‘ਕੂੜ ਨਾ ਪਹੁੰਚੇ ਸੱਚ ਨੂੰ’ ਪੁਸਤਕ ਲੋਕ ਅਰਪਨ
ਪਟਿਆਲਾ : 15 ਸਤੰਬਰ 2025 : ਡਾ.ਗੁਰਸ਼ਰਨ ਕੌਰ ਜੱਗੀ ਸਾਬਕਾ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰਿੰਸੀਪਲ ਗਰਲਜ਼ ਕਾਲਜ ਪਟਿਆਲਾ ਨੇ ਇੱਕ ਸਮਾਗਮ ਵਿੱਚ ਭਾਈ ਜੈਤੇਗ ਸਿੰਘ ਅਨੰਤ ਵੱਲੋਂ ਸੰਪਾਦਿਤ ਕੀਤੀ ‘ਕੂੜ ਨ ਪਹੁੰਚੇ ਸੱਚ ਨੂੰ’ ਪੰਜਾਬੀ ਤੇ ਅੰਗਰੇਜ਼ੀ ਦੀ ਦੋਭਾਸ਼ੀ ਪੁਸਤਕ ਲੋਕ ਅਰਪਨ ਕੀਤੀ। ਇਸ ਮੌਕੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੁਸਤਕ ਰਾਗਮਾਲਾ ਬਾਰੇ ਸਾਰੇ ਭਰਮ ਭੁਲੇਖੇ ਦੂਰ ਕਰਨ ਦਾ ਉਪਰਾਲਾ ਹੈ। ਉਨ੍ਹਾਂ ਅੱਗੋਂ ਕਿਹਾ ਕਿ ‘ਕੂੜ ਨਾ ਪਹੁੰਚੇ ਸੱਚ ਨੂੰ’ ਪੁਸਤਕ ਗਿਆਨੀ ਗੁਰਦਿਤ ਸਿੰਘ ਦੀ ਖੋਜ ਦਾ ਤੱਥਾਂ ਸਹਿਤ ਸਮਰਥਨ ਕਰਦੀ ਹੈ। ਇਸ ਪੁਸਤਕ ਵਿੱਚ 27 ਪੰਜਾਬੀ ਅਤੇ ਅੰਗਰੇਜ਼ੀ ਦੇ ਵਿਦਵਾਨ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਡਾ.ਰਤਨ ਸਿੰਘ ਜੱਗੀ, ਪ੍ਰੋ.ਪਿਆਰਾ ਸਿੰਘ ਪਦਮ, ਪ੍ਰੋ.ਪ੍ਰੀਤਮ ਸਿੰਘ, ਡਾ.ਮਾਨ ਸਿੰਘ ਨਿਰੰਕਾਰੀ, ਡਾ.ਤਰਲੋਚਨ ਸਿੰਘ ਤਰਸੀ, ਡਾ.ਗੁਰਦੇਵ ਸਿੰਘ, ਡਾ.ਹਰਿੰਦਰ ਸਿੰਘ, ਡਾ.ਪੂਰਨ ਸਿੰਘ, ਭਾਈ ਮੋਹਨ ਸਿੰਘ ਗਾਰਡ, ਨਿਰੰਜਨ ਸਿੰਘ ਸਾਥੀ, ਬੀਬੀ ਹਰਬੰਸ ਕੌਰ ਅਤੇ ਜੁਝਾਰ ਸਿੰਘ ਵੱਲੋਂ ਲਿਖੇ ਲੇਖ ਤੱਥਾਂ ਸਮੇਤ ਸ਼ਾਮਲ ਕੀਤੇ ਗਏ ਹਨ। ਇਹ ਪੁਸਤਕ ਭਾਈ ਸਾਹਿਬ ਭਾਈ ਰਣਧੀਰ ਟਰੱਸਟ ਯੂ.ਕੇ.ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸ ਮੌਕੇ ਤੇ ਪਰਿਚਰਚਾ ਵਿੱਚ ਪ੍ਰਿੰਸੀਪਲ ਡਾ.ਐਸ.ਐਸ.ਰੇਖੀ, ਪ੍ਰੋ.ਹਰਿੰਦਰ ਕੌਰ, ਦਲਜੀਤ ਸਿੰਘ ਸਾਬਕਾ ਆਈ.ਜੀ. ਸੀ.ਆਰ.ਪੀ.ਐਫ਼ ਅਤੇ ਹਰਪਾਲ ਕੌਰ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਪੰਜਾਬ ਚੈਪਟਰ ਦੇ ਇਨਚਾਰਜ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਅਤੇ ਜੋਤਿੰਦਰ ਸਿੰਘ ਸਾਬਕਾ ਇੰਜਿਨੀਅਰ ਇਨ ਚੀਫ਼ ਨੇ ਆਏ ਮਹਿਮਾਨਾਂ ਦਾ ਕਰਮਵਾਰ ਸਵਾਗਤ ਅਤੇ ਧੰਨਵਾਦ ਕੀਤਾ। ਇਹ ਪੁਸਤਕ ਡਾ.ਰਤਨ ਸਿੰਘ ਜੱਗੀ ਨੇ ਲੋਕ ਅਰਪਨ ਕਰਨੀ ਸੀ, ਪ੍ਰੰਤੂ ਉਨ੍ਹਾਂ ਦੇ ਅਚਾਨਕ ਸਵਰਗਵਾਸ ਹੋਣ ਕਰਕੇ ਸੰਭਵ ਨਹੀਂ ਹੋਇਆ। ਇਸ ਕਰਕੇ ਇਹ ਪੁਸਤਕ ਉਨ੍ਹਾਂ ਦੇ ਗ੍ਰਹਿ ਅਰਬਨ ਅਸਟੇਟ ਪਟਿਆਲਾ ਵਿਖੇ ਲੋਕ ਅਰਪਨ ਕੀਤੀ ਗਈ ਹੈ।
ਤਸਵੀਰ; ਡਾ.ਹਰਸ਼ਰਨ ਕੌਰ ਜੱਗੀ ਪੁਸਤਕ ਲੋਕ ਅਰਪਨ ਕਰਦੇ ਹੋਏ। ਉਨ੍ਹਾਂ ਪ੍ਰਿੰਸੀਪਲ ਡਾ.ਐਸ.ਐਸ.ਰੇਖੀ, ਉਜਾਗਰ ਸਿੰਘ ਤੇ ਹੋਰ ਵਿਦਵਾਨ ਖੜ੍ਹੇ ਹਨ।