ਹਜ਼ਾਰਾਂ ਔਰਤਾਂ ਵੱਲੋਂਂ ਕਿਸਾਨ ਔਰਤ ਦਿਵਸ ਮੌਕੇ ਰੋਸ ਰੈਲੀਆਂ
ਅਸ਼ੋਕ ਵਰਮਾ
ਚੰਡੀਗੜ੍ਹ, 18 ਜਨਵਰੀ2021: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਪਿੰਡਾਂ ਧਨੌਲਾ ਤੇ ਕਟਹਿੜਾ ’ਚ ਅੱਜ ਕਾਲੇ ਖੇਤੀ ਕਾਨੂੰਨਾਂ ਨੂੰ ਲੈਕੇ ਹਜ਼ਾਰਾਂ ਦੀ ਤਾਦਾਦ ’ਚ ਔਰਤਾਂ ਨੇ ਮੋਦੀ ਸਰਕਾਰ ਨੂੰ ਲੋਕ ਤਾਕਤ ਦਾ ਸ਼ੀਸ਼ਾ ਦਿਖਾਇਆ। ਅੱਜ ਦੀਆਂ ਰੈਲੀਆਂ ’ਚ ਇਕੱਠ ਦੀ ਇੰਤਹਾ ਸੀ ਕਿ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਬਚੀ ਸੀ। ਪ੍ਰਬੰਧਕਾਂ ਵੱਲੋ ਰੋਸ ਜਤਾਉਣ ਲਈ ਪੁੱਜੀਆਂ ਔਰਤਾਂ ਲਈ ਕੀਤੇ ਸਭ ਪ੍ਰਬੰਧ ਬੌਣੇ ਸਾਬਤ ਹੋਏ। ਅੱਜ ਦੇ ਇਕੱਠਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਪਿਕ ਜੇਕਰ ਖੇਤੀ ਕਾਨੂੰਨ ਰੱਦ ਨਾਂ ਕੀਤੇ ਤਾਂ ਲੋਕਤਾ ਦੇ ਦਰਿਆ ਇਸ ਤੋਂ ਵੀ ਤੇਜ਼ੀ ਨਾਲ ਵਗਣਗੇ ਜਿਨ੍ਹਾਂ ਨੂੰ ਸੰਭਾਲਣਾ ਹਕੂਮਤਾਂ ਦੇ ਵੱਸ ’ਚ ਨਹੀਂ ਰਹੇਗਾ। ਰੈਲੀਆਂ ਦੌਰਾਨ ਕਿਸਾਨ ਔਰਤਾਂ ’ਚ ਕੌਮੀ ਜਾਂਚ ਏਜੰਸੀ ਵੱਲੋਂ ਜਾਰੀ ਨੋਟਿਸਾਂ ਖ਼ਿਲਾਫ਼ ਗੁੱਸਾ ਸੱਤਵੇਂ ਅਸਮਾਨ ਤੇ ਦੇਖਣ ਨੂੰ ਮਿਲਿਆ।
ਬੁਲਾਰਿਆਂ ਨੇ ਕੌਮੀ ਜਾਂਚ ਏਜੰਸੀ ਵੱਲੋਂ ਕਿਸਾਨ ਆਗੂਆਂ ਅਤੇ ਘੋਲ਼ ਦੇ ਸਮਰਥਕਾਂ ਨੂੰ ਨੋਟਿਸ ਜਾਰੀ ਕਰਕੇ ਉਲਟਾ ਉਨ੍ਹਾਂ ਖ਼ਿਲਾਫ਼ ਹੀ ਦੇਸ਼-ਧ੍ਰੋਹੀ ਵਰਗੇ ਕੇਸ ਤਿਆਰ ਕਰਨ ਵਾਲੇ ਜਾਬਰ ਹੱਥਕੰਡਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਇਹਨਾਂ ਚੰਦਰੇ ਮਨਸੂਬਿਆਂ ਨੂੰ ਪੈਰਾਂ ਹੇਠਾਂ ਰੋਲਣ ਦਾ ਐਲਾਨ ਕੀਤਾ। ਇਸ ਮੌਕੇ ਜਿੱਥੇ ਮੋਦੀ ਹਕੂਮਤ ਨੂੰ ਵੰਗਾਰਿਆ ਉੱਥੇ ਪੰਜਾਬ ਨਾਲ ਸਬੰਧਤ ਇਹਨਾਂ ਦੋਵਾਂ ਭਾਜਪਾ ਆਗੂਆਂ ਨੂੰ ਕਿਸਾਨ ਵਿਰੋਧੀ ਬਿਆਨਬਾਜ਼ੀ ਕਰਨ ਬਦਲੇ ਲਾਹਨਤਾਂ ਪਾਈਆਂ ਗਈਆਂ।ਅੱਜ ਇਹ ਰੈਲੀਆਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜਾਨਹੂਲਵੇਂ ਘੋਲ਼ ‘ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸੱਦੇ ‘ਤੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ‘ਚ ਕੀਤੀਆਂ ਗਈਆਂ ਸਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਮਹਿਲਾ ਕਿਸਾਨ ਦਿਵਸ ਮੌਕੇ ਕੀਤੀਆਂ ਵਿਸਾਲ ਔਰਤ ਰੈਲੀਆਂ ਦੌਰਾਨ ਭਾਜਪਾ ਮੋਦੀ ਹਕੂਮਤ ਨਾਲ ਦੇਸੀ ਵਿਦੇਸ਼ੀ ਕਾਰਪੋਰੇਟਾਂ ਤੇ ਸਾਮਰਾਜੀਆਂ ਦੇ ਗੱਠਜੋੜ ਖ਼ਿਲਾਫ਼ ਔਰਤ ਸ਼ਕਤੀ ਦੇ ਖੌਲਦੇ ਰੋਹ ਦਾ ਪ੍ਰਗਟਾਵਾ ਹੋ ਨਿੱਬੜੇ।
ਰੈਲੀਆਂ ਦੀ ਸ਼ੁਰੂਆਤ ਮੌਜੂਦਾ ਘੋਲ਼ ਅੰਦਰ ਜਾਨਾਂ ਵਾਰਨ ਵਾਲੇ 75 ਤੋਂ ਵੱਧ ਕਿਸਾਨ ਮਜ਼ਦੂਰ ਤੇ ਔਰਤ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਪੇਸ਼ ਕਰਨ ਨਾਲ ਕੀਤੀ ਗਈ। ਇਹਨਾਂ ਰੈਲੀਆਂ ਨੂੰ ਮਹਿਲਾ ਕਿਸਾਨ ਆਗੂ ਬਲਜੀਤ ਕੌਰ ਭੱਠਲ, ਗੁਰਪ੍ਰੀਤ ਕੌਰ ਬਰਾਸ,ਹਰਪ੍ਰੀਤ ਕੌਰ ਜੇਠੂਕੇ,ਕੁਲਦੀਪ ਕੌਰ ਕੁੱਸਾ, ਖੇਤ ਮਜ਼ਦੂਰ ਆਗੂ ਕਿਰਸ਼ਨਾ ਦੇਵੀ ਤੇ ਗੁਰਮੇਲ ਕੌਰ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਜਗਤਾਰ ਸਿੰਘ ਕਾਲਾਝਾੜ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਿਸਾਨ ਘੋਲ ਤੇ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਦਿੱਤੇ ਬਿਆਨਾਂ ਦੀ ਤਿੱਖੀ ਅਲੋਚਨਾ ਕਰਦਿਆਂ ਇਹਨਾਂ ਆਗੂਆਂ ਨੂੰ ਲਗਾਤਾਰ ਜਨਤਕ ਰੋਹ ਦਾ ਨਿਸ਼ਾਨਾ ਬਣਾਈ ਰੱਖਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਹੱਡਚੀਰਵੀਂ ਠੰਢ ’ਚ ਕਿਸਾਨ ਘੋਲ਼ ’ਚ ਔਰਤਾਂ ਵੱਲੋਂ ਪਾਏ ਜਾ ਰਹੇ ਨਿੱਗਰ ਯੋਗਦਾਨ ਦੀ ਸ਼ਲਾਘਾ ਕਰਦਿਆਂ ਪਿੰਡ ਪਿੰਡ ਔਰਤਾਂ ਦੀਆਂ ਜਥੇਬੰਦਕ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ।
ਬੁਲਾਰਿਆਂ ਨੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਪ੍ਰਦੂਸ਼ਣ ਸੰਬੰਧੀ ਆਰਡੀਨੈਂਸ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਖੇਤੀ ਅਤੇ ਖੇਤ ਮਜ਼ਦੂਰਾਂ ਸਮੇਤ ਸਭਨਾਂ ਛੋਟੇ ਕਾਰੋਬਾਰੀਆਂ ਨੂੰ ਉਜਾੜਨ ਵਾਲੇ ਇਹਨਾਂ ਕਾਨੂੰਨਾਂ ਖ਼ਿਲਾਫ਼ ਜਾਨਾਂ ਤਲੀ ਤੇ ਧਰ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਲੱਖਾਂ ਲੋਕਾਂ ਦੀ ਆਵਾਜ਼ ਨੂੰ ਮਹੀਨਿਆਂ ਬੱਧੀ ਨਜ਼ਰਅੰਦਾਜ਼ ਕਰਕੇ ਮੋਦੀ ਹਕੂਮਤ ਮੁੱਠੀਭਰ ਸਾਮਰਾਜੀਆਂ ਦੀ ਚਾਕਰੀ ਅਤੇ ਕਿਰਤੀ ਲੋਕਾਂ ਨਾਲ ਗ਼ੱਦਾਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਐਨ ਇਸੇ ਮੌਕੇ ਸਾਮਰਾਜੀ ਸੰਸਥਾ ‘ਕੌਮਾਂਤਰੀ ਮੁਦਰਾ ਫ਼ੰਡ‘ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਦਾਗੇ ਗਏ ਬਿਆਨ ਨੂੰ ਇਸ ਲੁਟੇਰੇ ਗੱਠਜੋੜ ਦੀ ਗੂੜ੍ਹੀ ਸਾਂਝ ਦਾ ਸਬੂਤ ਦੱਸਦਿਆਂ ਇਹਦੀ ਵੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂੇ 19 ਜਨਵਰੀ ਨੂੰ ਦਿੱਲੀ ਸਮੇਤ ਪੰਜਾਬ ਭਰ ਵਿੱਚ ਇਹਨਾਂ ਸਾਮਰਾਜੀ ਸੰਸਥਾਵਾਂ ‘ਕੌਮਾਂਤਰੀ ਮੁਦਰਾ ਫ਼ੰਡ ‘ ਅਤੇ ‘ ਸੰਸਾਰ ਵਪਾਰ ਸੰਸਥਾ ‘ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ।
ਉਹਨਾਂ ਐਲਾਨ ਕੀਤਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੀਆਂ ਫ਼ਸਲਾਂ ਦੀ ਐਮ ਐਸ ਪੀ ਉੱਪਰ ਖਰੀਦ ਦਾ ਕਾਨੂੰਨੀ ਹੱਕ ਲੈਣ ਅਤੇ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਇਹ ਘੋਲ਼ ਦਿਨੋਂ ਦਿਨ ਵਧਾਇਆ ਜਾਵੇਗਾ। ਇਸੇ ਦਿਸ਼ਾ ‘ਚ ਵਧਦੇ ਹੋਏ 26 ਜਨਵਰੀ ਮੌਕੇ ਦਿੱਲੀ ‘ਚ ਕੀਤੀ ਜਾ ਰਹੀ ਕਿਸਾਨ ਪਰੇਡ ਦੀ ਤਿਆਰੀ ਲਈ 20-21 ਜਨਵਰੀ ਨੂੰ ਪਿੰਡ ਪਿੰਡ ਟ੍ਰੈਕਟਰ ਮਾਰਚ ਕੀਤੇ ਜਾਣਗੇ। ਅੱਜ ਦੇ ਪ੍ਰੋਗ੍ਰਾਮਾਂ ਵਿੱਚ ਕਿਸਾਨ ਘੋਲ਼ ਦੇ ਸਹਿਯੋਗੀ ਤਬਕਿਆਂ ਖੇਤ ਮਜ਼ਦੂਰਾਂ, ਟੀਚਰਾਂ ਤੇ ਹੋਰ ਮੁਲਾਜ਼ਮਾਂ, ਜਲ ਸਪਲਾਈ ਕਾਮਿਆਂ, ਬਿਜਲੀ ਮੁਲਾਜ਼ਮਾਂ, ਮਗਨਰੇਗਾ ਕਰਮਚਾਰੀਆਂ, ਪੇਂਡੂ ਡਾਕਟਰਾਂ, ਵਕੀਲਾਂ, ਆਂਗਣਵਾੜੀ ਵਰਕਰਾਂ, ਪੇਂਡੂ/ਸ਼ਹਿਰੀ ਕਾਰੋਬਾਰੀਆਂ ਆਦਿ ਵੱਲੋਂ ਵੀ ਵਿਤ ਮੂਜਬ ਹਮਾਇਤੀ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਦੁਸ਼ਮਣ ਜਮਾਤਾਂ ਨਾਲ ਦੋ- ਦੋ ਹੱਥ ਕਰਨ ਵਾਲੀ ਚੰਡੀ ਬਣ ਕੇ ਉੱਭਰ ਰਹੀਆਂ ਔਰਤਾਂ ਸਮੇਤ ਸਭਨਾਂ ਸਹਿਯੋਗੀ ਲੋਕਾਂ ਦਾ ਖ਼ਾਸ ਕਰਕੇ ਸ਼ਾਨਦਾਰ ਪ੍ਰਬੰਧਾਂ ਵਿੱਚ ਸ਼ਾਮਲ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।