Babushahi Special ਦਵਿੰਦਰ ਖੁਦਕਸ਼ੀ: ਏਦਾਂ ਦਿਨ ਨੀਂ ਚੜ੍ਹਨਾ ਨਾਂ ਰਾਤ ਹੀ ਆਉਣੀ ਜਦੋਂ ਮਿਲੀ ਤੇਰੀ ਮੌਤ ਸੁਨਾਉਣੀ
ਅਸ਼ੋਕ ਵਰਮਾ
ਬਠਿੰਡਾ, 31 ਮਾਰਚ 2026 : ਜਿੰਦਗੀ ਦੇ ਆਖਰੀ ਮੋੜ ’ਤੇ ਪਰਮਿੰਦਰ ਕੌਰ ਇਕੱਲੀ ਰਹਿ ਗਈ ਹੈ। ਕੜੀ ਵਰਗੇ ਗੱਭਰੂ ਪੁੱਤ ਦੀ ਮੌਤ ਨੇ ਉਸ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ। ਬਠਿੰਡਾ ਦੀ ਗਣਪਤੀ ਐਨਕਲੇਵ ਕਲੋਨੀ ਵਿੱਚ ਰਹਿਣ ਵਾਲੇ ਮਰਹੂਮ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਇਕਲੌਤੇ ਪੁੱਤਰ ਅਤੇ ਪੇਸ਼ੇ ਤੋਂ ਵਕੀਲ ਦਵਿੰਦਰਪਾਲ ਸਿੰਘ ਨੱਤ ਨੇ ਚੰਡੀਗੜ੍ਹ ਦੇ ਕਾਲੋਨਾਈਜ਼ਰ ਬਿੰਦਰਪਾਲ ਮਿੱਤਲ ਅਤੇ ਉਸ ਦੇ ਪੁੱਤਰਾਂ ਭਰਤ ਮਿੱਤਲ ਤੇ ਪ੍ਰਤੀਕ ਮਿੱਤਲ, ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਖੁਦਕਸ਼ੀ ਕਰ ਲਈ ਸੀ। ਬਿੰਦਰਪਾਲ ਮਿੱਤਲ, ਮਰਹੂਮ ਸੁਖਰਾਜ ਸਿੰਘ ਨੱਤ ਦਾ ਦੋਸਤ ਸੀ ਜੋ ਛੇ ਸਾਲ ਪਹਿਲਾਂ ਚੱਲ ਵਸੇ ਸਨ। ਦੋਵੇਂ ਤਲਵੰਡੀ ਸਾਬੋ ਦੇ ਨਜ਼ਦੀਕ ਪਿੰਡ ਨੱਤ ਦੇ ਰਹਿਣ ਵਾਲੇ ਸਨ। ਦਵਿੰਦਰ ਬਿੰਦਰਪਾਲ ਨੂੰ ਚਾਚਾ ਆਖਿਆ ਕਰਦਾ ਸੀ। ਪ੍ਰੀਵਾਰਕ ਸੂਤਰਾਂ ਨੇ ਦੱਸਿਆ ਕਿ ਜਿਸ ਬਿੰਦਰਪਾਲ ’ਤੇ ਦਵਿੰਦਰ ਨੂੰ ਰੱਬ ਜਿੱਡਾ ਮਾਣ ਸੀ ਉਹੀ ਉਸ ਨਾਲ ਕਥਿਤ ਠੱਗੀ ਮਾਰ ਗਿਆ।
ਪ੍ਰਮਿੰਦਰ ਕੌਰ ਨੂੰ ਵੀ ਇਹੋ ਝੋਰਾ ਹੈ ਕਿ ਸੁਖਰਾਜ ਸਿੰਘ ਦੇ ਚਲੇ ਜਾਣ ਤੋਂ ਬਾਅਦ ਜਿੰਨ੍ਹਾਂ ਨੇ ਦਵਿੰਦਰ ਦੇ ਸਿਰ ’ਤੇ ਛਾਂ ਕਰਨੀ ਸੀ ਉਹੀ ਉਸ ਦੀ ਮੌਤ ਦਾ ਕਾਰਨ ਬਣ ਗਏ। ਦਵਿੰਦਰ ਨੇ ਤਾਂ ਹਾਲੇ ਆਪਣੀ ਨਵੀਂ ਜਿੰਦਗੀ ਵੀ ਸ਼ੁਰੂ ਨਹੀਂ ਕੀਤੀ ਸੀ ਜਿਸ ਤੋਂ ਮਾਂ ਨੂੰ ਵੱਡੀਆਂ ਆਸਾਂ ਸਨ ਪਰ ਉਸ ਨੂੰ ਚੰਦ ਛਿੱਲੜਾਂ ਕਾਰਨ ਸਿਰੇ ਦਾ ਖਤਰਨਾਕ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਗਿਆ। ਜਦੋਂ ਪਰਮਿੰਦਰ ਕੌਰ ਦੇ ਪਤੀ ਦੀ ਮੌਤ ਹੋਈ ਤਾਂ ਉਸ ਨੇ ਭਾਣਾ ਮੰਨ ਲਿਆ ਸੀ ਪਰ ਹੁਣ ਜਦੋਂ ਡਾਢਿਆਂ ਨੇ ਉਸ ਦੇ ਬੁਢਾਪੇ ਦੀ ਆਖਰੀ ਡੰਗੋਰੀ ਵੀ ਤੋੜ ਦਿੱਤੀ ਹੈ ਤਾਂ ਪਰਮਿੰਦਰ ਕੌਰ ਵੱਲੋਂ ਦੁਹੱਥੜਾਂ ਮਾਰਕੇ ਪੁੱਤ ਦੇ ਵਿਯੋਗ ’ਚ ਕੀਤਾ ਜਾ ਰਿਹਾ ਵਿਰਲਾਪ ਝੱਲਿਆ ਨਹੀਂ ਜਾਂਦਾ ਹੈ। ਪਰਮਿੰਦਰ ਕੌਰ ਨੂੰ ਆਪਣੇ ਪੁੱਤ ਦੇ ਚਿਹਰੇ ਚੋਂ ਪਤੀ ਦੀ ਹੋਂਦ ਦਾ ਝਾਉਲਾ ਅਤੇ ਆਪਣੇ ਅੱਛੇ ਦਿਨ ਨਜ਼ਰੀਂ ਪੈਂਦੇ ਸਨ।
ਪੁੱਤ ਦੀ ਇੰਜ ਅਚਾਨਕ ਟੁੱਟੀ ਤੰਦ ਨੇ ਪਰਮਿੰਦਰ ਕੌਰ ਨੂੰ ਰੋਹੀ ਦਾ ਰੁੱਖ ਬਣਾ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਉਸ ਦੇ ਪੁੱਤ ਦੇ ਕਥਿਤ ਕਾਤਲਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਉਸ ਨੂੰ ਕਿਧਰੋਂ ਵੀ ਕੋਈ ਧਰਵਾਸ ਨਹੀਂ ਬੱਝ ਰਿਹਾ ਹੈ। ਵਕਤੋਂ ਪਹਿਲਾਂ ਬੁੱਢੀ ਦਿਸਦੀ ਪਰਮਿੰਦਰ ਕੌਰ ਕੋਲ ਪਿੱਛੇ ਸਿਰਫ ਦੋ ਤਸਵੀਰਾਂ ਹੀ ਬਚੀਆਂ ਹਨ ਜੋ ਬੋਲਣ ਅਤੇ ਦੁੱਖ ਸੁਨਣ ਤੋਂ ਅਸਮਰੱਥ ਹਨ। ਸੱਥਰ ਤੇ ਬੈਠੀ ਇਹ ਬਜੁਰਗ ਆਪਣੇ ਦੁੱਖਾਂ ਦੀ ਪੋਟਲੀ ਫਰੋਲ ਰਹੀ ਹੈ ਪਰ ਉਸ ਕੋਲ ਆਉਣ ਵਾਲੀਆਂ ਔਰਤਾਂ ਨੂੰ ਤਾਂ ਇਹ ਸਮਝ ਹੀ ਨਹੀਂ ਪੈ ਰਹੀ ਕਿ ਉਹ ਕਿੱਦਾਂ ਅਫਸੋਸ ਜਤਾਉਣ । ਪਹਾੜ ਤੋਂ ਵੱਡੇ ਦੁੱਖਾਂ ਅੱਗੇ ਲਫਜ਼ਾਂ ਦੀ ਘਾਟ ਪੈ ਗਈ ਹੈ। ਅਚਾਨਕ ਆਏ ਇੱਕ ਵਾਵਰੋਲੇ ਨੇ ਜਿਸ ਦੀਆਂ ਸੱਧਰਾਂ ਹਵਾ ਵਿੱਚ ਉਡਾ ਦਿੱਤੀਆਂ ਹੋਣ ਤਾਂ ਉਸ ਔਰਤ ਨੂੰ ਕੋਈ ਹੌਂਸਲਾ ਦਿੱਤਾ ਵੀ ਕਿੰਜ ਜਾ ਸਕਦਾ ਹੈ।
ਇਸ ਜਹਾਨੋਂ ਹਮੇਸ਼ਾ ਲਈ ਤੁਰ ਗਏ ਦਵਿੰਦਰਪਾਲ ਦੇ ਸੰਗੀ ਸਾਥੀ ਵੀ ਅੱਜ ਉਦਾਸ ਹਨ ਜਿੰਨ੍ਹਾਂ ਦਾ ਕਹਿਣਾ ਸੀ ਕਿ ਬੇਹੱਦ ਚੰਗੇ ਅਤੇ ਨਰਮ ਸੁਭਾਅ ਦਾ ਮੁੰਡਾ ਸੀ ਪਰ ਲਾਲਚੀਆਂ ਕਾਰਨ ਉਸ ਨੂੰ ਦੁਬਾਰਾ ਨਾਂ ਮਿਲਣ ਵਾਲੀ ਜਿੰਦਗੀ ਤੋਂ ਹੱਥ ਧੋਣੇ ਪਏ ਹਨ। ਮ੍ਰਿਤਕ ਦਵਿੰਦਰ ਦੇ ਨਜ਼ਦੀਕੀਆਂ ’ਚ ਇਹੋ ਚਰਚਾ ਭਾਰੂ ਹੈ ਕਿ ਕਿੰਨੀ ਵੱਡੀ ਗੱਲ ਹੋਈ ਹੋਵੇਗੀ ਕਿ ਹੋਰਨਾਂ ਨੂੰ ਹੌਂਸਲਾ ਦੇਣ ਵਾਲੇ ਦਵਿੰਦਰ ਨੇ ਅਚਾਨਕ ਇਸ ਤਰਾਂ ਮੌਤ ਨੂੰ ਗਲੇ ਲਾ ਲਿਆ। ਪਿੰਡ ਨੱਤ ’ਚ ਜਿੱਥੇ ਵੀ ਚਾਰ ਬੰਦੇ ਜੁੜਦੇ ਹਨ ਉੱਥੇ ਹੀ ਇਹੋ ਗੱਲਾਂ ਹੋ ਰਹੀਆਂ ਹਨ ਕਿ ‘ਚੰਗਾ ਮੁੰਡਾ ਸੀ ਦਵਿੰਦਰ ਸਿਓਂ ਪਰ ਮਾੜੀ ਕਰ ਗਿਆ । ਸੁਖਰਾਜ ਸਿੰਘ ਨੱਤ ਦੇ ਕਈ ਨਜ਼ਦੀਕੀਆਂ ਦੀ ਅੱਖਾਂ ’ਚ ਅੱਥਰੂ ਅਤੇ ਉਦਾਸ ਚਿਹਰੇ ਹੁਣ ਉਨ੍ਹਾਂ ਦੁੱਖਾਂ ਦੇ ਗਵਾਹ ਹਨ ਜੋ ਪੁੱਤ ਅਤੇ ਪਤੀ ਦੀ ਗੈਰਮੌਜ਼ੂਦਗੀ ’ਚ ਪਰਮਿੰਦਰ ਕੌਰ ਨੂੰ ਹੰਢਾਉਣ ਲਈ ਮਜਬੂਰ ਹੋਣਾ ਪਿਆ ਹੈ।
ਅਭਾਗੀ ਮਾਂ ਦੇ ਦੁੱਖੋਂ ਵੱਡੇ ਦੋਸ਼
ਦਵਿੰਦਰਪਾਲ ਸਿੰਘ ਨੱਤ ਵੱਲੋਂ ਮੌਤ ਤੋਂ ਪਹਿਲਾਂ ਬਣਾਈ ਗਈ ਇੱਕ ਦਰਦਨਾਕ ਵੀਡੀਓ ਵਿੱਚ ਦਵਿੰਦਰ ਨੱਤ ਨੇ ਦੱਸਿਆ ਕਿ ਸੁਸ਼ਮਾ ਬਿਲਡਟੈਕ ਦੇ ਮਾਲਕ ਬਿੰਦਰਪਾਲ ਮਿੱਤਲ ਅਤੇ ਉਸ ਦੇ ਪੁੱਤਰਾਂ (ਪ੍ਰਤੀਕ ਅਤੇ ਭਰਤ) ਨੇ ਉਨ੍ਹਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਹੈ। ਉਸ ਰਾਹੀਂ ਹੋਰਨਾਂ ਦੋਸਤਾਂ ਵੱਲੋਂ ਉਸ ਰਾਹੀਂ ਨਿਵੇਸ਼ ਕੀਤੇ ਗਏ 6-7 ਕਰੋੜ ਵੀ ਵਾਪਸ ਨਹੀਂ ਮੋੜਿਆ ਜਾ ਰਿਹਾ ਸੀ, ਜਿਸ ਕਾਰਨ ਉਹ ਭਾਰੀ ਮਾਨਸਿਕ ਪਰੇਸ਼ਾਨੀ ਵਿੱਚ ਹੈ। ਉਨ੍ਹਾਂ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਮਿਲੇ 55 ਲੱਖ ਰੁਪਏ, ਮਾਂ ਦੇ ਜਮ੍ਹਾਂ ਕੀਤੇ 6 ਲੱਖ ਅਤੇ ਪਿਤਾ ਦੀ ਪਿਸਤੌਲ ਵੇਚ ਕੇ ਆਏ 12 ਲੱਖ ਰੁਪਏ ਵੀ ਉਨ੍ਹਾਂ ਨੇ ਬਿਲਡਰ ਨੂੰ ਦੇ ਦਿੱਤੇ ਸਨ। ਦਵਿੰਦਰਪਾਲ ਦਾ ਵੀਡੀਓ ’ਚ ਕਹਿਣਾ ਸੀ ਕਿ ਉਨ੍ਹਾਂ ਕੋਲ ਸਾਰੀਆਂ ਬੈਂਕ ਐਂਟਰੀਆਂ ਮੌਜੂਦ ਹਨ।
ਪੁਲਿਸ ਕਾਰਵਾਈ ਜਾਰੀ: ਐਸਪੀ
ਦਵਿੰਦਰਪਾਲ ਨੱਤ ਵੱਲੋਂ ਖੁਦਕਸ਼ੀ ਕਰਨ ਦੇ ਮਾਮਲੇ ’ਚ ਥਾਣਾ ਕੈਨਾਲ ਕਲੋਨੀ ’ਚ ਬਿੰਦਰਪਾਲ ਮਿੱਤਲ ਪੁੱਤਰ ਜਗਨ ਨਾਥ , ਭਰਤ ਮਿੱਤਲ ਤੇ ਪ੍ਰਤੀਕ ਮਿੱਤਲ ਪੁਤਰਾਨ ਬਿੰਦਰਪਾਲ ਮਿੱਤਲ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਸਬੰਧ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Click to Follow Babushahi Facebook page →