ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਵੱਲੋਂ ਬਣਾਂਵਾਲਾ ਥਰਮਲ ਪਲਾਂਟ ਖਿਲਾਫ ਧਰਨੇ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ 2026 :ਸੰਘਰਸ਼ ਕਮੇਟੀ ਤਲਵੰਡੀ ਅਕਲੀਆ(ਤਲਵੰਡੀ ਸਾਬੋ ਮੋਰਚਾ) ਦੇ ਅਹੁਦੇਦਾਰ ਅਤੇ ਮੈਂਬਰ ਟੀਐਸਪੀਲ (TSPL) ਤਲਵੰਡੀ ਸਾਬੋ ਪਾਵਰ ਲਿਮਟਿਡ(ਥਰਮਲ ਪਲਾਂਟ ਬਣਾਂਵਾਲਾ) ਦੇ ਅਧਿਕਾਰੀਆ ਨੂੰ ਮਿਲੇ ਅਤੇ ਉਨ੍ਹਾਂ ਤੋਂ ਕੁਝ ਦਿਨ ਪਹਿਲਾਂ ਮੰਗੀ ਗਈ ਜਾਣਕਾਰੀ ਮੁਹਈਆ ਕਰਵਾਉਣ ਦੀ ਮੰਗ ਕੀਤੀ। ਇੱਕ ਪ੍ਰੈਸ ਬਿਆਨ ਰਾਹੀਂ ਆਗੂਆਂ ਨੇ ਕਿਹਾ ਕਿ ਥਰਮਲ ਦੇ ਅਧਿਕਾਰੀ ਪਿਛਲੇ ਤਿੰਨ ਮਹੀਨਿਆ ਤੋਂ ਲਾਰੇ-ਲਪੇ ਲਗਾ ਕੇ ਡੰਗ ਟਪਾ ਰਹੇ ਹਨ ਜਿਸ ਕਰਕੇ ਧਰਨਾ ਲਾਉਣਾ ਹੁਣ ਲੋਕਾਂ ਦੀ ਮਜਬੂਰੀ ਬਣ ਗਿਆ ਹੈ। ਆਗੂਆਂ ਨੇ ਕਿਹਾ ਕਿ ਥਰਮਲ ਪਲਾਂਟ ਬਣਾਂਵਾਲਾ ਵੱਲੋਂ ਵਿਛਾਈ ਗਈ ਨਿਜੀ ਰੇਲਵੇ ਲਾਇਨ ਹੇਠੋਂ ਜੋ ਵੀ ਤਲਵੰਡੀ ਅਕਲੀਆ ਦੇ ਰਕਬੇ ਦੀ ਸਿੰਚਾਈ ਲਈ ਪਕੇ ਖਾਲ ਲੰਘਦੇ ਹਨ, ਉਹਨਾਂ ਸਭ ਦੀਆ ਪੁਲੀਆਂ ਲੈਂਡਸਾਇਡ ਹੋਣ ਕਰਕੇ ਭਰ ਗਈਆ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਮੇਂ ਸਮੇਂ ਤੇ ਸਫਾਈ ਕਰਨਾ ਥਰਮਲ ਪਲਾਂਟ ਦੀ ਜਿੰਮੇਵਾਰੀ ਹੈ ਜਿਸਨੂੰ 2011 ਤੋਂ ਹੀ ਥਰਮਲ ਦੇ ਅਧਿਕਾਰੀ ਅਣਗੌਲਿਆ ਕਰਦੇ ਆ ਰਹੇ ਹਨ ।ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੇ ਆਲੇ ਦੁਆਲੇ ਦੇ ਘੇਰੇ ਲਗਭਗ 15 ਕਿਲੋਮੀਟਰ ਦਾ ਪਿਛਲੇ ਤਿੰਨ ਮਹੀਨਿਆਂ ਦੀ ਏਅਰ ਇੰਡੇਕਸ ਕੁਆਲਿਟੀ(ਹਵਾ ਪ੍ਰਦੂਸ਼ਣ) ਦਾ ਵੇਰਵਾ ਚਾਰਟ ਜਨਤਕ ਕਰਨਾ ਥਰਮਲ ਦਾ ਫਰਜ ਹੈ, ਜਿਸਨੂੰ ਪਹਿਲੇ ਦਿਨ ਤੋਂ ਹੀ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਲਾਂਟ ਵਲੋਂ ਹਰ ਰੋਜ ਹਵਾ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਹੋਰ ਵੀ ਕਈ ਪ੍ਰਕਾਰ ਦਾ ਰਿਕਾਰਡ ਮੁਹਈਆ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਲਦੀ ਹੀ ਧਰਨਾ ਲਾਇਆ ਜਾਏਗਾ ।
Click to Follow Babushahi Facebook page →