War Special ਚੰਦਰੀ ਜੰਗ ਭੁੱਜੇ ਆਮ ਘਰਾਂ ’ਚ ਭੰਗ-ਖਜਾਨੇ ਮਾਇਆ ਦੇ ਗੱਫਿਆਂ ਨਾਲ ਭਰਦੀ ਧਨਾਢਾਂ ਦੇ
ਅਸ਼ੋਕ ਵਰਮਾ
ਬਠਿੰਡਾ, 30 ਮਾਰਚ 2026 : ਇਰਾਨ ਦੀ ਅਮਰੀਕਾ ਇਜ਼ਰਾਈਲ ਜੁੰਡਲੀ ਨਾਲ ਲੱਗੀ ਮੱਧ ਪੂਰਬ ਵਿਚਲੀ ਜੰਗ ਕਾਰਨ ਜਿੱਥੇ ਆਮ ਲੋਕਾਂ ਨੂੰ ਰਸੋਈ ਗੈਸ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ ਉੱਥੇ ਇਹੋ ਲੜਾਈ ਧਨਾਢ ਕੰਪਨੀਆਂ ਦੇ ਖਜਾਨਿਆਂ ਲਈ ਵਰਦਾਨ ਬਣਦੀ ਜਾ ਰਹੀ ਹੈ। ਮਾਮਲਾ ਪੀਐਨਜੀ ਨਾਲ ਜੁੜਿਆ ਹੈ ਜੋ ਗੁਜਰਾਤ ਸਟੇਟ ਪੈਟਰੋ ਨੈਟ ਲਿਮਟਿਡ ( ਜੀਐਸਪੀਐਲ) ਨਾਮੀ ਕੰਪਨੀ ਵੱਲੋਂ ਪਾਈਪਾਂ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ। ਬੇਸ਼ੱਕ ਐਲਪੀਜੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਰਸੋਈ ਗੈਸ ਦੀ ਕਮੀ ਨਹੀਂ ਫਿਰ ਵੀ ਦਿਨ ਚੜ੍ਹਦੇ ਲਾਈਨ ’ਚ ਲੱਗਣ ਤੋਂ ਤੰਗ ਆਏ ਲੋਕਾਂ ਦਾ ‘ਮੁਹਾਣ’ ਹੁਣ ‘ਪਾਈਪ ਨੈਚੂਰਲ ਗੈਸ’ ਵੱਲ ਹੋਣ ਲੱਗਿਆ ਹੈ। ਇਸ ਸਬੰਧੀ ਸਾਹਮਣੇ ਆਈ ਜਾਣਕਾਰੀ ਅਨੁਸਾਰ ਲੋਕਾਂ ਦੀ ਮੰਗ ਨੂੰ ਦੇਖਦਿਆਂ ਰਸੋਈ ਗੈਸ ਦੇ ਇਸ ਸੰਕਟ ਦੌਰਾਨ ਪੀਐਨਜੀ ਦੇ ਨਵੇਂ ਕੁਨੈਕਸ਼ਨ ਲੈਣ ਲਈ ਕੰਪਨੀ ਕੋਲ ਰੋਜਾਨਾ ਔਸਤਨ ਢਾਈ ਦਰਜਨ ਅਰਜੀਆਂ ਆ ਰਹੀਆਂ ਹਨ।
ਲੋਕਾਂ ਦੀ ਮੰਗ ਨੂੰ ਦੇਖਦਿਆਂ ਗੁਜਰਾਤ ਗੈਸ ਕੰਪਨੀ ਨੇ ਨਵੇਂ ਕੁਨੈਕਸ਼ਨ ਲੈਣ ਲਈ ਆਖਰੀ ਤਰੀਕ 31 ਮਾਰਚ ਤੋਂ 30 ਜੂਨ ਕਰ ਦਿੱਤੀ ਹੈ। ਕੰਪਨੀ ਨੇ ਆਪਣਾ ਦਾਇਰਾ ਹੋਰ ਵਧਾਉਣ ਲਈ ਘਰ ਤੋਂ ਰਜਿਸ਼ਟਰੇਸ਼ਨ ਅਤੇ ਸਕਿਉਰਟੀ 7 ਤੋਂ ਘਟਾ ਕੇ 5 ਹਜ਼ਾਰ ਕਰ ਦਿੱਤੀ ਹੈ। ਆਪਣੇ ਕਾਰੋਬਾਰ ’ਚ ਆਉਣ ਲੱਗੇ ਉਛਾਲ ਨੂੰ ਦੇਖਦਿਆਂ ਸ਼ਹਿਰ ਦਾ ਵਿਸਥਾਰ ਹੋਣ ਕਾਰਨ ਕੰਪਨੀ ਨੇ ਬਠਿੰਡਾ ਡੱਬਵਾਲੀ ਸੜਕ ਵਾਲੇ ਇਲਾਕੇ ’ਚ ਨਵੀਂ ਪਾਈਪਲਾਈਨ ਪਾਉਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਗੈਸ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਠਿੰਡਾ ’ਚ ਇਸ ਵਕਤ ਪੀਐਨਜੀ ਦੇ 65 ਸੌ ਤੋਂ 7 ਹਜ਼ਾਰ ਕੁਨੈਕਸ਼ਨ ਚੱਲ ਰਹੇ ਹਨ ਜਿੰਨ੍ਹਾਂ ’ਚ ਪਾਈਪ ਲਾਈਨ ਫਿਟਿੰਗ ਤੋਂ ਲੈਕੇ ਮੀਟਰ ਤੱਕ ਲਾਏ ਜਾ ਚੁੱਕੇ ਹਨ । ਇੰਨ੍ਹਾਂ ਘਰਾਂ ਨੂੰ ਕੰਪਨੀ ਦੀ ਮੁੱਖ ਲਾਈਨ ਨਾਲ ਜੋੜਕੇ ਸਿੱਧੀ ਗੈਸ ਸਪਲਾਈ ਕੀਤੀ ਜਾਂਦੀ ਹੈ ਅਤੇ ਖਪਤਕਾਰਾਂ ਨੂੰ ਦੋ ਮਹੀਨਿਆਂ ਦਾ ਬਿੱਲ ਭਿਜਵਾਇਆ ਜਾ ਰਿਹਾ ਹੈ।
ਮਹੱਤਵਪੂਰਨ ਇਹ ਵੀ ਹੈ ਕਿ ਆਦਰਸ਼ ਨਗਰ ਤੋਂ ਸ਼ੁਰੂ ਹੋਇਆ ਪਾਈਪਲਾਈਨ ਵਿਛਾਉਣ ਦਾ ਕੰਮ ਮਾਤਾ ਜੀਵੀ ਨਗਰ , ਹਜ਼ੂਰਾ ਕਪੂਰਾ , ਬੈਂਕ ਕਲੋਨੀ, ਸੁੱਚਾ ਸਿੰਘ ਨਗਰ , ਬੱਲਾ ਰਾਮ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਮਹੇਸ਼ਵਰੀ ਕਲੋਨੀ, ਮਾਡਲ ਟਾਂਊਨ ਫੇਜ਼ ਵਨ ਤੋਂ 4-5 , ਗ੍ਰੀਨ ਸਿਟੀ , ਪਾਰਕ ਪੈਨੋਰਾਮਾ, ਮੁਲਤਾਨੀਆ ਰੋਡ , ਡੀਡੀ ਮਿੱਤਲ ਟਾਵਰ, ਸੁਰਖਪੀਰ ਰੋਡ ਅਤੇ ਪ੍ਰਤਾਪ ਨਗਰ ਆਦਿ ਇਲਾਕਿਆਂ ’ਚ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ। ਪੀਐਨਜੀ ਕੁਨੈਕਸ਼ਨ ਲੈਣ ਜਾ ਰਹੇ ਮਾਤਾ ਜੀਵੀ ਨਗਰ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਮੌਜੂਦਾ ਸੰਕਟ ਦੌਰਾਨ ਰਸੋਈ ਗੈਸ ਲਈ ਲੰਮਾਂ ਇੰਤਜ਼ਾਰ ਕਰਨ ਦੇ ਨਾਲ ਨਾਲ ਲਾਈਨਾਂ ’ਚ ਲੱਗਣਾ ਪੈਂਦਾ ਹੈ ਜਦੋਂਕਿ ਪੀਐਨਜੀ ਦੀ ਲਗਾਤਾਰ ਅਤੇ ਸੁਚਾਰੂ ਰੂਪ ’ਚ ਸਪਲਾਈ ਹੋ ਰਹੀ ਹੈ ਤਾਂ ਉਨ੍ਹਾਂ ਨੇ ਨਵਾਂ ਕੁਨੈਕਸ਼ਨ ਲੈਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਕਤ ਕਈ ਪ੍ਰੀਵਾਰ ਪਾਈਪ ਪੀਐਨਜੀ ਕੁਨੈਕਸ਼ਨ ਲੈਣ ਸਬੰਧੀ ਸੋਚ ਰਹੇ ਹਨ।
ਖਪਤਕਾਰਾਂ ਲਈ ਦਸਤਾਵੇਜ਼
ਕੰਪਨੀ ਅਨੁਸਾਰ ਪੀਐਨਜੀ ਕੁਨੈਕਸ਼ਨ ਲੈਣ ਲਈ ਆਪਣੇ ਘਰ ਦੀ ਕਾਪੀ , ਮਿਉਂਸਿਪਲ ਬਿੱਲ , ਸੁਸਾਇਟੀ ਦੇ ਸਬੂਤ ਤੋਂ ਇਲਾਵਾ ਪਾਸਪੋਰਟ , ਡਰਾਈਵਿੰਗ ਲਾਈਸੰਸ , ਪੈਨ ਕਾਰਡ, ਅਧਾਰ ਕਾਰਡ ਅਤੇ ਵੋਟਰ ਕਾਰਡ ਚੋਂ ਇੱਕ ਦਸਤਾਵੇਜ਼ ਜਮ੍ਹਾ ਕਰਵਾਉਣਾ ਪਵੇਗਾ। ਕੰਪਨੀ ਦੀ ਵੈਬਸਾਈਟ ਤੇ ਵੀ ਰਜਿਸ਼ਟਰੇਸ਼ਨ ਕਰਵਾਈ ਜਾ ਸਕਦੀ ਹੈ। ਕੰਪਨੀ ਅਨੁਸਾਰ ਗੈਸ ਦੀ ਸਪਲਾਈ 24 ਘੰਟੇ ਹੈ ਅਤੇ ਸਿਲੰਡਰ ਦਾ ਝੰਝਟ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ।
ਡੇਢ ਲੱਖ ਤੋਂ ਵੱਧ ਸ਼ਹਿਰੀ ਖਪਤਕਾਰ
ਬਠਿੰਡਾ ਜਿਲ੍ਹੇ ’ਚ ਤੇਲ ਕੰਪਨੀਆਂ ਦੇ ਤਕਰੀਬਨ 39 ਡਿਸਟਰੀਬਿਊਟਰ ਰਸੋਈ ਗੈਸ ਸਪਲਾਈ ਕਰ ਰਹੇ ਹਨ। ਉਨ੍ਹਾਂ ਕੋਲ ਕਰੀਬ 5 ਲੱਖ ਕੁਨੈਕਸ਼ਨ ਹਨ ਜਿੰਨ੍ਹਾਂ ਚੋਂ ਤਕਰੀਬਨ ਸਾਢੇ 4 ਲੱਖ ਚਾਲੂ ਹਾਲਤ ’ਚ ਹਨ। ਇੰਨਾਂ ਚੋਂ ਤਕਰੀਬਨ 1 ਲੱਖ 60 ਹਜ਼ਾਰ ਖਪਤਕਾਰ ਸ਼ਹਿਰੀ ਖੇਤਰ ਦੇ ਹਨ। ਐਲਪੀਜੀ ਕੰਪਨੀਆਂ ਵੱਲੋਂ ਸਿਲੰਡਰ ਦੇਣ ਤੋਂ 25 ਦਿਨ ਬਾਅਦ ਨਵੀਂ ਬੁਕਿੰਗ ਕੀਤੀ ਜਾ ਰਹੀ ਹੈ ਜਦੋਂਕਿ ਪਿੰਡਾਂ ’ਚ ਤਾਂ ਇਸ ਤੋਂ ਵੀ ਵੱਧ ਸਮਾਂ ਲੱਗ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਬੁਕਿੰਗ ਮਗਰੋਂ ਸਿਲੰਡਰ ਹਾਸਲ ਕਰਨ ਲਈ ਵੀ ਹਫਤਾ ਹਫਤਾ ਇੰਤਜ਼ਾਰ ਕਰਨਾ ਪੈਂਦਾ ਹੈ।
ਸਕਿਉਰਟੀ ਘਟਾਈ : ਅਧਿਕਾਰੀ
ਗੁਜਰਾਤ ਸਟੇਟ ਪੈਟਰੋ ਨੈਟ ਲਿਮਟਿਡ ਦੇ ਸਥਾਨਕ ਪ੍ਰਬੰਧਕ ਹਰੀਸ਼ ਕੁਮਾਰ ਦਾ ਕਹਿਣਾ ਸੀ ਕਿ ਖਪਤਕਾਰਾਂ ਨੂੰ ਪੀਐਨਜੀ ਪ੍ਰਤੀ ਉਤਸ਼ਾਹਿਤ ਕਰਨ ਲਈ ਸਕਿਉਰਟੀ 7 ਹਜ਼ਾਰ ਤੋਂ ਘਟਾਕੇ 5 ਹਜ਼ਾਰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 5 ਸੌ ਰੁਪਏ ਦੀ ਗੈਸ ਮੁਫਤ ਦਿੱਤੀ ਜਾ ਰਹੀ ਹੈ। ਸ਼ਰਤ ਇਹ ਹੈ ਕਿ ਪੀਐਨਜੀ ਖਪਤਕਾਰਾਂ ਨੂੰ ਐਲਪੀਜੀ ਕੁਨੈਕਸ਼ਨ ਰੱਖਣ ਦੀ ਇਜਾਜਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਇਲਾਕਿਆਂ ’ਚ ਪੀਐਨਜੀ ਸਪਲਾਈ ਹੈ ਉਨ੍ਹਾਂ ਇਲਾਕਿਆਂ ’ਚ ਵਪਾਰਿਕ ਖਪਤਕਾਰਾਂ ਪੀਐਨਜੀ ਕੁਨੈਕਸ਼ਨ ਲੈਣਾ ਲਾਜਮੀ ਕੀਤਾ ਜਾ ਸਕਦਾ ਹੈ।
ਧਨਾਢਾਂ ਲਈ ਬਣੀ ਨੀਤੀ : ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਰਸੋਈ ਗੈਸ ਦੀ ਕਿੱਲਤ ਪੈਦਾ ਕਰਨ ਦਾ ਮਕਸਦ ਪ੍ਰਾਈਵੇਟ ਧਨਾਢ ਕੰਪਨੀਆਂ ਨੂੰ ਲਾਹਾ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਕੁਨੈਕਸ਼ਨ ਲੈਣ ਲਈ ਮਜਬੂਰ ਕਰਨਾ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਇਸ ਸਬੰਧ ’ਚ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
Click to Follow Babushahi Facebook page →