Babushahi Special ਜਿਮਨੀ ਚੋਣ: ਕਦੇ ਖਾੜਕੂ ਧਿਰਾਂ ਦੇ ਡਰੋਂ ਤਰਨ ਤਾਰਨ ਹਲਕੇ ’ਚ ਖਾਲੀ ਰਹੀਆਂ ਸਨ ਸੰਦੂਕੜੀਆਂ
ਅਸ਼ੋਕ ਵਰਮਾ
ਬਠਿੰਡਾ,23 ਅਕਤੂਬਰ 2025: ਵਿਧਾਨ ਸਭਾ ਹਲਕੇ ਤਰਨ ਤਾਰਨ ’ਚ ਜਿਮਨੀ ਚੋਣ ਦੇ ਪ੍ਰਚਾਰ ਲਈ ਭਾਰੀ ਗਹਿਮਾ ਗਹਿਮੀ ਚੱਲ ਰਹੀ ਹੈ ਪਰ 33 ਸਾਲ ਪਹਿਲਾਂ ਸਾਲ 1992 ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਇਸ ਖਾੜਕੂ ਧਿਰਾਂ ਦੇ ਦਬਦਬੇ ਕਾਰਨ ਕਾਂਗਰਸ ਪਾਰਟੀ ਤੋਂ ਸਿਵਾਏ ਕੋਈ ਹੋਰ ਸਿਆਸੀ ਧਿਰ ਉਮੀਦਵਾਰ ਖੜ੍ਹਾ ਕਰਨ ਦੀ ਹਿੰਮਤ ਨਹੀਂ ਜੁਟਾ ਸਕੀ ਸੀ। ਉਦੋਂ 1 ਲੱਖ 7 ਹਜ਼ਾਰ 254 ਵੋਟਰਾਂ ਦੀ ਮੌਜੂਦਗੀ ਵਾਲੇ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਦਿਲਬਾਗ ਸਿੰਘ ਡਾਲੇਕੇ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਸਨ। ਇਸ ਮੌਕੇ ਅਰਧ ਸੈਨਿਕ ਬਲਾਂ ਦੀ ਭਾਰੀ ਨਫਰੀ ਤਾਇਨਾਤ ਕੀਤੀ ਗਈ ਸੀ ਫਿਰ ਵੀ ਖਾੜਕੂਆਂ ਦੇ ਬੋਲਬਾਲੇ ਅਤੇ ਅਸਾਲਟ ਰਾਈਫਲਾਂ ਦੀ ਦਹਿਸ਼ਤ ਕਾਰਨ ਬਹੁਤੀਆਂ ਸਿਆਸੀ ਧਿਰਾਂ ਚੋਣਾਂ ’ਚ ਭਾਗ ਲੈਣ ਤੋਂ ਕਿਨਾਰਾ ਕਰ ਗਈਆਂ ਸਨ। ਉਂਜ ਤਰਨ ਤਾਰਨ ਜਿਲ੍ਹੇ ਦੇ ਬਾਕੀ ਹਲਕਿਆਂ ’ਚ ਵੋਟਾਂ ਪਈਆਂ ਸਨ ਪਰ ਗਿਣਤੀ ਆਟੇ ’ਚ ਲੂਣ ਦੇ ਬਰਾਬਰ ਸੀ।
ਦਰਅਸਲ ਸਾਲ 1987 ਤੋਂ ਰਾਸ਼ਟਰਪਤੀ ਰਾਜ ਦੇ ਜੂਲੇ ਹੇਠ ਰਹਿਣ ਕਾਰਨ ਤੱਤਕਾਲੀ ਕੇਂਦਰ ਸਰਕਾਰ ਨੇ 1992 ਦੌਰਾਨ ਪੰਜਾਬ ’ਚ ਅਮਨ ਬਹਾਲ ਕਰਨ ਦੇ ਯਤਨ ਵਜੋਂ ਚੁਣੀ ਹੋਈ ਸਰਕਾਰ ਬਨਾਉਣ ਲਈ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਸੀ। ਉਦੋਂ ਸਥਿਤੀ ਅਜਿਹੀ ਸੀ ਕਿ ਖਾੜਕੂ ਧਿਰਾਂ ਦੀ ਮਰਜੀ ਬਿਨਾਂ ਪੱਤਾ ਵੀ ਨਹੀਂ ਹਿਲਦਾ ਸੀ । ਖਾਸ ਤੌਰ ਤੇ ਤਰਨ ਤਾਰਨ ਜਿਲ੍ਹਾ ਤਾਂ ਖਾੜਕੂਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਸੀ। ਹਾਲਾਂਕਿ ਸਮੁੱਚੇ ਪੰਜਾਬ ਦੇ ਨਾਲ ਨਾਲ ਇਸ ਜਿਲ੍ਹੇ ਵਿੱਚ ਵੱਡੀ ਗਿਣਤੀ ਖਾੜਕੂ ਸਰਗਰਮ ਸਨ ਪਰ ਪਿੰਡ ਪੰਜਵੜ ਨਾਲ ਸਬੰਧਤ ਪਾਬੰਦੀਸ਼ੁਦਾ ਐਲਾਨੀ ਜਥੇਬੰਦੀ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਤੱਤਕਾਲੀ ਮੁਖੀ ਸੁਖਦੇਵ ਸਿੰਘ ਉਰਫ਼ ਜਨਰਲ ਲਾਭ ਸਿੰਘ ਅਤੇ ਪਰਮਜੀਤ ਸਿੰਘ ਪੰਜਵੜ ਤੋਂ ਇਲਾਵਾ ਪਿੰਡ ਦਾਸੂਵਾਲ ਦੇ ਸੁਖਦੇਵ ਸਿੰਘ ਬੱਬਰ ਤੇ ਮਾਨੋਚਾਹਲ ਨਿਵਾਸੀ ਨੌਜਵਾਨ ਗੁਰਬਚਨ ਸਿੰਘ ਮਾਨੋਚਾਹਲ ਸੁਰਖੀਆਂ ਵਿੱਚ ਸਨ ਜਿੰਨ੍ਹਾਂ ਦਾ ਨਾਮ ਸੁਣਦਿਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ।
ਪੰਜਾਬ ’ਚ ਸਰਗਰਮ ਖਾੜਕੂ ਧਿਰਾਂ ਨੇ ਚੋਣ ਅਮਲ ’ਚ ਭਾਗ ਲੈਣ ਅਤੇ ਵੋਟਾਂ ਪਾਉਣ ਲਈ ਪੋÇਲੰਗ ਬੂਥਾਂ ਤੱਕ ਜਾਣ ਵਾਲਿਆਂ ਨੂੰ ਸੋਧਾ ਲਾਉਣ ਦੀਆਂ ਧਮਕੀਆਂ ਦਿੱਤੀਆਂ ਸਨ ਜਿਸ ਦੇ ਚੱਲਦਿਆਂ ਪੰਜਾਬ ਵਿੱਚ ਹਰ ਤਰਫ ਦਹਿਸ਼ਤ ਫੈਲੀ ਹੋਈ ਸੀ। ਇਸ ਮੌਕੇ ਕਿਸੇ ਵੀ ਕੀਮਤ ਤੇ ਵੋਟਾਂ ਪੁਆਉਣ ਖਾਤਰ ਤਰਨ ਤਾਰਨ ਵਿੱਚ ਚੱਪੇ ਚੱਪੇ ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਜਿਸ ਨੂੰ ਦੇਖਦਿਆਂ ਸਮੁੱਚਾ ਹਲਕਾ ਕਿਸੇ ਫੌਜੀ ਛਾਉਣੀ ਦੀ ਤਰਾਂ ਜਾਪਣ ਲੱਗਾ ਸੀ। ਇਸ ਮੌਕੇ ਗਰਮ ਖਿਆਲੀ ਧਿਰਾਂ ਅਤੇ ਅਕਾਲੀ ਦਲਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ । ਪੰਜਾਬ ਸਰਕਾਰ ਚੋਣਾਂ ਕਰਵਾਉਣ ਲਈ ਬਜਿੱਦ ਸੀ ਜਿਸ ਦੇ ਸਿੱਟੇ ਵਜੋਂ ਜਾਨ ਗੁਆਉਣ ਦੇ ਡਰ ਕਾਰਨ ਪੇਂਡੂ ਪੈਂਠ ਵਾਲੇ ਤਰਨ ਤਾਰਨ ਹਲਕੇ ’ਚ ਭਾਵੇਂ ਕੋਈ ਮੁਕਾਬਲਾ ਨਹੀਂ ਸੀ ਪਰ ਲੋਕਾਂ ਨੇ ਕੁੰਡੇ ਤੱਕ ਨਹੀਂ ਖੋਹਲੇ ਸਨ ਤਾਂਜੋ ਕੋਈ ਇਹ ਨਾਂ ਸਮਝੇ ਕਿ ਉਹ ਵੋਟਾਂ ਪਾਉਣ ਚੱਲੇ ਹਨ।
ਇਸ ਮੌਕੇ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਰਣਜੀਤ ਸਿੰਘ ਨੇ ਕਾਂਗਰਸ ਦੇ ਲੱਖਾ ਸਿੰਘ ਨੂੰ ਸਿਰਫ਼ 296 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਪੱਟੀ ਹਲਕੇ ਕਾਂਗਰਸ ਦੇ ਸੁਖਵਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਿਥੀਪਾਲ ਸਿੰਘ ਨੂੰ 3663 ਵੋਟਾਂ ਦੇ ਫ਼ਰਕ ਨਾਲ ਹਰਾਕੇ ਚੋਣ ਜਿੱਤੀ ਸੀ। ਨੌਸ਼ਹਿਰਾ ਪਨੂੰਆਂ ਤੋਂ ਵੀ ਕਾਂਗਰਸ ਦੇ ਮਾਸਟਰ ਜਗੀਰ ਸਿੰਘ ਕੇਵਲ 4418 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਵਲਟੋਹਾ ਹਲਕੇ ਤੋਂ ਗੁਰਚੇਤ ਸਿੰਘ 16 ਹਜ਼ਾਰ 845 ਅਤੇ ਅਟਾਰੀ ਤੋਂ ਸੁਖਦੇਵ ਸਿੰਘ ਸ਼ਾਹਬਾਜ਼ਪੁਰੀ ਮਾਤਰ 2722 ਵੋਟਾਂ ਲੈਕੇ ਚੋਣ ਜਿੱਤਣ ਵਿੱਚ ਸਫਲ ਰਹੇ ਸਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸਾਲ 1992 ਦੀਆਂ ਚੋਣਾਂ ਦੌਰਾਨ ਤਰਨ ਤਾਰਨ ਜਿਲ੍ਹੇ ਵਿੱਚ ਵੋਟ ਫੀਸਦੀ ਕੇਵਲ 10.95 ਰਹੀ ਜਦੋਂਕਿ ਸਮੁੱਚੇ ਪੰਜਾਬ ਦੇ ਪੇਂਡੂ ਖੇਤਰਾਂ ਦਾ ਅੰਕੜਾ 15.1 ਪ੍ਰਤੀਸ਼ਤ ਰਿਹਾ ਸੀ। ਇਸੇ ਤਰਾਂ ਸ਼ਹਿਰੀ ਖੇਤਰਾਂ ਵਿੱਚ 38.3 ਫੀਸਦੀ ਅਤੇ ਅਰਧ ਸ਼ਹਿਰੀ ਇਲਾਕਿਆਂ ’ਚ 26.5 ਫ਼ੀਸਦੀ ਪੋਲਿੰਗ ਹੋਈ ਸੀ।
ਦਹਿਸ਼ਤ ਦਾ ਮਹੌਲ ਸੀ ਉਦੋਂ
ਪੰਜਾਬ ’ਚ 1980 ਦੇ ਅੰਤਲੇ ਦਿਨਾਂ ਦੌਰਾਨ ਮਹੌਲ ’ਚ ਤਬਦੀਲੀ ਸ਼ੁਰੂ ਹੋਈ ਸੀ ਪਰ 90 ਤੱਕ ਤਾਂ ਅਮਨ ਕਾਨੂੰਨ ਦੇ ਪੱਖ ਤੋਂ ਸਥਿਤੀ ਭਿਆਨਕ ਹੋ ਗਈ ਅਤੇ ਹਿੰਸਕ ਵਾਰਦਾਤ ਦੀ ਸੂਰਤ ’ਚ ਲੋਕ ਧੁਰ ਅੰਦਰੋਂ ਕੰਬ ਜਾਂਦੇ ਸਨ । ਛੋਟੀ ਜਿਹੀ ਖਬਰ ਨਾਲ ਪੰਜਾਬ ਬੰਦ ਹੋ ਜਾਂਦਾ ਸੀ ਅਤੇ ਦਿਨ ਦਿਹਾੜੇ ਸੜਕਾਂ ਤੇ ਕਾਂ ਪੈਣ ਲੱਗਦੇ ਸਨ। ਸਾਲ 1992 ’ਚ ਚੋਣ ਜਿੱਤਣ ਵਾਲੇ ਉੱਘੇ ਕਮਿਊਨਿਸਟ ਆਗੂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਦਾ ਕਹਿਣਾ ਸੀ ਕਿ ਉਹ ਵਕਤ ਯਾਦ ਕਰਕੇ ਹੁਣ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਬੇਅੰਤ ਸਿੰਘ ਬਣੇ ਮੁੱਖ ਮੰਤਰੀ
ਸਾਲ 1992 ਦੌਰਾਨ ਕਾਂਗਰਸ 87 ਹਲਕਿਆਂ ਵਿੱਚ ਜਿੱਤੀ ਅਤੇ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ ਜੋ ਹੱਤਿਆ ਹੋਣ ਤੱਕ ਅਹੁਦੇ ਤੇ ਰਹੇ। ਇਸ ਮੌਕੇ ਬਸਪਾ ਦੇ 9 ਉਮੀਦਵਾਰ ਜਿੱਤੇ ਸਨ ਜਦੋਂਕਿ ਭਾਜਪਾ ਦੇ 6 ,ਸੀਪੀਆਈ ਦੇ 4 ਜਨਤਾ ਦਲ ,ਸੀਪੀਆਈ (ਐੱਮ) ,ਇੰਡੀਅਨ ਪੀਪਲਜ਼ ਫ਼ਰੰਟ ਦਾ 1-1 ਅਤੇ 4 ਅਜਾਦ ਜਿੱਤੇ ਸਨ। ਦਿਲਚਸਪ ਤੱਥ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਮਾਣਾ ਤੋਂ ਬਿਨਾਂ ਮੁਕਾਬਲਾ ਚੋਣ ਜਿੱਤੀ ਪਰ 1998 ’ਚ ਪਟਿਆਲਾ ਤੋਂ ਜਮਾਨਤ ਜਬਤ ਹੋ ਗਈ ਸੀ।