← ਪਿਛੇ ਪਰਤੋ
Big News ਜੀਦਾ ਧਮਾਕੇ: ਗੁਰਪ੍ਰੀਤ ਦੀ ਕੁੰਡਲੀ ਸਹਾਰੇ ਧਮਾਕਿਆਂ ਦੇ ਪੋਤੜੇ ਫਰੋਲਣ ’ਚ ਜੁਟੀ ਬਠਿੰਡਾ ਪੁਲਿਸ ਅਸ਼ੋਕ ਵਰਮਾ ਬਠਿੰਡਾ,19 ਸਤੰਬਰ 2025:ਬਠਿੰਡਾ ਜਿਲ੍ਹੇ ਦੇ ਪਿੰਡ ਜੀਦਾ ਦੀ ਇੱਕ ਢਾਣੀ ਵਿਚਲੇ ਘਰ ’ਚ ਹੋਏ ਧਮਾਕਿਆਂ ਦੀ ਜਾਂਚ ਅਤੇ ਫਿਸਫੋਟਕ ਸਮੱਗਰੀ ਨਸ਼ਟ ਕਰਨ ਦੇ ਮਾਮਲੇ ’ਚ ਹੋਰਨਾਂ ਏਜੰਸੀਆਂ ਦੇ ਨਾਲ ਹੁਣ ਫੌਜ ਵੀ ਸ਼ਾਮਲ ਹੋ ਗਈ ਹੈ। ਫੌਜ ਦੀਆਂ ਮਾਹਿਰ ਟੀਮਾਂ ਘਟਨਾਂ ਵਾਲੀ ਥਾਂ ਤੇ ਪੁੱਜ ਗਈਆਂ ਹਨ ਜਿੰਨ੍ਹਾਂ ਨੇ ਵਿਸਫੋਟਕ ਨਾਕਾਰਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫੌਜੀ ਮਾਹਿਰਾਂ ਨੇ ਘਰ ਦੇ ਨਜ਼ਦੀਕ ਇੱਕ ਵੱਡਾ ਟੋਆ ਪੁੱਟਿਆ ਹੈ ਜਿਸ ਦੇ ਚਾਰੋਂ ਤਰਫ ਪੀਲੇ ਰੰਗ ਦੀਆਂ ਬੋਰੀਆਂ ਲਾਈਆਂ ਗਈਆਂ ਹਨ। ਸਮੱਗਰੀ ਇਕੱਤਰ ਹੋਣ ਤੋਂ ਬਾਅਦ ਫੌਜ ਇਸ ਨੂੰ ਕਿਸੇ ਵੀ ਵਕਤ ਨਸ਼ਟ ਕਰ ਸਕਦੀ ਹੈ। ਕਿਸੇ ਮਾੜੀ ਘਟਨਾ ਵਾਪਰਨ ਤੋਂ ਰੋਕਣ ਲਈ ਆਮ ਲੋਕਾਂ ਨੂੰ ਘਰ ਦੇ ਨਜ਼ਦੀਕ ਜਾਣ ਦੀ ਮਨਾਹੀ ਕਰ ਦਿੱਤੀ ਗਈ ਹੈ। ਪ੍ਰਸ਼ਾਸ਼ਨ ਨੇ ਇਸ ਮੌਕੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤੋਂ ਇਲਾਵਾ ਪੁਲਿਸ ਦੀ ਵੱਡੀ ਨਫਰੀ ਵੀ ਤਾਇਨਾਤ ਕੀਤੀ ਹੋਈ ਹੈ। ਫੌਜ ਦੀ ਆਮਦ ਕਾਰਨ ਪਿੰਡ ਵਿੱਚ ਮੁੜ ਤੋਂ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਲੋਕ ਹੋਣ ਦੇ ਬਾਵਜੂਦ ਹਰ ਤਰਫ ਭੇਦ ਭਰੀ ਚੁੱਪ ਦਾ ਪਸਾਰਾ ਹੈ। ਓਧਰ ਬਠਿੰਡਾ ਪੁਲਿਸ ਨੇ ਗੁਰਪ੍ਰੀਤ ਦਾ ਅਦਾਲਤ ਤੋਂ 7 ਰੋਜਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਜਿਸ ਦੌਰਾਨ ਸੁਰੱਖਿਆ ਏਜੰਸੀਆਂ ਪੂਰੀ ਬਾਰੀਕੀ ਨਾਲ ਪੁੱਛ ਪੜਤਾਲ ਰਾਹੀਂ ਧਮਾਕਿਆਂ ਸਾਜਿਸ਼ ਤੋਂ ਪਰਦਾ ਚੁੱਕਣ ਦਾ ਯਤਨਾਂ ’ਚ ਜੁਟ ਗਈਆਂ ਹਨ। ਲੰਘੀ 10 ਸਤੰਬਰ ਨੂੰ ਜਦੋਂ ਜੀਦਾ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਦੇ ਘਰ ਪਹਿਲਾ ਧਮਾਕਾ ਹੋਇਆ ਸੀ ਤਾਂ ਪੁਲਿਸ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਇਹ ਮਾਮਲਾ ਐਨਾ ਖਤਰਨਾਕ ਰੂਪ ਧਾਰਨ ਕਰ ਲਵੇਗਾ। ਇਸ ਧਮਾਕੇ ਦੌਰਾਨ ਗੁਰਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋਇਆ ਸੀ ਜਿਸ ਨੇ ਫੋਨ ਫਟਣ ਦੀ ਗੱਲ ਕਹਿਕੇ ਡਾਕਟਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਚੌਕਸ ਨਜ਼ਰਾਂ ਤੋਂ ਬਚ ਨਾਂ ਸਕਿਆ। ਇਸ ਘਰ ਵਿੱਚ ਦੂਸਰਾ ਧਮਾਕਾ ਉਸ ਵਕਤ ਹੋਇਆ ਜਦੋਂ ਗੁਰਪ੍ਰੀਤ ਦਾ ਪਿਤਾ ਜਗਤਾਰ ਸਿੰਘ ਰਸਾਇਣਾਂ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਹ ਐਨਾ ਗੰਭੀਰ ਜਖਮੀ ਹੋਇਆ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਖਤਰਾ ਬਣਿਆ ਹੋਇਆ ਹੈ। ਇਨ੍ਹਾਂ ਧਮਾਕਿਆਂ ਦੇ ਹੱਦੋਂ ਵੱਧ ਭਿਆਨਕ ਹੋਣ ਦਾ ਅੰਦਾਜਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਪੁਲਿਸ ਦੇ ਮਾਹਿਰ 9 ਦਿਨਾਂ ਵਿੱਚ ਵੀ ਵਿਸਫੋਟਕ ਪੂਰੀ ਤਰਾਂ ਨਾਕਾਰਾ ਕਰਨ ਵਿੱਚ ਸਫਲ ਨਹੀਂ ਹੋ ਸਕੇ ਜਿਸ ਕਰਕੇ ਹੁਣ ਫੌਜ ਸੱਦਣੀ ਪਈ ਹੈ। ਇਸ ਪ੍ਰਕਿਰਿਆ ਦੌਰਾਨ ਪੁਲਿਸ ਦਾ ਉਹ ਰੋਬੋਟ ਵੀ ਨੁਕਸਾਨਿਆ ਗਿਆ ਸੀ ਜਿਸ ਨੂੰ ਇਸ ਕੰਮ ਲਈ ਵਿਸੇਸ਼ ਤੌਰ ਤੇ ਲਿਆਂਦਾ ਸੀ। ਹਾਲਾਂਕਿ ਪੁਲਿਸ ਅਧਿਕਾਰੀ ਇਸ ਮੁੱਦੇ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਪਰ ਅਹਿਮ ਸੂਤਰਾਂ ਮੁਤਾਬਕ ਜਦੋਂ ਮਾਹਿਰਾਂ ਦੇ ਇਸ ਕੰਮ ਤੋਂ ਹੱਥ ਖੜ੍ਹੇ ਹੋ ਗਏ ਤਾਂ ਫੌਜੀ ਮਾਹਿਰ ਬੁਲਾਏ ਗਏ ਹਨ। ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਗੁੱਝੇ ਭੇਦ ਖੁੱਲਣ ਦੀ ਆਸ ਹੈ। ਪੁਲਿਸ ਵੀ ਇਹ ਮੰਨਕੇ ਚੱਲ ਰਹੀ ਹੈ ਕਿ ਗੁਰਪ੍ਰੀਤ ਮਨੁੱਖੀ ਬੰਬ ਤਿਆਰ ਕਰ ਰਿਹਾ ਸੀ ਜਿਸ ਨਾਲ ਉਹ ਫੌਜੀ ਟਿਕਾਣਿਆਂ ਤੇ ਹਮਲਾ ਕਰਨ ਦੀ ਫਿਰਾਕ ਵਿੱਚ ਸੀ। ਪੁਲਿਸ ਰਿਮਾਂਡ ਦੌਰਾਨ ਗੁਰਪ੍ਰੀਤ ਦੇ ਮੋਬਾਇਲ ਚੋਂ ਮਿਲੇ ਵੀਡੀਓ ਅਤੇ ਹੋਰ ਸਮੱਗਰੀ ਨੂੰ ਲੈਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕਿ ਆਖਰਕਾਰ ਬੰਬ ਬਨਾਉਣ ਅਤੇ ਕਠੂਆ ਲਿਜਾਣ ਪਿੱਛੇ ਉਸ ਦਾ ਕੀ ਮਕਸਦ ਸੀ। ਸੂਤਰ ਦੱਸਦੇ ਹਨ ਕਿ ਗੁਰਪ੍ਰੀਤ ਜੰਮੂ ਪੁੱਜ ਕੇ ਭਾਰਤੀ ਫੌਜ ਤੇ ਹਮਲਾ ਕਰਨਾ ਚਾਹੁੰਦਾ ਸੀ ਪਰ ਬੰਬ ਬਨਾਉਣ ਵਕਤ ਅਚਨਚੇਤ ਧਮਾਕਾ ਹੋਣ ਕਾਰਨ ਉਹ ਫੜ੍ਹਿਆ ਗਿਆ। ਜਖਮੀ ਗੁਰਪ੍ਰੀਤ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਰਿਮਾਂਡ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਨਲਾਈਨ ਮੰਗਵਾਈ ਸੀ ਸਮੱਗਰੀ ਪੁਲਿਸ ਅਨੁਸਾਰ ਮੁਲਜਮ ਗੁਰਪ੍ਰੀਤ ਸਿੰਘ ਨੇ ਬੰਬ ਬਨਾਉਣ ਲਈ ਵੱਖ ਵੱਖ ਪ੍ਰਕਾਰ ਦੇ ਰਸਾਇਣ ਅਤੇ ਕਈ ਜੇਬਾਂ ਵਾਲੀ ਇੱਕ ਬੈਲਟ ਆਨਲਾਈਨ ਮੰਗਵਾਈ ਸੀ । ਗੁਰਪ੍ਰੀਤ ਤੋਂ ਹੁਣ ਤੱਕ ਪੰਜਾਬ ਪੁਲਿਸ ਤੋਂ ਇਲਾਵਾ ਐਨਆਈਏ , ਆਈਬੀ ਅਤੇ ਜੰਮੂ ਪੁਲਿਸ ਵੀ ਪੁੱਛਗਿਛ ਕਰ ਚੁੱਕੀ ਹੈ। ਗੁਰਪ੍ਰੀਤ ਬਠਿੰਡਾ ’ਚ ਕਾਨੂੰਨ ਦਾ ਪਹਿਲੇ ਸਾਲ ਦਾ ਵਿਦਿਆਰਥੀ ਹੈ। ਉਹ ਪਾਕਿਸਤਾਨੀ ਦਹਿਸ਼ਤਗਰਦਾਂ ਦੇ ਭੜਕਾਊ ਵੀਡੀਓ ਵੀ ਦੇਖਦਾ ਆ ਰਿਹਾ ਸੀ । ਵੀਡੀਓ ਦੇਖਣ ਲਈ ਉਸ ਨੇ ਫਰਜ਼ੀ ਆਈਡੀ ਵੀ ਬਣਾਈ ਹੋਈ ਹੈ। ਫੌਜ ਵੱਲੋਂ ਕੰਮ ਜਾਰੀ:ਐਸਐਸਪੀ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਗੁਰਪ੍ਰੀਤ ਦੇ ਘਰ ਚੋਂ ਵਿਸਫੋਟਕ ਸਮੱਗਰੀ ਨਕਾਰਾ ਕਰਨ ਲਈ ਫੌਜ ਦੀ ਸਹਾਇਤਾ ਮੰਗੀ ਗਈ ਸੀ ਜਿਸ ਦੇ ਮਾਹਿਰਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਮਾਹਿਰ ਘਟਨਾਂ ਵਾਲੀ ਥਾਂ ਦਾ ਪੂਰੀ ਜਾਇਜਾ ਵੀ ਲੈਣਗੇ ਜੋ ਜਾਂਚ ਦੌਰਾਨ ਸਹਾਈ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਪੀ੍ਰਤ ਨੇ ਵਿਸਫੋਟਕ ਅਤੇ ਬੈਲਟ ਆਨਲਾਈਨ ਮੰਗਵਾਈ ਸੀ। ਉਨ੍ਹਾਂ ਕਿਹਾ ਕਿ ਜਿੱਥੋ ਤੱਕ ਮਨੁੱਖੀ ਬੰਬ ਬਣਨ ਦਾ ਸਵਾਲ ਹੈ ਤਾਂ ਜਾਪਦਾ ਹੈ ਕਿ ਉਸ ਦੇ ਮਨ ’ਚ ਇਹ ਖਿਆਲ ਆਇਆ ਸੀ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਦੇ ਬੈਂਕ ਖਾਤਿਆਂ ਚੋਂ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ।
Total Responses : 207