Babushahi Special ਚੋਰਾਂ ਨਾਲ ਜਦੋਂ ਰਲ ਜਾਂਦੀ ਕੁੱਤੀ, ਤਾਂ ਜੇਲ੍ਹ ਦੇ ਰਾਖੇ ਕੱਢਣ ਚਿੱਟੇ ਅਤੇ ਅਫੀਮ ਦੀ ਧੁੱਕੀ
ਅਸ਼ੋਕ ਵਰਮਾ
ਬਠਿੰਡਾ, 16 ਅਪ੍ਰੈਲ 2026: ਪੰਜਾਬ ਦੀ ਅਤੀਸੁਰੱਖਿਅਤ ਮੰਨੀ ਜਾਂਦੀ ਬਠਿੰਡਾ ਦੀ ਕੇਂਦਰੀ ਜੇਲ੍ਹ ਨਸ਼ਿਆਂ ਦਾ ਅੱਡਾ ਬਣਦੀ ਦਿਖਾਈ ਦੇ ਰਹੀ ਹੈ। ਜੇਲ੍ਹ ਦੀਆਂ ਉੱਚੀਆਂ ਕੰਧਾਂ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਮੌਜੂਦਗੀ ਵੀ ਨਸ਼ੇ ਦਾ ਕਾਰੋਬਾਰ ਨਹੀਂ ਰੋਕ ਸਕੀ ਹੈ। ਹੁਣ ਤਾਂ ਇਸ ਹਾਈਸਕਿਉਰਟੀ ਜੇਲ੍ਹ ’ਚ ਤਾਇਨਾਤ ਸੀਆਰਪੀਐਫ ਦਾ ਜਵਾਨ ਹੀ ਕੈਦੀਆਂ ਨੂੰ ਨਸ਼ਾ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਹੈ। ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਜੇਲ੍ਹ ਡਿਊਟੀ ’ਚ ਜਾਣ ਤੋਂ ਪਹਿਲਾਂ ਮੁੱਖ ਗੇਟ ’ਤੇ ਸੀਆਰਪੀਐਫ ਦੇ ਸਿਪਾਹੀ ਰਜਿੰਦਰ ਸਿੰਘ ਵਾਸੀ ਮੰਡੀ ਡੱਬਵਾਲੀ ਦੀ ਤਲਾਸ਼ੀ ਲੈਣ ਮੌਕੇ ਉਸ ਤੋਂ 23.99 ਗ੍ਰਾਮ ਅਫੀਮ , 158 ਗ੍ਰਾਮ ਜਰਦਾ ਅਤੇ ਸਿਗਰਟਾਂ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਸਮਾਨ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਤੱਕ ਪੁੱਜਦਾ ਕੀਤਾ ਜਾਣਾ ਸੀ। ਇਹ ਜਵਾਨ ਸੀਆਰਪੀਐਫ ਦੀ ਬੀ-245 ਬਟਾਲੀਅਨ ’ਚ ਤਾਇਨਾਤ ਸੀ।
ਜੇਲ੍ਹ ਅਧਿਕਾਰੀਆਂ ਨੇ ਇਸ ਸਬੰਧ ’ਚ ਤੁਰੰਤ ਪੁਲਿਸ ਨੂੰ ਸ਼ਕਾਇਤ ਦਿੱਤੀ ਸੀ ਜਿਸ ਦੇ ਅਧਾਰ ’ਤੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਲਜਮ ਸਿਪਾਹੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜੇਲ੍ਹ ’ਚ ਬੰਦ ਕੈਦੀਆਂ ਕੋਲੋਂ ਨਸ਼ਾ ਆਦਿ ਮਿਲਣ ਜਾਂ ਉਨ੍ਹਾਂ ਦੇ ਮੁਲਾਕਾਤੀਆਂ ਵੱਲੋਂ ਨਸ਼ੇ ਪਹੰਚਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਪਹਿਲਾਂ ਵੀ ਆਉਂਦੇ ਰਹਿੰਦੇ ਹਨ ਪਰ ਇਹ ਮਾਮਲਾ ਇਸ ਲਈ ਵੀ ਸੰਵੇਦਨਸ਼ੀਲ ਹੈ ਕਿ ਜਿਸ ਜੇਲ੍ਹ ’ਚ ਕਈ ਖਤਰਨਾਕ ਗੈਂਗਸਟਰ ਬੰਦ ਹੋਣ ਉਸੇ ਦੀ ਸੁਰੱਖਿਆ ਸੰਭਾਲਣ ਵਾਲੇ ਮੁਲਾਜਮ ਹੀ ਚੰਦ ਪੈਸਿਆਂ ਦੇ ਲਾਲਚ ਵਿੱਚ ਪਾਬੰਦੀਸ਼ੁਦਾ ਵਸਤੂਆਂ ਅੰਦਰ ਪਹੁੰਚਾ ਰਹੇ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਜੋ ਇਸ ਗੱਲ ’ਤੇ ਕੇਂਦਰਿਤ ਹੈ ਕਿ ਕੀ ਇਹ ਜਵਾਨ ਇਕੱਲਾ ਹੀ ਜੇਲ੍ਹ ਦੇ ਅੰਦਰ ਨਸ਼ਾ ਵੰਡ ਰਿਹਾ ਸੀ ਜਾਂ ਫਿਰ ਉਸ ਦੇ ਨਾਲ ਕੋਈ ਹੋਰ ਵਿਅਕਤੀ ਵੀ ਸ਼ਾਮਿਲ ਹੈ।
ਜਾਣਕਾਰ ਹਲਕਿਆਂ ਅਨੁਸਾਰ ਜੇਲ੍ਹ ’ਚ ਬੰਦ ਵੱਡੀ ਗਿਣਤੀ ਕੈਦੀ ਨਸ਼ਿਆਂ ਦੇ ਆਦੀ ਹੋਣ ਕਾਰਨ ਜੇਲ੍ਹ ਸਟਾਫ਼ ਨਸ਼ੇ ਅੰਦਰ ਲਿਜਾਣ ਲਈ ਕਈ ਪ੍ਰਕਾਰ ਦੇ ਹੀਲੇ ਵਰਤਦਾ ਆ ਰਿਹਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਜਿਸ ਚਿੱਟੇ (ਹੈਰੋਇਨ) ਦੀ ਸ਼ਰੇਆਮ ਵਿੱਕਰੀ ਦੇ ਢੋਲ ਵੱਜ ਰਹੇ ਹਨ ਉਹ ਹੁਣ ਬਠਿੰਡਾ ਜੇਲ੍ਹ ’ਚ ਵੀ ਮਿਲਣ ਲੱਗਿਆ ਹੈ। ਪੁਰਾਣੇ ਤੱਥ ਫਰੋਲੀਏ ਤਾਂ ਇਸ ਤੋਂ ਪਹਿਲਾਂ 28 ਦਿਸੰਬਰ 2025 ਨੂੰ ਵਾਰਡਨ ਸਿਪਾਹੀ ਵਰਿੰਦਰ ਕੁਮਾਰ ਨੂੰ ਅਜੋਕੇ ਸਭ ਤੋਂ ਖਤਰਨਾਕ ਮੰਨੇ ਜਾਂਦੇ 27 ਗ੍ਰਾਮ ਚਿੱਟੇ , 21 ਗ੍ਰਾਮ ਅਫੀਮ ਅਤੇ 60 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਲੜੀ ਤਹਿਤ 1 ਫਰਵਰੀ 2025 ਨੂੰ ਸਿਪਾਹੀ ਤਸਬੀਰ ਸਿੰਘ ਤੋਂ 15 ਗ੍ਰਾਮ ਚਿੱਟਾ ਮਿਲਿਆ ਸੀ ਜੋ ਉਸ ਨੇ ਕੈਦੀਆਂ ਨੂੰ ਸਪਲਾਈ ਕਰਨਾ ਸੀ। ਇਸੇ ਤਰਾਂ ਹੀ 4 ਮਈ 2025 ਨੂੰ ਏਐਸਆਈ ਗੁਰਪ੍ਰੀਤ ਸਿੰਘ ਨੂੰ ਵੀ 45 ਗ੍ਰਾਮ ਚਿੱਟੇ ਸਮੇਤ ਫੜਿਆ ਗਿਆ ਸੀ।
ਸੁਰੱਖਿਆ ਕਰਮੀਆਂ ਵੱਲੋਂ ਆਪਣੀ ਡਿਊਟੀ ਨਾਲ ਧਰੋਹ ਦਾ ਚਿੰਤਾਜਨਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 23 ਜੁਲਾਈ 2024 ਨੂੰ ਜੇਲ੍ਹ ਦੇ ਹੈਡ ਵਾਰਡਨ ਲਵਪ੍ਰੀਤ ਸਿੰਘ ਨੂੰ ਥਾਣਾ ਕੈਂਟ ਪੁਲਿਸ ਨੇ ਜੇਲ੍ਹ ਦੇ ਅੰਦਰ ਚਿੱਟਾ ਪਹੁੰਚਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ। ਏਦਾਂ ਹੀ 3 ਜਨਵਰੀ 2022 ਨੂੰ ਜੇਲ੍ਹ ਵਾਰਡਨ ਅਮਨਪ੍ਰੀਤ ਸਿੰਘ ਨੂੰ 15 ਗ੍ਰਾਮ ਚਿੱਟੇ ਸਮੇਤ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ। ਪੈਰਾ ਲੀਗਲ ਵਲੰਟੀਅਰ ਸੁਖਚੈਨ ਸਿੰਘ 24 ਅਪ੍ਰੈਲ 2020 ਨੂੰ ਫੜਿਆ ਜਦੋਂ ਉਹ ਕੈਦੀ ਗੁਰਦੀਪ ਸਿੰਘ ਨੂੰ 6 ਮੋਬਾਇਲ ਫੋਨ ਦੇਣ ਜਾ ਰਿਹਾ ਸੀ। ਗੈਂਗਸਟਰ ਨਵੀਨ ਸੈਣੀ ਨੂੰ ਮੋਬਾਇਲ ਫੋਨ ਦੇਣ ਬਦਲੇ 10 ਨਵੰਬਰ 2019 ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਏਐਸਆਈ ਪਵਨ ਕੁਮਾਰ ਅਤੇ ਸਿਪਾਹੀ ਮਨਿੰਦਰਜੀਤ ਸਿੰਘ ਗ੍ਰਿਫਤਾਰ ਹੋਏ ਸਨ ਅਤੇ 22 ਮਈ 2019 ਨੂੰ ਜਾਂਚ ਦੌਰਾਨ ਪੈਸਕੋ ਮੁਲਾਜਮ ਦਰਬਾਰਾ ਸਿੰਘ ਤੋਂ 15 ਗ੍ਰਾਮ ਚਿੱਟਾ ਮਿਲਿਆ ਸੀ।
ਪੈਸਕੋ ਦੇ ਮੁਲਾਜਮ ਪਵਿੱਤਰ ਸਿੰਘ ਤੋਂ 7 ਮਾਰਚ 2019 ਨੂੰ ਮੋਬਾਇਲ ਫੋਨ , ਏਅਰਟੈਲ ਦੇ ਸਿੰਮ ਕਾਰਡ ਅਤੇ ਬੀੜੀਆਂ ਦੇ 8 ਬੰਡਲ ਬਰਾਮਦ ਹੋਏ ਸਨ ਜਦੋਂਕਿ 4 ਫਰਵਰੀ 2019 ਨੂੰ ਸੁਰੱਖਿਆ ਗਾਰਦ ਮੰਗਲ ਸਿੰਘ ਤੋਂ ਨਸ਼ੀਲੀਆਂ ਗੋਲੀਆਂ ਮਿਲੀਆਂ ਸਨ। ਇਸ ਸਿਰਫ ਜੇਲ੍ਹ ਮੁਲਾਜਮਾਂ ਨਾਲ ਜੁੜੇ ਮਾਮਲੇ ਹਨ ਜਦੋਂਕਿ ਮੁਲਾਕਾਤ ਕਰਨ ਮੌਕੇ ਆਪਣੇ ਜਾਣਕਾਰਾਂ ਰਾਹੀਂ ਸਾਜ਼ੋ-ਸਾਮਾਨ ਵਿੱਚ ਨਸ਼ੇ ਲੁਕਾਕੇ ਅੰਦਰ ਲਿਜਾਣ ਦੀਆਂ ਕੋਸ਼ਿਸ਼ਾਂ ਵੀ ਸਾਹਮਣੇ ਆਈਆਂ ਸਨ। ਆਫ ਦਾ ਰਿਕਾਰਡ ਅਧਿਕਾਰੀ ਵੀ ਮੰਨਦੇ ਹਨ ਕਿ ਇਸ ਤਰਾਂ ਦੇ ਮਾਮਲਿਆਂ ’ਚ ਸੁਰੱਖਿਆ ਅਮਲੇ ਦੀ ਕਥਿਤ ਮਿਲੀਭੁਗਤ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸ਼ਨ ਹਰੇਕ ਮਾਮਲੇ ’ਚ ਕੇਸ ਦਰਜ ਕਰਵਾਉਂਦਾ ਹੈ ਅਤੇ ਅਗਲਾ ਕੰਮ ਪੁਲਿਸ ਦਾ ਹੁੰਦਾ ਹੈ ਜਦੋਂਕਿ ਪੁਲਿਸ ਦੀ ਦਲੀਲ ਹੈ ਕਿ ਹਰ ਮਾਮਲੇ ਦੀ ਜਾਂਚ ਮਗਰੋਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ।
ਜੇਲ੍ਹ ’ਚ ਖਤਰਨਾਕ ਗੈਂਗਸਟਰ
ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਬਠਿੰਡਾ ’ਚ ਇਸ ਵਕਤ ਪੰਜਾਬ ਦੇ ਸਭ ਤੋਂ ਵੱਧ ਖਤਰਨਾਕ ਗੈਂਗਸਟਰਾਂ ਅਤੇ ਏ ਕੈਟਾਗਰੀ ਦੇ ਅਪਰਾਧੀਆਂ ਦਾ ਕੇਂਦਰ ਬਣ ਗਈ ਹੈ। ਸੁਰੱਖਿਆ ਦੇ ਨਜ਼ਰੀਏ ਤੋਂ ਸੰਵਦੇਨਸ਼ੀਲ ਮੰਨੀ ਜਾਂਦੀ ਇਸ ਜੇਲ੍ਹ ’ਚ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਦੇ ਗੈਂਗਸਟਰ ਬੰਦ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਕਿਸੇ ਵੀ ਸੁਰੱਖਿਆ ’ਚ ਕੋਤਾਹੀ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
Click to Follow Babushahi Facebook page →