ਰਣਜੀਤ ਸਿੰਘ ਪੁਲਿਸ ਮੁਕਾਬਲਾ ਮਾਮਲਾ: ਗੁਰਦਾਸਪੁਰ ਅਦਾਲਤ ਸਖ਼ਤ; ਥਾਣੇਦਾਰ ਤੋਂ ਮੰਗੀ ਰਿਪੋਰਟ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਮ੍ਰਿਤਕ ਦੀ ਮਾਤਾ ਸੁਖਜਿੰਦਰ ਕੌਰ ਨੇ ਅਦਾਲਤ ਦਾ ਖੜਕਾਇਆ ਬੂਹਾ; PGI ਤੋਂ ਪੋਸਟਮਾਰਟਮ ਅਤੇ ਪੁਲਿਸ ਅਧਿਕਾਰੀਆਂ ਦੇ ਕਾਲ ਰਿਕਾਰਡ ਸੀਲ ਕਰਨ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ, 1 ਮਾਰਚ 2026- ਗੁਰਦਾਸਪੁਰ ਵਿੱਚ ਹੋਏ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਰਣਜੀਤ ਸਿੰਘ (ਪਿੰਡ ਆਦੀ) ਦਾ ਮਾਮਲਾ ਹੁਣ ਕਾਨੂੰਨੀ ਪੇਚੀਦਗੀਆਂ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਗੁਰਦਾਸਪੁਰ ਦੇ ਨਿਆਂਇਕ ਮੈਜਿਸਟਰੇਟ ਦੀ ਅਦਾਲਤ ਨੇ ਮ੍ਰਿਤਕ ਦੀ ਮਾਤਾ ਸੁਖਜਿੰਦਰ ਕੌਰ ਵੱਲੋਂ ਦਾਇਰ ਅਰਜ਼ੀ 'ਤੇ ਸੁਣਵਾਈ ਕਰਦਿਆਂ ਪੁਰਾਣਾ ਸ਼ਾਲਾ ਦੇ ਥਾਣੇਦਾਰ ਤੋਂ ਇਸ ਮੁਕਾਬਲੇ ਸਬੰਧੀ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ।
ਸੁਖਜਿੰਦਰ ਕੌਰ ਵੱਲੋਂ ਪੇਸ਼ ਕੀਤੀ ਗਈ ਅਰਜ਼ੀ ਵਿੱਚ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਰਣਜੀਤ ਸਿੰਘ ਦਾ ਪੋਸਟਮਾਰਟਮ PGI ਚੰਡੀਗੜ੍ਹ ਜਾਂ ਕਿਸੇ ਸਰਕਾਰੀ ਮੈਡੀਕਲ ਕਾਲਜ ਦੇ ਮੈਡੀਕਲ ਬੋਰਡ ਰਾਹੀਂ ਕਰਵਾਉਣ ਅਤੇ ਇਸ ਦੀ ਪੂਰੀ ਵੀਡੀਓਗ੍ਰਾਫੀ ਕਰਨ ਦੀ ਮੰਗ ਕੀਤੀ ਗਈ ਹੈ। CIA ਇੰਚਾਰਜ ਗੁਰਮੀਤ ਸਿੰਘ ਅਤੇ ਹੋਰ ਮੁਲਾਜ਼ਮਾਂ ਨੂੰ ਲੱਗੀਆਂ ਕਥਿਤ ਗੋਲੀਆਂ ਦੇ ਜ਼ਖ਼ਮਾਂ ਦੀ ਸੱਚਾਈ ਪਰਖਣ ਲਈ ਇੱਕ ਸੁਤੰਤਰ ਮੈਡੀਕਲ ਬੋਰਡ ਬਣਾਉਣ ਦੀ ਅਪੀਲ ਕੀਤੀ ਗਈ ਹੈ।
ਗੋਲੀਬਾਰੀ ਦੇ ਰਸਤੇ (Bullet Trajectory) ਅਤੇ ਗੰਨਸ਼ਾਟ ਰੈਜ਼ੀਡਿਊ (GSR) ਟੈਸਟ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਸੁਖਜਿੰਦਰ ਕੌਰ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸਬੂਤਾਂ ਨਾਲ ਛੇੜਛਾੜ ਤੋਂ ਰੋਕਣ ਲਈ SSP ਗੁਰਦਾਸਪੁਰ, ਦੋਰਾਂਗਲਾ ਤੇ ਬਹਿਰਾਮਪੁਰ ਦੇ SHO, ਅਤੇ CIA ਇੰਚਾਰਜ ਦੇ ਕਾਲ ਡਿਟੇਲ ਰਿਕਾਰਡ (CDR) ਅਤੇ ਲੋਕੇਸ਼ਨ ਡਾਟਾ ਰਿਕਾਰਡ ਤੁਰੰਤ ਸੀਲ ਕੀਤੇ ਜਾਣ। ਮ੍ਰਿਤਕ ਦੇ ਪਿੰਡ ਅਤੇ ਇਲਾਕੇ ਦੀਆਂ ਸਾਰੀਆਂ ਸੀਸੀਟੀਵੀ ਫੁਟੇਜ ਅਤੇ DVR ਪੁਲਿਸ ਕਬਜ਼ੇ ਵਿੱਚ ਲਵੇ। ਬਰਾਮਦ ਕੀਤੇ ਹਥਿਆਰ, ਮ੍ਰਿਤਕ ਦੇ ਕੱਪੜੇ ਅਤੇ ਵਿਸੇਰਾ ਦੇ ਨਮੂਨੇ ਸੁਰੱਖਿਅਤ ਰੱਖੇ ਜਾਣ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 196 ਤਹਿਤ ਰਸਮੀ ਨਿਆਂਇਕ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਗਈ।
ਪਰਿਵਾਰ ਨੇ ਮੰਗ ਕੀਤੀ ਹੈ ਕਿ ਇਹ ਜਾਂਚ PUCL ਬਨਾਮ ਮਹਾਰਾਸ਼ਟਰ ਰਾਜ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਗਏ 16 ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਵੇ। ਅਰਜ਼ੀ ਵਿੱਚ ਗੰਭੀਰ ਦੋਸ਼ ਲਾਇਆ ਗਿਆ ਹੈ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਪਰਿਵਾਰ 'ਤੇ ਜਲਦੀ ਅੰਤਿਮ ਸਸਕਾਰ ਕਰਨ ਅਤੇ ਕਾਨੂੰਨੀ ਕਾਰਵਾਈ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਪਰਿਵਾਰ ਨੇ ਸੰਵਿਧਾਨ ਦੀ ਧਾਰਾ 21 ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇ ਮਾਣ-ਸਨਮਾਨ ਅਤੇ ਨਿਰਪੱਖ ਸੁਣਵਾਈ ਦੇ ਅਧਿਕਾਰ ਦੀ ਰੱਖਿਆ ਦੀ ਮੰਗ ਕੀਤੀ ਹੈ।
Click to Follow Babushahi Facebook page →