੰਘਰਸ ’ਚ ਹਿੱਸਾ ਲੈਣ ਲਈ ਸਾਈਕਲਾਂ ’ਤੇ ਜਾਂ ਪੈਦਲ ਗਏ ਆਦਿ ਨੂੰ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਜੋ ਕਿਸਾਨ ਇਸ ਸੰਘਰਸ਼ ’ਚ ਸ਼ਹੀਦ ਹੋਏ ਹਨ, ਇਹ ਸਨਮਾਨ ਸਾਡੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜ਼ਲੀ ਅਤੇ ਪਰਿਵਾਰਾਂ ਨਾਲ ਹਮਦਰਦੀ ਦੇ ਬੋਲ ਹਨ। ਇਸ ਮੌਕੇ ਲੋਕਾਂ ਨੂੰ ਨਾਟਕਾਂ ਅਤੇ ਭੰਡਾਂ ਦੀਆਂ ਸਕਿਟਾਂ ਰਾਹੀਂ ਮੌਕੇ ਦੀਆਂ ਸਰਕਾਰੀ ਨੀਤੀਆਂ ਅਤੇ ਕਿਸਾਨੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ।