ਹੜ੍ਹਾਂ ਦੀ ਮਾਰ: ਗੁਰਦਾਸਪੁਰ 'ਚ 343 ਪਟਵਾਰੀ ਵਿਸ਼ੇਸ਼ ਗਿਰਦਾਵਰੀ ਲਈ ਲਾਏ- ਵਿਧਾਇਕ ਰੰਧਾਵਾ
ਜ਼ਮੀਨ ਦੀ ਗਿਰਦਾਵਰੀ ਕਰਨ ਸਮੇਂ ਮਾਲ ਅਧਿਕਾਰੀ ਜ਼ਿੰਮੇਵਾਰੀ ਨਾਲ ਕੰਮ ਕਰਨ- ਵਿਧਾਇਕ ਰੰਧਾਵਾ
ਜ਼ਿਲ੍ਹਾ ਗੁਰਦਾਸਪੁਰ 343 ਪਟਵਾਰੀ ਵਿਸ਼ੇਸ਼ ਗਿਰਦਾਵਰੀ ਉੱਪਰ ਲੱਗੇ - ਰੰਧਾਵਾ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ, 17 ਸਤੰਬਰ 2025- ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਦਾ ਕੰਮ ਲਗਾਤਾਰ ਜਾਰੀ ਹੈ। ਮਾਲ ਅਧਿਕਾਰੀ ਗਿਰਦਾਵਰੀ ਕਰਨ ਸਮੇਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਇਸ ਦੇ ਅਧਾਰ ਤੇ ਹੀ ਸਮੁੱਚੇ ਵੇਰਵੇ ਇਕੱਤਰਿਤ ਕਰਕੇ ਸੂਚਨਾ ਸਰਕਾਰ ਤੱਕ ਪਹੁੰਚਦੀ ਹੈ।
ਇਹ ਪ੍ਰਗਟਾਵਾ ਕਰਦਿਆਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਕੁੱਲ 2167 ਪਟਵਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 343 ਪਟਵਾਰੀ ਵਿਸ਼ੇਸ਼ ਗਿਰਦਾਵਰੀ ਉੱਪਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਲਈ ਤਾਇਨਾਤ ਟੀਮਾਂ ਪਿੰਡ-ਪਿੰਡ ਜਾ ਕੇ ਖੇਤਾਂ ਦਾ ਨਿਰੀਖਣ ਕਰ ਰਹੀਆਂ ਹਨ ਅਤੇ ਫ਼ਸਲਾਂ ਤੇ ਘਰਾਂ ਦੇ ਨੁਕਸਾਨ ਅਤੇ ਪਸੂਆਂ ਦੀ ਮੌਤ ਬਾਰੇ ਵੀ ਰਿਪੋਰਟਾਂ ਤਿਆਰ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਰਿਕਾਰਡ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ, ਮਾਲ ਵਿਭਾਗ ਦੇ ਅਧਿਕਾਰੀਆਂ, ਪਟਵਾਰੀ ਤੇ ਕਾਨੂੰਗੋ ਵੱਲੋਂ ਇਹ ਸਮੁੱਚਾ ਰਿਕਾਰਡ ਬਹੁਤ ਹੀ ਜ਼ਿੰਮੇਵਾਰੀ ਨਾਲ ਤਿਆਰ ਕੀਤਾ ਜਾਵੇ, ਕਿਉਂਕਿ ਇਸੇ ਅਧਾਰ ਤੇ ਸਰਕਾਰ ਲੋਕ ਹਿਤ ਦੇ ਫ਼ੈਸਲੇ ਕਰਦੀ ਹੈ।
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਲੋਕ ਨਿਰਮਾਣ ਵਿਭਾਗ, ਸਿੱਖਿਆ ਵਿਭਾਗ, ਆਂਗਨਵਾੜੀ ਤੇ ਹੋਰ ਵੱਖ ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੋ ਵੀ ਨੁਕਸਾਨ ਹੋਇਆ ਹੈ ਉਨ੍ਹਾਂ ਦੇ ਵੇਰਵੇ ਜਲਦੀ ਤੋ ਜਲਦੀ ਦਿੱਤੇ ਜਾਣ ਤਾਂ ਜੋ ਇਨ੍ਹਾਂ ਕੰਮਾਂ ਵਿਚ ਕਿਸੇ ਵੀ ਤਰਾਂ ਦੀ ਦੇਰੀ ਨਾ ਹੋਵੇ।
ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਅਤੇ ਵਸਨੀਕਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਇਤਰਾਜ਼, ਜੇ ਕੋਈ ਹੈ, ਉਠਾਉਣ ਦਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਸੁਧਾਰ ਲਈ ਬਿਨਾਂ ਕਿਸੇ ਦੇਰੀ ਦੇ ਕਦਮ ਚੁੱਕੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਲਈ ਪ੍ਰਤੀ ਏਕੜ 20,000 ਰੁਪਏ, ਜਿਨ੍ਹਾਂ ਪਰਿਵਾਰਾਂ ਦੇ ਘਰ ਢਹਿ ਗਏ ਹਨ ਉਨ੍ਹਾਂ ਨੂੰ 1,20,000 ਰੁਪਏ ਅਤੇ ਅੰਸ਼ਕ ਤੌਰ 'ਤੇ ਨੁਕਸਾਨੇ ਗਏ ਘਰਾਂ ਨੂੰ 40,000 ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਪਸੂਆਂ ਦੇ ਨੁਕਸਾਨ ਦਾ ਵੀ ਪ੍ਰਵਾਨਿਤ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਵਿੱਚ ਗਾਵਾਂ ਜਾਂ ਮੱਝਾਂ ਲਈ 37,500 ਰੁਪਏ ਅਤੇ ਬੱਕਰੀਆਂ ਲਈ 4,000 ਰੁਪਏ ਸ਼ਾਮਲ ਹਨ।