ਸੀਪੀਆਰ ਜਾਗਰੂਕਤਾ ਹਫਤੇ ਤਹਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਤੋਂ ਪ੍ਰੋਗਰਾਮ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 16 ਅਕਤੂਬਰ 2025 : ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਮਿਤੀ 13 ਤੋਂ 17 ਅਕਤੂਬਰ,2025 ਤੱਕ ਦੇਸ਼ ਭਰ ਵਿੱਚ ਸੀਪੀਆਰ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਦਾ ਮੰਤਵ ਸਿਹਤ ਕਰਮਚਾਰੀਆਂ, ਵਿਦਿਆਰਥੀਆਂ, ਸੁਰੱਖਿਆ ਫੋਰਸਾਂ ਅਤੇ ਆਮ ਜਨਤਾ ਨੂੰ ਜੀਵਨ ਬਚਾਓ ਵਿਧੀ ਸੀ.ਪੀ. ਆਰ. ਦੀ ਟ੍ਰੇਨਿੰਗ ਅਤੇ ਉਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਫੁੱਲੋ ਖਾਰੀ ਦੇ ਫੈਕਟਰੀ ਵਰਕਰਾਂ ਨੂੰ ਹੈਂਡਜ ਓਨਲੀ ਸੀਪੀਆਰ ਦੀ ਟਰੇਨਿੰਗ ਦੇ ਕੇ ਕੀਤੀ ਗਈ ।ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਨੇ ਵਰਕਰਾਂ ਨੂੰ ਕੰਪਰੈਸ਼ਨ ਓਨਲੀ ਸੀਪੀਆਰ ਕਰਵਾਈ। ਉਹਨਾਂ ਦੱਸਿਆ ਕਿ ਜਿਸ ਵਿਅਕਤੀ ਨੇ ਫਸਟ ਏਡ ਦੀ ਰਸਮੀਂ ਟਰੇਨਿੰਗ ਨਾ ਵੀ ਲਈ ਹੋਵੇ ਉਹ ਕਾਰਡੀਅਕ ਐਮਰਜੰਸੀ ਦੌਰਾਨ ਕਿਸੇ ਦੀ ਛਾਤੀ ਨੂੰ ਦਬਾਉਣ ਵਾਲੀ ਹੈਂਡਜ ਓਨਲੀ ਸੀਪੀਆਰ ਦੇ ਕੇ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ। ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਸੀਪੀਆਰ ਅਵੈਅਰਨੈਸ ਵੀਕ ਦੌਰਾਨ ਵਿਦਿਆਰਥੀਆਂ ਨੂੰ ਵੀ ਵੱਡੇ ਪੱਧਰ ਤੇ ਇਹ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।