ਰਘਵੀਰ ਸਿੰਘ ਉਰਫ ਲੱਕੀ ਕਤਲ ਮਾਮਲੇ ’ਚ ਪੁਲਿਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ
ਹਥੌੜਾ ਤੇ ਮ੍ਰਿਤਕ ਦਾ ਮੋਬਾਈਲ ਫੋਨ ਬਰਾਮਦ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2026:ਥਾਣਾ ਕੈਨਾਲ ਕਲੋਨੀ ਪੁਲੀਸ ਨੇ ਭਾਈ ਰਘਵੀਰ ਸਿੰਘ ਉਰਫ਼ ਲੱਕੀ ਦੇ ਕਥਿਤ ਕਤਲ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਹਥੌੜਾ ਅਤੇ ਮ੍ਰਿਤਕ ਦਾ ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਕਿਰਨਦੀਪ ਸਿੰਘ ਵਾਸੀ ਬਹਿਮਣ ਦੀਵਾਨਾ (ਜ਼ਿਲ੍ਹਾ ਬਠਿੰਡਾ) ਅਤੇ ਸੋਨੀ ਸਿੰਘ ਵਾਸੀ ਬਹਿਮਣ ਦੀਵਾਨਾ, ਹਾਲ ਆਬਾਦ ਪਿੰਡ ਬੱਲੂਆਣਾ (ਜ਼ਿਲ੍ਹਾ ਬਠਿੰਡਾ) ਵਜੋਂ ਹੋਈ ਹੈ।ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 12 ਸਤੰਬਰ ਨੂੰ ਭਾਈ ਰਘਵੀਰ ਸਿੰਘ ਆਪਣੇ ਕਿਰਾਏ ਦੇ ਮਕਾਨ ਵਿੱਚ ਮੌਜੂਦ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਮਕਾਨ ਵਿੱਚ ਦਾਖ਼ਲ ਹੋ ਕੇ ਉਸ ਦੀ ਗੰਭੀਰ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਕੈਨਾਲ ਕਲੋਨੀ ਵਿੱਚ 13 ਸਤੰਬਰ ਨੂੰ ਮੁਕੱਦਮਾ ਨੰਬਰ 272 ਅਧੀਨ ਧਾਰਾ 103 ਅਤੇ 3(5) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੁਲੀਸ ਅਨੁਸਾਰ ਜਾਂਚ ਦੌਰਾਨ ਮੁਦਈ ਰਵਿੰਦਰ ਕੌਰ ਨੇ 17 ਸਤੰਬਰ ਨੂੰ ਆਪਣੇ ਤਫ਼ਤੀਸ਼ੀ ਬਿਆਨ ਦਰਜ ਕਰਵਾਏ। ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਕਿਰਨਦੀਪ ਸਿੰਘ ਅਤੇ ਸੋਨੀ ਸਿੰਘ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਧਾਰਾ 61(2) ਬੀਐੱਨਐੱਸ ਅਤੇ ਧਾਰਾ 3(5) ਬੀਐੱਨਐੱਸ ਦਾ ਵਾਧਾ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ 18 ਸਤੰਬਰ ਨੂੰ ਦੋਵਾਂ ਮੁਲਜ਼ਮਾਂ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰ ਲਿਆ ਗਿਆ। ਵਾਰਦਾਤ ਵਾਲੀ ਥਾਂ ਤੋਂ ਹਥੌੜਾ ਅਤੇ ਮ੍ਰਿਤਕ ਦਾ ਮੋਬਾਈਲ ਫੋਨ ਵੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਮੁਲਜ਼ਮ ਕਿਰਨਦੀਪ ਸਿੰਘ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਉਸ ਦੀ ਮ੍ਰਿਤਕ ਰਘਵੀਰ ਸਿੰਘ ਨਾਲ ਜਾਣ-ਪਛਾਣ ਸੀ।
ਪੁਲੀਸ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ। ਕਿਰਨਦੀਪ ਸਿੰਘ ਪਹਿਲਾਂ ਸੋਨੀ ਸਿੰਘ ਨਾਲ ਰਹਿੰਦਾ ਸੀ, ਪਰ ਬਾਅਦ ਵਿੱਚ ਸੋਨੀ ਸਿੰਘ ਨੂੰ ਛੱਡ ਕੇ ਰਘਵੀਰ ਸਿੰਘ ਨਾਲ ਰਹਿਣ ਲੱਗ ਪਿਆ ਸੀ। ਇਸ ਕਾਰਨ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ।
ਪੁਲੀਸ ਅਨੁਸਾਰ ਕਿਰਨਦੀਪ ਸਿੰਘ ਅਤੇ ਸੋਨੀ ਸਿੰਘ ਨੇ ਕਥਿਤ ਤੌਰ ’ਤੇ ਇਕੱਠੇ ਹੋ ਕੇ ਰਘਵੀਰ ਸਿੰਘ ’ਤੇ ਹਮਲਾ ਕੀਤਾ ਅਤੇ 12 ਸਤੰਬਰ ਨੂੰ ਸੋਨੀ ਸਿੰਘ ਵੱਲੋਂ ਉਸ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ।
- Download Babushahi App
-
-