ਭਾਰਤ-ਕੈਨੇਡਾ ਸਬੰਧਾਂ 'ਚ ਨਵੀਂ ਸ਼ੁਰੂਆਤ: PM Modi ਅਤੇ ਮਾਰਕ ਕਾਰਨੀ ਵਿਚਕਾਰ ਅੱਜ ਇਤਿਹਾਸਕ ਸਿਖਰ ਸੰਮੇਲਨ
ਨਵੀਂ ਦਿੱਲੀ: 2 ਮਾਰਚ, 2026 : ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਜੰਮੀ 'ਬਰਫ਼' ਹੁਣ ਪਿਘਲਣ ਦੀ ਉਮੀਦ ਹੈ। ਕੈਨੇਡਾ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਸੋਮਵਾਰ ਨੂੰ ਇੱਕ ਅਹਿਮ ਸਿਖਰ ਸੰਮੇਲਨ ਵਿੱਚ ਮੁਲਾਕਾਤ ਕਰਨਗੇ। ਇਸ ਮੀਟਿੰਗ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਮੁੜ ਲੀਹ 'ਤੇ ਲਿਆਉਣਾ ਅਤੇ ਸਬੰਧਾਂ ਨੂੰ ਪੂਰੀ ਤਰ੍ਹਾਂ ਆਮ ਬਣਾਉਣਾ ਹੈ।
ਕੂਟਨੀਤਕ ਮਾਹਿਰਾਂ ਅਨੁਸਾਰ, ਪਿਛਲੇ ਕੁਝ ਸਾਲਾਂ ਦੇ ਤਣਾਅ ਤੋਂ ਬਾਅਦ ਇਹ ਮੀਟਿੰਗ ਦੋਵਾਂ ਦੇਸ਼ਾਂ ਵਿਚਾਲੇ ਭਰੋਸਾ ਬਹਾਲ ਕਰਨ ਲਈ ਇੱਕ ਵੱਡਾ ਕਦਮ ਸਾਬਤ ਹੋਵੇਗੀ। ਗੱਲਬਾਤ ਦਾ ਮੁੱਖ ਕੇਂਦਰ 2023 ਤੋਂ ਪਹਿਲਾਂ ਰੁਕੀਆਂ ਹੋਈਆਂ ਵਪਾਰਕ ਸੰਧੀਆਂ ਅਤੇ ਆਰਥਿਕ ਪਹਿਲਕਦਮੀਆਂ ਨੂੰ ਮੁੜ ਸ਼ੁਰੂ ਕਰਨਾ ਹੈ।
ਦੋਵੇਂ ਦੇਸ਼ ਊਰਜਾ (ਖਾਸ ਕਰਕੇ ਪ੍ਰਮਾਣੂ ਸਹਿਯੋਗ), ਵਿਗਿਆਨ, ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ 'ਤੇ ਚਰਚਾ ਕਰਨਗੇ। ਦੱਸਣਯੋਗ ਹੈ ਕਿ ਜਨਵਰੀ 2026 ਵਿੱਚ ਗੋਆ ਵਿਖੇ ਹੋਏ 'ਇੰਡੀਆ ਐਨਰਜੀ ਵੀਕ' ਦੌਰਾਨ ਇਸ ਸਬੰਧੀ ਮੁੱਢਲੀ ਗੱਲਬਾਤ ਪਹਿਲਾਂ ਹੀ ਹੋ ਚੁੱਕੀ ਹੈ।
ਮੀਟਿੰਗ ਦੌਰਾਨ ਅੱਤਵਾਦ ਅਤੇ ਕੱਟੜਵਾਦ ਨਾਲ ਜੁੜੀਆਂ ਇੱਕ-ਦੂਜੇ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਸਮਝਣ ਅਤੇ ਇੱਕ ਸਾਂਝੀ ਰਣਨੀਤੀ ਤਿਆਰ ਕਰਨ 'ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਇਸ ਸਿਖਰ ਸੰਮੇਲਨ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਪਾਰਕ ਘਰਾਣਿਆਂ ਅਤੇ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
Click to Follow Babushahi Facebook page →