ਮਾਘੀ ਮੇਲੇ 'ਤੇ ਸਿਆਸੀ ਕਾਨਫਰੰਸ: ਸੁਨੀਲ ਜਾਖੜ ਦਾ ਸਰਕਾਰ 'ਤੇ ਤਿੱਖਾ ਹਮਲਾ; ਕਿਹਾ- "ਗੁਰੂ ਸਾਹਿਬ ਅੱਗੇ ਗਲਤੀ ਮੰਨ ਲੈਂਦੇ ਤਾਂ ਸ਼ਾਇਦ ਪੰਜਾਬੀ ਮਾਫ਼ ਕਰ ਦਿੰਦੇ"
ਸ੍ਰੀ ਮੁਕਤਸਰ ਸਾਹਿਬ , 14 ਜਨਵਰੀ 2026: ਮਾਘੀ ਦੇ ਪਵਿੱਤਰ ਦਿਹਾੜੇ 'ਤੇ ਸਿਆਸੀ ਕਾਨਫਰੰਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੀ ਸਾਬਕਾ ਸੀਐੱਮ ਆਤਿਸ਼ੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਜਾਖੜ ਨੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ 'ਕਾਲੇ ਦਿਨਾਂ' ਨਾਲ ਤੁਲਨਾਉਂਦਿਆਂ ਕਿਹਾ ਕਿ ਅੱਜ ਪੰਜਾਬ ਦੀ ਸਰਦਾਰੀ ਅਤੇ ਪੱਗ ਦੀ ਲਾਜ ਖ਼ਤਰੇ ਵਿੱਚ ਹੈ।
ਜਾਖੜ ਨੇ ਕਿਹਾ, "ਗੁਰੂ ਬਖਸ਼ਣਹਾਰ ਹੈ। ਜੇ ਭਗਵੰਤ ਮਾਨ ਜੀ ਤੁਸੀਂ ਆਪਣੀ ਗਲਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਮੰਨ ਲੈਂਦੇ ਅਤੇ ਮਾਫ਼ੀ ਮੰਗ ਲੈਂਦੇ ਤਾਂ ਪੰਜਾਬੀ ਦਿਲ ਦੇ ਬਹੁਤ ਵੱਡੇ ਹਨ, ਉਹ ਸ਼ਾਇਦ ਮਾਫ਼ ਕਰ ਦਿੰਦੇ। ਪਰ ਤੁਸੀਂ 'ਸੀਨਾ ਚੋਰੀ' ਕਰ ਰਹੇ ਹੋ।" ਉਨ੍ਹਾਂ ਕਿਹਾ ਕਿ ਆਤਿਸ਼ੀ ਨੇ ਸਦਨ ਵਿੱਚ ਸਿੱਖ ਵਿਰੋਧੀ ਭਾਸ਼ਣ ਦੇ ਕੇ ਸਭਨਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।
ਪੁਰਾਣੇ ਗਠਜੋੜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਸਮਝੌਤਾ ਸਿਰਫ਼ ਰਾਜਨੀਤਿਕ ਨਹੀਂ ਸੀ, ਸਗੋਂ ਪੰਜਾਬ ਦੀ 'ਭਾਈਚਾਰਕ ਸਾਂਝ' ਨੂੰ ਬਚਾਉਣ ਲਈ ਸੀ। ਭਾਜਪਾ ਨੇ ਛੋਟੇ ਭਰਾ ਦੀ ਭੂਮਿਕਾ ਨਿਭਾ ਕੇ ਪੰਜਾਬ ਨੂੰ ਕਾਲੇ ਦਿਨਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ।
ਸ਼ਾਹ ਮੁਹੰਮਦ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਇਹ ਸਰਦਾਰੀਆਂ ਲਹੂ ਨਾਲ ਮਿਲੀਆਂ ਹਨ, ਇਨ੍ਹਾਂ ਨੂੰ ਰੋਲਿਆ ਨਹੀਂ ਜਾ ਸਕਦਾ। ਉਨ੍ਹਾਂ ਮਾਨ 'ਤੇ ਤੰਜ ਕਸਦਿਆਂ ਕਿਹਾ ਕਿ ਕੇਜਰੀਵਾਲ ਦੀ ਸੰਗਤ ਵਿੱਚ ਰਹਿ ਕੇ ਉਨ੍ਹਾਂ ਆਪਣਾ ਰੰਗ ਬਦਲ ਲਿਆ ਹੈ।
ਉਨ੍ਹਾਂ ਕਾਂਗਰਸੀ ਲੀਡਰਾਂ 'ਤੇ ਚੋਟ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਕਾਂਗਰਸ ਵਿੱਚ ਕੋਈ ਮੁੱਖ ਮੰਤਰੀ ਦਾ ਚਿਹਰਾ ਬਣਨ ਨੂੰ ਤਿਆਰ ਨਹੀਂ ਹੈ ਕਿਉਂਕਿ ਰਾਹੁਲ ਗਾਂਧੀ ਨੇ ਸ਼ਾਇਦ ਕਹਿ ਦਿੱਤਾ ਹੈ ਕਿ ਜੋ ਦਾਅਵੇਦਾਰੀ ਪੇਸ਼ ਕਰੇਗਾ, ਉਸ ਨੂੰ ਬਣਾਇਆ ਨਹੀਂ ਜਾਵੇਗਾ। ਜਾਖੜ ਨੇ ਕਿਹਾ ਕਿ ਉਹ ਜਲਦ ਹੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨਗੇ ਤਾਂ ਜੋ ਪੰਜਾਬ ਵਿੱਚ ਵਧ ਰਹੇ ਨਸ਼ੇ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਜਵਾਬ ਮੰਗਿਆ ਜਾ ਸਕੇ।