ਲੁਧਿਆਣਾ ਵਾਲਿਓ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਸੁਖਮਿੰਦਰ ਭੰਗੂ
ਲੁਧਿਆਣਾ, 06 ਨਵੰਬਰ 2025 : ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਮਾਰਕੀਟਾਂ ਅਤੇ ਜਨਤਕ ਥਾਵਾਂ 'ਤੇ ਗਲਤ ਅਤੇ ਗੈਰ-ਕਾਨੂੰਨੀ ਪਾਰਕਿੰਗ ਦੇ ਖ਼ਿਲਾਫ਼ ਖ਼ਾਸ ਡਰਾਈਵ ਚਲਾਈ ਗਈ ਹੈ। ਇਸ ਮੁਹਿੰਮ ਦਾ ਮਕਸਦ ਟਰੈਫਿਕ ਜਾਮ ਘਟਾਉਣਾ, ਵਾਹਨਾਂ ਦੀ ਆਵਾਜਾਈ ਸੁਚੱਜੀ ਬਣਾਉਣਾ ਅਤੇ ਨਗਰ ਨਿਵਾਸੀਆਂ ਵਿੱਚ ਸ਼ਹਿਰੀ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਮੁਹਿੰਮ ਕਮਿਸ਼ਨਰ ਆਫ਼ ਪੁਲਿਸ, ਲੁਧਿਆਣਾ, ਸਵਪਨ ਸ਼ਰਮਾ (ਆਈ.ਪੀ.ਐਸ.) ਅਤੇ ਏ.ਡੀ.ਸੀ.ਪੀ. ਟਰੈਫਿਕ, ਗੁਰਪ੍ਰੀਤ ਕੌਰ ਪੁਰੇਵਾਲ (ਪੀ.ਪੀ.ਐਸ.) ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਨਿੱਜੀ ਦੇਖਭਾਲ ਏ.ਸੀ.ਪੀ. ਟਰੈਫਿਕ। ਜਤਿਨ ਬਾਂਸਲ ਅਤੇ ਏ.ਸੀ.ਪੀ. ਟਰੈਫਿਕ ਗੁਰਦੇਵ ਸਿੰਘ ਕਰ ਰਹੇ ਹਨ।
ਇਸ ਖ਼ਾਸ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿੱਚ 500 ਤੋਂ ਵੱਧ ਚਲਾਨ ਜਾਰੀ ਕੀਤੇ ਗਏ ਹਨ। ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਅਭਿਆਨ ਵੀ ਚਲਾਇਆ ਜਾ ਰਿਹਾ ਹੈ, ਤਾਂ ਜੋ ਉਹ ਸਹੀ ਥਾਵਾਂ 'ਤੇ ਵਾਹਨ ਪਾਰਕ ਕਰਨ ਅਤੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ।
ਕਮਿਸ਼ਨਰ ਆਫ ਪੁਲਿਸ, ਲੁਧਿਆਣਾ, ਸਵਪਨ ਸ਼ਰਮਾ (ਆਈ.ਪੀ.ਐਸ.) ਨੇ ਕਿਹਾ ਕਿ ਗਲਤ ਪਾਰਕਿੰਗ ਨਾਲ ਨਾ ਸਿਰਫ਼ ਟਰੈਫਿਕ ਜਾਮ ਬਣਦਾ ਹੈ ਸਗੋਂ ਇਹ ਸੁਰੱਖਿਆ ਲਈ ਵੀ ਖ਼ਤਰਾ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਪੁਲਿਸ ਦਾ ਮਕਸਦ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਕਰਨਾ ਅਤੇ ਲੋਕਾਂ ਵਿੱਚ ਜ਼ਿੰਮੇਵਾਰੀ ਦਾ ਭਾਵ ਪੈਦਾ ਕਰਨਾ ਹੈ।
ਲੁਧਿਆਣਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨ ਸਿਰਫ਼ ਨਿਰਧਾਰਤ ਥਾਵਾਂ 'ਤੇ ਹੀ ਪਾਰਕ ਕਰਨ ਅਤੇ ਸ਼ਹਿਰ ਦੀਆਂ ਸੜਕਾਂ ਨੂੰ ਸੁਰੱਖਿਅਤ ਤੇ ਖੁੱਲ੍ਹਾ ਰੱਖਣ ਵਿੱਚ ਸਹਿਯੋਗ ਦੇਣ।