Election Special ਹਾਕਮ ਧਿਰਾਂ ਨੂੰ ਸਿਆਸੀ ਝਟਕਿਆਂ ਨਾਲ ਨਿਸ਼ਾਨਾ ਬਣਾਉਦੀਆਂ ਰਹੀਆਂ ਪੰਜਾਬ ’ਚ ਜ਼ਿਮਨੀ ਚੋਣਾਂ
ਅਸ਼ੋਕ ਵਰਮਾ
ਬਠਿੰਡਾ,11 ਨਵੰਬਰ 2025: ਪੰਜਾਬ ਵਿੱਚ ਹਕੂਮਤਾਂ ਨੂੰ ਜ਼ਿਮਨੀ ਚੋਣਾਂ ਦੀ ਪ੍ਰੀਖਿਆ ’ਚੋਂ ਲੰਘਣਾ ਪਿਆ ਹੈ । ਜ਼ਿਮਨੀ ਚੋਣਾਂ ਦੇ ਨਤੀਜਿਆਂ ਬਾਰੇ ਇਹ ਧਾਰਨਾ ਹੈ ਕਿ ਆਮ ਤੌਰ ’ਤੇ ਸੱਤਾਧਾਰੀ ਧਿਰ ਹੀ ਜਿੱਤਦੀ ਹੈ ਪਰ ਕਈ ਵਾਰ ਇਹ ਧਾਰਨਾ ਟੁੱਟੀ ਵੀ ਹੈ ਅਤੇ ਹਾਕਮ ਧਿਰਾਂ ਨੂੰ ਸਿਆਸੀ ਝਟਕਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਜਦੋਂ ਵੀ ਵਿਧਾਨ ਸਭਾ ਸੀਟਾਂ ਕਿਸੇ ਕਾਰਨ ਖਾਲੀ ਹੋਈਆਂ ਤਾਂ ਉਹ ਵੋਟਰਾਂ ਲਈ ਵੀ ਪਰਖ ਦੀ ਘੜੀ ਬਣੀਆਂ ਹਨ। ਸਿਆਸੀ ਪੱਖ ਤੋਂ ਅਹਿਮ ਤਰਨਤਾਰਨ ਹਲਕੇ ਦੀ ਹੋਈ ਜਿਮਨੀ ਚੋਣ ਦੇ ਨਤੀਜੇ ਵੱਲ ਨਜ਼ਰਾਂ ਲੱਗ ਗਈਆਂ ਹਨ । ਪੰਜਾਬ ਦੀ ਹਾਕਮ ਧਿਰ ਨੂੰ ਸਭ ਤੋਂ ਵੱਡਾ ਝਟਕਾ ਲੋਕ ਸਭਾ ਹਲਕਾ ਸੰਗਰੂਰ ਤੋਂ ਲੱਗਿਆ ਸੀ। ਇਸ ਹਲਕੇ ਤੋਂ ਦੋ ਵਾਰ ਭਗਵੰਤ ਮਾਨ ਸੰਸਦ ਮੈਂਬਰ ਬਣੇ ਸਨ ਪਰ ਮੁੱਖ ਮੰਤਰੀ ਬਣਨ ਪਿੱਛੋਂ ਹੋਈ ਜਿਮਨੀ ਚੋਣ ਦੌਰਾਨ ਝਾੜੂ ਫਿਰ ਗਿਆ ਸੀ
ਸਾਲ 2023 ਦੌਰਾਨ ਜਲੰਧਰ ਹਲਕੇ ਦੀ ਜਿਮਨੀ ਚੋਣ ਹਾਕਮ ਧਿਰ ਜਿੱਤੀ ਸੀ । ਨਵੰਬਰ 2024 ਦੌਰਾਨ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਹਲਕੇ ਵਿੱਚ ਜਿਮਨੀ ਚੋਣ ਹੋਈ ਸੀ। ਇਸ ਮੌਕੇ ਬਰਨਾਲਾ ਹਲਕੇ ’ਚ ਸੱਤਾਧਾਰੀ ਧਿਰ ਨੂੰ ਜੋਰ ਦਾ ਝਟਕਾ ਲੱਗਿਆ ਸੀ ਜਦੋਂਕਿ ਆਖਦੇ ਸਨ ਕਿ ਮੀਤ ਹੇਅਰ ਨੇ ਜਿੱਤ ਪਾਵੇ ਨਾਲ ਬੰਨ੍ਹੀ ਹੋਈ ਹੈ। ਸਾਲ 1952 ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਨੂੰ 67 ਵਾਰ ਜ਼ਿਮਨੀ ਚੋਣਾਂ ਵਿੱਚ ਨਵੇਂ ਸਿਰਿਓਂ ਆਪਣਾ ਨੁਮਾਇੰਦਾ ਚੁਣਨਾ ਪਿਆ ਹੈ। ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਸਾਂਝੇ ਪੰਜਾਬ ਸਮੇਂ 23 ਵਾਰ ਜ਼ਿਮਨੀ ਚੋਣ ਹੋਈ, ਜਦੋਂ ਕਿ 1967 ਤੋਂ ਬਾਅਦ ਹੁਣ ਤੱਕ 44 ਵਾਰ ਜ਼ਿਮਨੀ ਚੋਣਾਂ ਹੋਈਆਂ ਹਨ। ਪੁਰਾਣੇ ਸਮੇਂ ਵਿੱਚ ਵਿਧਾਨ ਸਭਾ ਦੀ ਸੀਟ ਮੌਜੂਦਾ ਨੁਮਾਇੰਦੇ ਦੀ ਮੌਤ ਹੋਣ ਜਾਂ ਫਿਰ ਅਦਾਲਤਾਂ ਵੱਲੋਂ ਚੁਣੇ ਨੁਮਾਇੰਦੇ ਨੂੰ ਅਯੋਗ ਐਲਾਨੇ ਜਾਣ ਦੀ ਸੂਰਤ ਵਿੱਚ ਖਾਲੀ ਹੁੰਦੀ ਸੀ।
ਪਿਛਲੇ ਸਮੇਂ ਤੋਂ ਇਹ ਰੁਝਾਨ ਵੀ ਬਣਿਆ ਕਿ ਹਕੂਮਤਾਂ ਨੇ ਆਪਣਾ ਪ੍ਰਭਾਵ ਕਾਇਮ ਕਰਨ ਵਾਸਤੇ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਤੋਂ ਪਹਿਲਾਂ ਅਸਤੀਫ਼ੇ ਦਿਵਾਏ ਅਤੇ ਮਗਰੋਂ ਆਪਣੀ ਪਾਰਟੀ ਵੱਲੋਂ ਲੜਾਕੇ ਚੋਣ ਜਿੱਤੀ ਹੈ। ਸਾਲ 2013-14 ਵਿੱਚ ਮੋਗਾ ਅਤੇ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕਾਂ ਜੋਗਿੰਦਰ ਪਾਲ ਜੈਨ ਅਤੇ ਜੀਤਮਹਿੰਦਰ ਸਿੰਘ ਸਿੱਧੂ ਨੇ ਅਸਤੀਫ਼ੇ ਦਿੱਤੇ ਸਨ। ਅਸਤੀਫ਼ੇ ਦੇਣ ਮਗਰੋਂ ਉਨ੍ਹਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਕੇ ਮੁੜ ਜ਼ਿਮਨੀ ਚੋਣ ਲੜੀ ਅਤੇ ਜਿੱਤ ਗਏ। ‘ਆਮ ਆਦਮੀ ਪਾਰਟੀ’ ਦੀ ਸਰਕਾਰ ਦੌਰਾਨ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ‘ਆਪ’ ਨੇ ਹੀ ਜਿੱਤੀ ਸੀ। ਇਸ ਤੋਂ ਪਹਿਲਾਂ ਕਾਂਗਰਸੀ ਹਕੂਮਤ (2017-22) ਦੌਰਾਨ ਪੰਜ ਵਿਧਾਨ ਸਭਾ ਹਲਕਿਆਂ ਸ਼ਾਹਕੋਟ, ਜਲਾਲਾਬਾਦ, ਦਾਖਾ, ਮੁਕੇਰੀਆਂ ਅਤੇ ਫਗਵਾੜਾ ਦੀਆਂ ਜ਼ਿਮਨੀ ਚੋਣਾਂ ਹੋਈਆਂ ਸਨ ਜਿਨ੍ਹਾਂ ’ਚੋਂ ਚਾਰ ਕਾਂਗਰਸ ਪਾਰਟੀ ਨੇ ਜਿੱਤੀਆਂ ਜਦੋਂ ਕਿ ਦਾਖਾ ਸੀਟ ਵਿਰੋਧੀ ਧਿਰ ਦੇ ਮਨਪ੍ਰੀਤ ਸਿੰਘ ਇਆਲੀ ਜਿੱਤਣ ਵਿੱਚ ਸਫਲ ਰਹੇ ਸਨ।
ਉਸ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀ ਦੂਜੀ ਪਾਰੀ (2012-17) ਦੌਰਾਨ ਛੇ ਜ਼ਿਮਨੀ ਚੋਣਾਂ ਹਲਕਾ ਮੋਗਾ, ਤਲਵੰਡੀ ਸਾਬੋ, ਪਟਿਆਲਾ, ਧੂਰੀ, ਖਡੂਰ ਸਾਹਿਬ ਅਤੇ ਦਸੂਹਾ ’ਚ ਹੋਈ ਸੀ। ਇਨ੍ਹਾਂ ’ਚੋਂ ਪੰਜ ਹਾਕਮ ਧਿਰ ਨੇ ਜਿੱਤੀਆਂ, ਜਦੋਂ ਕਿ ਪਟਿਆਲਾ ਸੀਟ ਤੋਂ ਕਾਂਗਰਸ ਦੀ ਪ੍ਰਨੀਤ ਕੌਰ ਨੇ ਜਿੱਤ ਦਰਜ ਕੀਤੀ ਸੀ। ਗੱਠਜੋੜ ਦੀ ਪਹਿਲੀ ਪਾਰੀ (2007-12) ਦੌਰਾਨ ਅੰਮ੍ਰਿਤਸਰ ਦੱਖਣੀ, ਕਾਹਨੂੰਵਾਨ, ਬਨੂੜ ਅਤੇ ਜਲਾਲਾਬਾਦ ਹਲਕੇ ਵਿੱਚ ਜ਼ਿਮਨੀ ਚੋਣ ਹੋਈ ਸੀ ਅਤੇ ਇਹ ਚਾਰੋਂ ਸੀਟਾਂ ਸੱਤਾਧਾਰੀ ਧਿਰ ਜਿੱਤਣ ਵਿੱਚ ਕਾਮਯਾਬ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪਾਰੀ (2002-07) ਦੌਰਾਨ ਤਿੰਨ ਸੀਟਾਂ ਕਪੂਰਥਲਾ, ਗੜ੍ਹਸ਼ੰਕਰ ਅਤੇ ਅਜਨਾਲਾ ’ਚ ਜ਼ਿਮਨੀ ਚੋਣਾਂ ਹੋਈਆਂ ਤੇ ਇਹ ਸਾਰੀਆਂ ਸੀਟਾਂ ਹਾਕਮ ਧਿਰ ਦੇ ਖਾਤੇ ਗਈਆਂ ਸਨ। ਸਾਲ 1997-2002 ਦੌਰਾਨ ਅਕਾਲੀ ਭਾਜਪਾ ਸਰਕਾਰ ਦੌਰਾਨ ਛੇ ਸੀਟਾਂ ’ਤੇ ਚੋਣਾਂ ਹੋਈਆਂ, ਜਿਨ੍ਹਾਂ ’ਚੋਂ ਚਾਰ ਸੀਟਾਂ ਹਾਕਮ ਧਿਰ ਨੇ ਜਦੋਂਕਿ ਦੋ ਤੇ ਕਾਂਗਰਸ ਜਿੱਤੀ ਸੀ।
ਆਦਮਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੰਵਲਜੀਤ ਸਿੰਘ ਅਤੇ ਲੁਧਿਆਣਾ ਦੱਖਣੀ ਤੋਂ ਕਾਂਗਰਸ ਦੇ ਰਾਕੇਸ਼ ਪਾਂਡੇ ਨੇ ਚੋਣ ਜਿੱਤੀ ਸੀ। ਇਸ ਸਮੇਂ ਦੌਰਾਨ 1997 ਵਿੱਚ ਕਿਲ੍ਹਾ ਰਾਏਪੁਰ ਹਲਕੇ ਦੀ ਸੀਟ ਅਕਾਲੀ ਦਲ ਦੇ ਜਗਦੀਸ਼ ਸਿੰਘ ਗਰਚਾ ਨੇ ਜਿੱਤੀ ਜਦੋਂਕਿ ਇਸ ਸੀਟ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੇਤੂ ਰਹੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਲ੍ਹਾ ਰਾਏਪੁਰ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਕਰ ਕੇ ਇੱਥੇ ਜ਼ਿਮਨੀ ਚੋਣ ਹੋਈ ਸੀ। ਬੇਅੰਤ ਸਿੰਘ ਦੀ ਹਕੂਮਤ ਸਮੇਂ ਤਿੰਨ ਵਿਧਾਨ ਸਭਾ ਹਲਕਿਆਂ ਨਕੋਦਰ, ਅਜਨਾਲਾ ਅਤੇ ਗਿੱਦੜਬਾਹਾ ਦੀ ਚੋਣ ਹੋਈ ਸੀ, ਜਿਨ੍ਹਾਂ ਚੋਂ ਕਾਂਗਰਸ ਪਾਰਟੀ ਸਿਰਫ਼ ਨਕੋਦਰ ਸੀਟ ਜਿੱਤਣ ਵਿੱਚ ਹੀ ਕਾਮਯਾਬ ਹੋਈ ਸੀ। ਪੰਜਾਬੀ ਸੂਬਾ ਬਣਨ ਤੋਂ ਬਾਅਦ 1967 ਤੋਂ 1982 ਤੱਕ ਸੱਤ ਜ਼ਿਮਨੀ ਚੋਣਾਂ ਹੋਈਆਂ ਸਨ ਜਿਨ੍ਹਾਂ ’ਚੋਂ ਪੰਜ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਅਤੇ ਦੋ ਸੀਟਾਂ ’ਤੇ ਕਾਂਗਰਸ ਜੇਤੂ ਰਹੀ ਸੀ।
ਜ਼ਿਮਨੀ ਚੋਣਾਂ ਭਾਗਸ਼ਾਲੀ ਵੀ
ਸੁਖਬੀਰ ਸਿੰਘ ਬਾਦਲ ਜਲਾਲਾਬਾਦ ਜ਼ਿਮਨੀ ਚੋਣ 80,662 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸਨ। ਇਸੇ ਤਰ੍ਹਾਂ ਸਾਲ 2009 ’ਚ ਸਾਬਕਾ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਪੁੱਤਰ ਜਸਜੀਤ ਸਿੰਘ ਬੰਨੀ ਬਨੂੜ ਅਤੇ ਅਕਾਲੀ ਦਲ ਦੇ ਸੇਵਾ ਸਿੰਘ ਸੇਖਵਾਂ ਕਾਹਨੂੰਵਾਨ ਜ਼ਿਮਨੀ ਚੋਣ ਜਿੱਤੇ ਸਨ। ਹਲਕਾ ਫ਼ਰੀਦਕੋਟ ਤੋਂ 1980 ਵਿੱਚ ਜ਼ਿਮਨੀ ਚੋਣ ’ਚ ਅਕਾਲੀ ਉਮੀਦਵਾਰ ਜਗਦੀਸ਼ ਕੌਰ ਜਿੱਤੀ ਸੀ। ਇੱਥੋਂ ਹੀ ਜਗਦੀਸ਼ ਕੌਰ ਦੇ ਪੁੱਤਰ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਨੇ ਆਮ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ।