Babushahi Special ਜ਼ਿਮਨੀ ਚੋਣਾਂ: ਸਿਆਸੀ ਅਖਾੜੇ ਵਿੱਚ ਵਿਰੋਧੀਆਂ ਨੂੰ ਵੱਜਦਾ ਰਿਹੈ ਸੱਤਾਧਾਰੀ ਧਿਰ ਦਾ ਧੋਬੀ ਪਟਕਾ
ਅਸ਼ੋਕ ਵਰਮਾ
ਬਠਿੰਡਾ,16ਅਕਤੂਬਰ2025: ਪੰਜਾਬ ਵਿੱਚ ਬਹੁਤੀ ਵਾਰੀ ਜਿਮਨੀ ਚੋਣਾਂ ਸੱਤਾਧਾਰੀ ਧਿਰ ਹੀ ਜਿੱਤਦੀ ਆਈ ਹੈ। ਪੁਰਾਣਾ ਰਿਕਾਰਡ ਦੇਖੀਏ ਤਾਂ ਇਹੋ ਤੱਥ ਸਾਹਮਣੇ ਆਉਂਦੇ ਹਨ। ਹੁਣ ਤਰਨਤਾਰਨ ਹਲਕੇ ਦੀ ਜਿਮਨੀ ਚੋਣ ਹੋ ਰਹੀ ਹੈ ਤਾਂ ਲੋਕਾਂ ਦੀਆਂ ਨਜ਼ਰਾਂ ਨਤੀਜੇ ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਲੁਧਿਆਣਾ ਹਲਕੇ ਦੀ ਜਿਮਨੀ ਚੋਣ ਦੌਰਾਨ ਹਾਕਮ ਧਿਰ ਆਮ ਆਦਮੀ ਪਾਰਟੀ ਨੇ ਦਬਦਬਾ ਬਰਕਰਾਰ ਰੱਖਿਆ ਹੈ ਪਰ ਮਿਸ਼ਨ 2027 ਸੈਮੀਫਾਈਨਲ ਮੰਨੀ ਜਾਂਦੀ ਤਾਜਾ ਚੋਣ ਦੇ ਮੁਕਾਬਲੇ ਲਈ ਸਮੂਹ ਸਿਆਸੀ ਧਿਰਾਂ ਵੱਲੋਂ ਸਮੁੱਚੀ ਤਾਕਤ ਝੋਕਣ ਕਰਕੇ ਕਿਸੇ ਪਾਰਟੀ ਲਈ ਵੀ ਜਿੱਤ ਦਾ ਐਨਾ ਸੌਖਾ ਨਹੀਂ ਜਾਪਦਾ ਹੈ। ਸਾਲ 1992 ਤੋਂ ਬਾਅਦ ਤਾਰਨਤਾਰਨ ਹਲਕੇ ਦੀ ਇਹ 30 ਵੀਂ ਜਿਮਨੀ ਚੋਣ ਹੈ। ਇਸ ਤੋਂ ਪਹਿਲਾਂ ਹੋਈਆਂ 29 ਜਿਮਨੀ ਚੋਣਾਂ ਚੋਂ 23 ਵਾਰ ਸੱਤਾਧਾਰੀ ਪਾਰਟੀ ਨੇ ਸਿਆਸੀ ਮੈਦਾਨ ਫਤਿਹ ਕੀਤਾ ਹੈ ਜਦੋਂਕਿ 6 ਵਾਰ ਵਿਰੋਧੀ ਧਿਰਾਂ ਨੇ ਬਾਜੀ ਮਾਰੀ ਸੀ।
ਪੰਜਾਬ ਵਿੱਚ ਸਭ ਤੋਂ ਹੈਰਾਨੀਜਨਕ ਚੋਣ ਸਾਲ 1995 ’ਚ ਗਿੱਦੜਬਾਹਾ ਹਲਕੇ ਦੀ ਰਹੀ ਜਿੱਥੇ ਤੱਤਕਾਲੀ ਬੇਅੰਤ ਸਿੰਘ ਸਰਕਾਰ ਵੱਲੋਂ ਗੋਡਣੀਆਂ ਵਾਲਾ ਜੋਰ ਲਾਉਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 1992 ਤੋਂ 1997 ਤੱਕ ਕਾਂਗਰਸ ਦੇ ਰਾਜ ’ਚ ਇਹ ਇਕਲੌਤੀ ਚੋਣ ਸੀ ਜਿਸ ਨੇ 1997 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਨੂੰ ਗੱਦੀ ਤੇ ਬਿਠਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਸਾਲ 1997 ਤੋਂ 2002 ਤੱਕ ਅਕਾਲੀ ਭਾਜਪਾ ਗੱਠਜੋੜ ਸੱਤਾ ’ਚ ਰਿਹਾ ਸੀ। ਇੰਨ੍ਹਾਂ ਪੰਜਾਂ ਸਾਲਾਂ ਦੌਰਾਨ 5 ਹਲਕਿਆਂ ਲਈ ਜਿਮਨੀ ਚੋਣ ਹੋਈ ਜਿੰਨ੍ਹਾਂ ਚੋਂ ਵਿਧਾਨ ਸਭਾ ਹਲਕਾ ਕਿਲਾ ਰਾਏਪੁਰ, ਮਜੀਠਾ ,ਸ਼ਾਮ ਚੌਰਾਸੀ ਤੇ ਸੁਨਾਮ ’ਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਸੀ ਜਦੋਂਕਿ ਕਾਂਗਰਸ ਨੇ ਲੁਧਿਆਣਾ ਉੱਤਰੀ ਹਲਕੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ।
ਇਸ ਤੋਂ ਬਾਅਦ ਸਾਲ 2002 ਤੋਂ 2007 ਤੱਕ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸੱਤਾ ’ਚ ਰਹੀ ਜਿਸ ਦੌਰਾਨ ਤਿੰਨ ਜਿਮਨੀ ਚੋਣਾਂ ਹੋਈਆਂ ਸਨ। ਮੁੱਖ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਾ ਤਾਣ ਲਾਉਣ ਦੇ ਬਾਵਜੂਦ ਸਮੂਹ ਹਲਕਿਆਂ ਵਿੱਚ ਹੀ ਕਾਂਗਰਸ ਪਾਰਟੀ ਹੀ ਜਿੱਤੀ ਸੀ। ਸਾਲ 2004 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੱਲੋਂ ਸੰਸਦ ਮੈਂਬਰ ਬਣਨ ਕਰਕੇ ਇਸੇ ਤਰਨਤਾਰਨ ਹਲਕੇ ਦੀ ਜਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦਾ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਜੇਤੂ ਰਿਹਾ ਸੀ। ਵਿਧਾਨ ਸਭਾ ਹਲਕਾ ਗੜ੍ਹ ਸ਼ੰਕਰ ਦੀ ਜਿਮਨੀ ਚੋਣ ਕਾਂਗਰਸੀ ਉਮੀਦਵਾਰ ਲਵ ਕੁਮਾਰ ਗੋਲਡੀ ਚੋਣ ਜਿੱਤਿਆ ਸੀ। ਇਸ ਦੌਰਾਨ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਸੰਸਦ ਮੈਂਬਰ ਵਜੋਂ ਦੀ ਜਿੱਤਣ ਕਾਰਨ ਖਾਲੀ ਹੋਏ ਇਸ ਹਲਕੇ ਵਿੱਚ ਵੀ ਕਾਂਗਰਸ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ ਜਿੱਤਣ ’ਚ ਸਫਲਤਾ ਹਾਸਲ ਕੀਤੀ ਸੀ।
ਇਸੇ ਤਰਾਂ ਹੀ ਸਾਲ 2007 ਤੋਂ ਸਾਲ 2012 ਤੱਕ ਅਕਾਲੀ ਭਾਜਪਾ ਗਠਜੋੜ ਸੱਤਾ ’ਚ ਰਿਹਾ ਜਿਸ ਦੌਰਾਨ ਵਿਧਾਇਕ ਸ਼ੇਰ ਸਿੰਘ ਘੁਬਾਇਆ ਦੇ ਫਿਰੋਜ਼ਪੁਰ ਹਲਕੇ ਤੋਂ ਸੰਸਦ ਮੈਂਬਰ ਬਣਨ ਕਾਰਨ ਸਿਰਫ ਜਲਾਲਾਬਾਦ ਹਲਕੇ ਦੀ ਇੱਕੋ ਜਿਮਨੀ ਚੋਣ ਹੋਈ ਸੀ। ਇਸ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੇ 83 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿਮਨੀ ਚੋਣ ਜਿੱਤੀ ਸੀ। ਇਸ ਦੌਰਾਨ 2012 ਵਿੱਚ ਗਠਜੋੜ ਮੁੜ ਸੱਤਾ ਵਿੱਚ ਆ ਗਿਆ ਜੋ 2017 ਤੱਕ ਕਾਬਜ ਰਿਹਾ ਜਿਸ ਦੌਰਾਨ 4 ਵਾਰੀ ਜਿਮਨੀ ਚੋਣ ਹੋਈ ਸੀ। ਸਾਲ 2012 ਵਿੱਚ ਹੋਈ ਜਿਮਨੀ ਚੋਣ ਮੌਕੇ ਭਾਜਪਾ ਦੀ ਸੁਖਜੀਤ ਕੌਰ ਜੇਤੂ ਰਹੀ ਸੀ । ਸਾਲ 2013 ਵਿੱਚ ਮੋਗਾ ਤੋਂ ਸ਼ੋਮਣੀ ਅਕਾਲੀ ਦਲ ਦੇ ਜੋਗਿੰਦਰ ਜੈਨ ਅਤੇ 2014 ਵਿੱਚ ਤਲਵੰਡੀ ਸਾਬੋ ਹਲਕੇ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਚੋਣ ਜਿੱਤੇ ਸਨ ਜਦੋਂਕਿ ਪਟਿਆਲਾ ਦੀ ਜਿਮਨੀ ਚੋਣ ਕਾਂਗਰਸ ਦੀ ਪਰਨੀਤ ਕੌਰ ਨੇ ਜਿੱਤੀ ਸੀ।
ਸਾਲ 2017 ਤੋਂ 2022 ਤੱਕ ਰਹੀ ਕਾਂਗਰਸ ਸਰਕਾਰ ਦੌਰਾਨ ਪੰਜ ਵਿਧਾਨ ਸਭਾ ਅਤੇ ਦੋ ਲੋਕ ਸਭਾ ਹਲਕਿਆਂ ਵਿੱਚ ਜਿਮਨੀ ਚੋਣ ਹੋਈ ਸੀ। ਅੰਮ੍ਰਿਤਸਰ ਸੰਸਦੀ ਹਲਕੇ ਦੀ 2017 ’ਚ ਹੋਈ ਜਿਮਨੀ ਚੋਣ ਮੌਕੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਤੇ 2019 ’ਚ ਭਾਜਪਾ ਦੇ ਵਿਨੋਦ ਖੰਨਾ ਦੀ ਮੌਤ ਕਾਰਨ ਹੋਈ ਗੁਰਦਾਸਪੁਰ ਹਲਕੇ ਦੀ ਚੋਣ ਦੌਰਾਨ ਕਾਂਗਰਸ ਦੇ ਸੁਨੀਲ ਜਾਖੜ ਜਿੱਤੇ ਸਨ। ਮਈ 2018 ਵਿੱਚ ਸ਼ਾਹਕੋਟ ਹਲਕੇ ਤੋਂ ਕਾਂਗਰਸ ਦਾ ਹਰਦੇਵ ਸਿੰਘ ਲਾਡੀ ਜਿੱਤਿਆ ਸੀ। ਅਕਤੂਬਰ 2019 ’ਚ ਫਗਵਾੜਾ , ਮੁਕੇਰੀਆਂ ,ਜਲਾਲਾਬਾਦ ਤੇ ਦਾਖਾ ਹਲਕਿਆਂ ’ਚ ਜਿਮਨੀ ਚੋਣ ਹੋਈ ਸੀ। ਫਗਵਾੜਾ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਜਿੱਤੇ ਸਨ ਜਦੋਂਕਿ ਮੁਕੇਰੀਆਂ ਤੋਂ ਕਾਂਗਰਸ ਦੀ ਇੰਦੂ ਬਾਲਾ ਅਤੇ ਜਲਾਲਾਬਾਦ ਤੋਂ ਕਾਂਗਰਸ ਦੇ ਰਮਿੰਦਰ ਸਿੰਘ ਆਂਵਲਾ ਚੋਣ ਜਿੱਤੇ ਸਨ। ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਨੇ ਕਿਸੇ ਗੈਰਸੱਤਾਧਾਰੀ ਧਿਰ ਦੇ ਜਿੱਤਣ ਦਾ ਰਿਕਾਰਡ ਬਣਾਇਆ ਸੀ।
ਝਾੜੂ ਵੀ ਬਹੁਤੀ ਵਾਰੀ ਚੱਲਿਆ
ਸਾਲ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਪੰਜ ਵਿਧਾਨ ਸਭਾ ਤੇ ਦੋ ਲੋਕ ਸਭਾ ਹਲਕਿਆਂ ’ਚ ਜਿਮਨੀ ਚੋ ਹੋਈ ਹੈ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸੰਗਰੂਰ ਲੋਕ ਸਭਾ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਚੋਣ ਹਾਰ ਗਈ ਸੀ ਜਦੋਂਕਿ ਵਿਧਾਨ ਸਭਾ ਹਲਕਾ ਲੁਧਿਆਣਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ , ਚੱਬੇਵਾਲ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਜਿੱਤੀ ਸੀ। ਹੁਣ ਤਰਨਤਾਰਨ ਸਿਆਸੀ ਜੰਗ ਦਾ ਗਵਾਹ ਬਣਿਆ ਹੈ ਤਾਂ ਦੇਖਣਾ ਹੋਵੇਗਾ ਕਿ ਝਾੜੂ ਚੱਲਦਾ ਹੈ ਜਾਂ ਫਿਰ ਵਿਰੋਧੀ ਧਿਰਾਂ ਝੰਡੇ ਗੱਡਦੀਆਂ ਹਨ।