ਸਪੀਡ ਰਿਕਾਰਡਸ ਦੇ ਮਾਲਕ ਦੇ ਪੁੱਤਰ ਸਣੇ 2 ਦੀ ਸੜਕ ਹਾਦਸੇ ਵਿਚ ਮੌਤ
ਬਾਬੂਸ਼ਾਹੀ ਬਿਊਰੋ
ਜਲੰਧਰ, 1 ਨਵੰਬਰ, 2026 : ਜਲੰਧਰ ਦੇ ਪੁਲਿਸ ਲਾਈਨਜ਼ ਨੇੜੇ ਫਲਾਈਓਵਰ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਦਿਤ ਓਲਕ (18) ਪੁੱਤਰ ਦਿਨੇਸ਼ ਓਲਕ (ਮਾਲਕ, ਸਪੀਡ ਰਿਕਾਰਡਸ) ਅਤੇ ਆਰਵ ਤਲਵਾਰ (19) ਪੁੱਤਰ ਪੱਪੀ ਸਵੀਟਸ ਵਜੋਂ ਹੋਈ ਹੈ, ਜੋ ਕਿ ਜਲੰਧਰ ਦੀ ਸੇਠ ਹੁਕਮਚੰਦ ਕਲੋਨੀ ਦੇ ਰਹਿਣ ਵਾਲੇ ਸਨ। ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਦੁੱਖ ਪ੍ਰਗਟ ਕੀਤਾ ਹੈ ਅਤੇ ਲਿਖਿਆ ਹੈ ਕਿ ਉਨ੍ਹਾਂ ਨੇ ਆਪਣਾ ਭਤੀਜਾ ਗੁਆ ਦਿੱਤਾ ਹੈ।
ਪਰਿਵਾਰਕ ਸੂਤਰਾਂ ਅਤੇ ਪੁਲਿਸ ਮੁਤਾਬਕ ਇਹ ਨੌਜਵਾਨ ਕਿਸੇ ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਏਪੀਜੇ ਕਾਲਜ ਨੇੜੇ ਚੰਡੀਗੜ੍ਹ ਤੋਂ ਆਏ ਕੁਝ ਦੋਸਤਾਂ ਦੀ ਥਾਰ (Thar) ਅਤੇ ਸਕੋਡਾ (Skoda) ਕਾਰਾਂ ਨਾਲ ਉਨ੍ਹਾਂ ਦੀ ਵੋਲਕਸਵੈਗਨ (Volkswagen) ਕਾਰ ਦੀ ਸਪੀਡ ਰੇਸ ਸ਼ੁਰੂ ਹੋ ਗਈ।
ਰੇਸਿੰਗ ਦੌਰਾਨ ਤੇਜ਼ ਰਫ਼ਤਾਰ ਵੋਲਕਸਵੈਗਨ ਕਾਰ ਫਲਾਈਓਵਰ 'ਤੇ ਸਫ਼ਾਈ ਕਰ ਰਹੇ ਨਗਰ ਨਿਗਮ ਦੇ ਕਰਮਚਾਰੀਆਂ ਦੀ ਖੜ੍ਹੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਸਾਥੀਆਂ ਦੀ ਬਹਿਸ ਟਰੈਕਟਰ-ਟਰਾਲੀ ਵਾਲੇ ਨਾਲ ਹੋਈ, ਜਿਸ ਤੋਂ ਬਾਅਦ ਥਾਰ ਅਤੇ ਸਕੋਡਾ ਵਿੱਚ ਸਵਾਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।
ਬਾਰਾਦਰੀ ਥਾਣੇ ਦੇ ਐਸਐਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 3 ਵਜੇ ਹਾਦਸੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- Download Babushahi App
-
-