ਨਿਰਵੈਰ ਸਿੰਘ ਸਿੰਧੀ
ਮਮਦੋਟ, 22 ਜਨਵਰੀ 2021 :- ਇਲਾਕੇ ਵਿਚ ਲੁੱਟ ਖੋ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਦਿਨੋ ਦਿਨ ਚੋਰਾਂ ਅਤੇ ਗੁੰਡਾ ਅਨਸਰਾਂ ਦੇ ਹੋਂਸਲੇ ਬੁਲੰਦ ਹੋ ਰਹੇ ਹਨ ਪਰੰਤੂ ਪੁਲਿਸ ਪ੍ਰਸ਼ਾਸ਼ਨ ਹੱਥਾਂ ਤੇ ਹੱਥ ਧਰ ਕੇ ਮੂਕ ਦਰਸ਼ਕ ਬਣਕੇ ਬੈਠਾ ਦਿਖਾਈ ਦੇ ਰਿਹਾ ਹੈ |
ਵਰਨਰਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਲੱਖੋ ਕੇ ਬਹਿਰਾਮ ਦੀ ਟੈਲੀਫੋਨ ਐਕਸਚੇਂਜ ਵਿੱਚੋ ਪਹਿਲਾਂ ਤਿੰਨ ਵਾਰ ਬੈਟਰੀਆਂ ਅਤੇ ਹੋਰ ਸਮਾਨ ਚੋਰੀ ਹੋ ਚੁੱਕਾ ਹੈ ਅਤੇ ਬੀਤੀ ਦਿਨੀਂ ਚੌਥੀ ਵਾਰ ਫਿਰ ਚੋਰਾਂ ਵੱਲੋਂ ਐਕਸਚੇਂਜ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਵਿਚੋਂ ਤਕਰੀਬਨ ਚਾਰ ਬੈਟਰੀਆਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |
ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਬੀ ਐੱਸ ਐੱਨ ਐਲ ਦੇ ਮੁਲਾਜਮ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਚੋਰਾਂ ਵੱਲੋਂ ਐਕਸਚੇਂਜ ਦੇ ਦਰਵਾਜੇ ਦੇ ਤਾਲੇ ਤੋੜ ਕੇ ਤਿੰਨ ਵਾਰ ਬੈਟਰੀਆਂ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ ਅਤੇ ਬੀਤੀ ਰਾਤ ਫਿਰ ਚੋਰਾਂ ਵੱਲੋਂ ਗੇਟ ਨੂੰ ਕਟਰ ਨਾਲ ਕੱਟ ਕੇ ਚਾਰ ਬੈਟਰੀਆਂ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ | ਇਥੇ ਦੱਸਣਯੋਗ ਹੈ ਕਿ ਟੈਲੀਫੋਨ ਐਕਸਚੇਂਜ ਤੋਂ ਥਾਣਾ ਕਰੀਬ ਡੇਢ ਕੁ ਕਿਲੋਮੀਟਰ ਤੇ ਪੁਲਿਸ ਥਾਣਾ ਸਥਿਤ ਹੈ | ਜਦੋ ਇਸ ਬਾਰੇ ਥਾਣਾ ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਓਹਨਾ ਕਿਹਾ ਕਿ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਜਲਦ ਹੋ ਚੋਰਾਂ ਨੂੰ ਫੜ ਲਿਆ ਜਾਵੇਗਾ |